ਨਾਨਕਸ਼ਾਹੀ ਕੈਲੰਡਰ
ਵਿੱਚ ਪ੍ਰਵਿਸ਼ਟਿਆਂ ਦਾ ਨਿਰਣਾ
ਪਿਛਲੇ ਹਫ਼ਤੇ ਦੋ
ਸੱਜਣਾਂ ਵੱਲੋਂ ਕੈਲੰਡਰ ਸਬੰਧੀ ਸਵਾਲ ਆਏ ਸਨ ਕਿ, “ਕੀ ਨਾਨਕਸ਼ਾਹੀ ਕੈਲੰਡਰ ਵਿੱਚ ਮਿਥੀਆਂ ਗਈਆਂ ਤਾਰੀਖਾਂ ਗਲਤ ਹਨ”? ਦੂਜਾ
ਸਵਾਲ ਸੀ ਕਿ “4 ਜੇਠ 1946
ਨੂੰ ਤਾਰੀਖ ਕਿੰਨੀ ਸੀ”? ਦੋਵਾਂ
ਵੱਲੋਂ ਸਵਾਲ ਦੇ ਨਾਲ ਭੇਜੀ ਗਈ ਜਾਣਕਾਰੀ ਦਾ ਵਸੀਲਾ ਇਕੋ ਹੀ ਸੀ, ਸਵਾਲ
ਭਾਵੇ ਵੱਖ-ਵੱਖ ਸਨ। ਦੋਵਾਂ ਸੱਜਣਾ ਨੂੰ ਸੰਖੇਪ ਜਵਾਬ ਦੇ ਦਿੱਤੇ ਗਏ ਸਨ। ਇਸੇ ਦੌਰਾਨ ਇਕ ਹੋਰ
ਸੱਜਣ ਨੇ ਉਹੀ ਪੋਸਟ ਮੇਰੀ ਜਾਣਕਾਰੀ ਲਈ ਭੇਜਣ ਦੇ ਨਾਲ-ਨਾਲ ਇਕ ਨਵਾਂ ਸਵਾਲ ਵੀ ਭੇਜ ਦਿੱਤਾ।
ਸਵਾਲ ਕਰਨ ਵਾਲੇ
ਸੱਜਣਾਂ ਸਮੇਤ, ਸਾਰੇ ਸੱਜਣਾਂ ਦੀ ਜਾਣਕਾਰੀ ਲਈ ਬੇਨਤੀ ਹੈ ਕਿ ਤੂਹਾਨੂੰ ਯਾਦ ਹੀ
ਹੋਵੇਗਾ ਕਿ ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲੀ ਵਾਰ 1999 ਈ:
ਵਿੱਚ ਨਾਨਕਸ਼ਾਹੀ ਕੈਲੰਡਰ ਛਾਪਿਆ ਗਿਆ ਸੀ। ਜਿਸ ਦੀ ਭੂਮਿਕਾ ਵਿੱਚ ਇਹ ਦਰਜ ਸੀ, “ਨਾਨਕਸ਼ਾਹੀ
ਕੈਲੰਡਰ, ਸਭ ਤੋਂ ਪਹਿਲਾ ਕੋਈ 30 ਤੋਂ ਵੱਧ ਤੋਂ ਵੱਧ ਸੋਮਿਆਂ `ਚੋਂ ਗੁਰਪੁਰਬਾਂ ਦੀਆਂ ਤਿੱਥੀਆਂ, ਪ੍ਰਵਿਸ਼ਟਿਆਂ ਅਤੇ ਅੰਗਰੇਜੀ ਤਾਰੀਖਾਂ ਨੂੰ ਸੰਗ੍ਰਹਿ ਕਰਕੇ ਵਿਚਾਰਿਆ
ਗਿਆ। ਜੋ ਵਧੇਰੇ ਮੰਨਣਯੋਗ ਸਨ, ਉਨ੍ਹਾਂ ਮਿਤੀਆਂ ਦੇ ਪ੍ਰਵਿਸ਼ਟਿਆਂ ਨੂੰ ਮੁੱਖ ਰੱਖਿਆ ਗਿਆ ਹੈ।
(ਭੂਮਿਕਾ ਸੰਮਤ 530 ਨਾਨਕਸ਼ਾਹੀ ਕੈਲੰਡਰ)
ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਵੱਲੋਂ ਦੂਜੀ ਵਾਰ 2003 ਈ: ਵਿੱਚ ਨਾਨਕਸ਼ਾਹੀ ਕੈਲੰਡਰ ਛਾਪਿਆ ਗਿਆ ਸੀ। ਜਿਸ ਦੀ ਭੂਮਿਕਾ ਵਿੱਚ ਕੈਲੰਡਰ ਕਮੇਟੀ ਵੱਲੋਂ ਨਿਰਧਾਰਿਤ ਕੀਤੇ ਗਏ ਪੈਮਾਨਿਆਂ `ਚ ਇਕ, “ਤਿੱਥਾਂ ਨੂੰ ਨਾਨਕਸ਼ਾਹੀ ਕੈਲੰਡਰ ਵਿੱਚ ਬਦਲੀ ਕਰਨ ਲਈ ਅੰਗਰੇਜੀ ਤਾਰੀਖਾਂ ਨੂੰ ਨਹੀਂ ਬਲਕਿ ਪ੍ਰਵਿਸ਼ਟਿਆਂ ਨੂੰ ਮੁੱਖ ਰੱਖਿਆ ਜਾਵੇਗਾ”, ਦਰਜ ਹੈ। (ਭੂਮਿਕਾ ਸੰਮਤ 535 ਨਾਨਕਸ਼ਾਹੀ ਕੈਲੰਡਰ) ਨਾਨਕਸ਼ਾਹੀ ਕੈਲੰਡਰ ਦੀ ਭੂਮਿਕਾ ਵਿੱਚ ਬਹੁਤ ਹੀ ਸਪੱਸ਼ਟ ਸ਼ਬਦਾਂ ਵਿਚ ਇਹ ਲਿਖਿਆ ਹੋਇਆ ਹੈ ਕਿ, ਤਿੱਥਾਂ ਨੂੰ ਨਾਨਕਸ਼ਾਹੀ ਕੈਲੰਡਰ ਵਿੱਚ ਬਦਲੀ ਕਰਨ ਵੇਲੇ ਪ੍ਰਵਿਸ਼ਟਿਆਂ ਨੂੰ ਮੁੱਖ ਰੱਖਿਆ ਜਾਵੇਗਾ।
ਨਾਨਕਸ਼ਾਹੀ ਕੈਲੰਡਰ
ਦੀ ਲੋੜ ਦੇ ਮੁੱਖ ਕਾਰਨਾਂ `ਚ ਇਕ ਕਾਰਨ ਸੀ ਸਾਲ ਦੀ ਲੰਬਾਈ। ਮੌਜੂਦਾ ਬਿਕ੍ਰਮੀ ਕੈਲੰਡਰ ਦੇ ਸਾਲ
ਦੀ ਲੰਬਾਈ 365.2563 ਦਿਨ ਹੈ। ਜਦੋਂ ਕਿ ਧਰਤੀ ਸੂਰਜ ਦੁਵਾਲੇ ਇਕ ਚੱਕਰ 365.2422 ਦਿਨਾਂ
`ਚ ਪੂਰਾ ਕਰ ਲੈਂਦੀ ਹੈ। ਬਿਕ੍ਰਮੀ ਕੈਲੰਡਰ ਦੇ ਸਾਲ ਦੀ ਲੰਬਾਈ ਅਤੇ
ਧਰਤੀ ਦੇ ਸੂਰਜ ਦੁਵਾਲੇ ਇਕ ਚੱਕਰ ਵਿੱਚ ਲੱਗ-ਭੱਗ 20 ਮਿੰਟ ਦਾ ਫ਼ਰਕ ਹੈ। 1964
ਈ: ਦੀ ਸੋਧ ਤੋਂ ਪਹਿਲਾ ਇਹ ਫ਼ਰਕ 24 ਮਿੰਟ
ਸੀ। ਇਸ ਫ਼ਰਕ ਕਾਰਨ 1964 ਈ: ਤੋਂ ਪਹਿਲਾ 60 ਸਾਲ ਪਿਛੋਂ ਅਤੇ 1964
ਈ: ਵਾਲੀ ਸੋਧ ਤੋਂ ਪਿਛੋਂ 72 ਸਾਲ
ਪਿਛੋਂ, ਇਕ ਦਿਨ ਦਾ ਫ਼ਰਕ ਪੈ ਜਾਂਦਾ ਹੈ। ਗੁਰੂ ਨਾਨਕ ਜੀ ਦੇ ਸਮੇਂ ਤੋਂ ਹੁਣ ਤਾਂਈ
9 ਦਿਨਾਂ ਦਾ ਫ਼ਰਕ ਪੈ ਚੁੱਕਾ ਹੈ। ਇਸ ਲਈ ਕੈਲੰਡਰ ਦੇ ਸਾਲ ਦੀ ਲੰਬਾਈ
ਵਿੱਚ ਸੋਧ ਕਰਨੀ ਜਰੂਰੀ ਸੀ। ਇਹ ਉਹੀ ਸਮੱਸਿਆ ਹੈ ਜਿਹੜੀ ਜੂਲੀਅਨ ਕੈਲੰਡਰ ਵਿੱਚ ਆਈ ਸੀ। ਜਿਸ ਦਾ
ਹਲ 1582 ਈ: ਵਿੱਚ, ਜੂਲੀਅਨ ਕੈਲੰਡਰ ਦੇ ਸਾਲ ਦੀ ਲੰਬਾਈ ਨੂੰ ਸੋਧ ਕੇ ਕਰ ਲਿਆ ਗਿਆ ਸੀ।
ਦੂਜਾ ਮੁੱਖ ਕਾਰਨ ਸੀ
ਚੰਦ ਦਾ ਕੈਲੰਡਰ। ਬਿਕ੍ਰਮੀ ਕੈਲੰਡਰ ਵਿੱਚ ਚੰਦ ਅਤੇ ਸੂਰਜੀ ਦਾ ਕੈਲੰਡਰ ਇਕੱਠੇ ਚਲਦੇ ਹਨ। ਚੰਦ
ਦੇ ਸਾਲ ਦੀ ਲੰਬਾਈ 354.37 ਦਿਨ ਮੰਨੀ ਗਈ ਹੈ। ਮੋਟੇ ਤੌਰ ਤੇ ਇਹ ਸੂਰਜੀ ਸਾਲ ਤੋਂ 11 ਦਿਨ
ਛੋਟਾ ਹੁੰਦਾ ਹੈ। ਇਸ ਨੂੰ ਸੂਰਜੀ ਸਾਲ ਦੇ ਨੇੜੇ-ਤੇੜੇ ਰੱਖਣ ਲਈ ਹਰ ਤੀਜੇ-ਚੌਥੇ ਸਾਲ, ਇਸ
ਵਿੱਚ ਇਕ ਵਾਧੂ ਮਹੀਨਾ ਜੋੜ ਦਿੱਤਾ ਜਾਂਦਾ ਹੈ। ਉਸ ਸਾਲ ਚੰਦ ਦੇ ਸਾਲ ਦੇ 384 ਦਿਨ
ਹੋ ਜਾਂਦੇ ਹਨ, ਜੋ ਸੂਰਜੀ ਸਾਲ ਤੋਂ 19 ਦਿਨ ਵੱਧ ਹਨ। ਅਜੇਹਾ 19 ਸਾਲਾਂ ਵਿੱਚ 7 ਵਾਰ ਕੀਤਾ ਜਾਂਦਾ ਹੈ। ਇਸ ਸਾਲ ( ਸੰਮਤ 2080 ਬਿਕ੍ਰਮੀ)
ਚੰਦ ਦੇ ਸਾਲ ਦੇ 13 ਮਹੀਨੇ ਹਨ। ਸਾਵਣ ਦਾ ਮਹੀਨਾ ਦੋ ਵਾਰੀ ਆਵੇਗਾ। ਵਦੀ-ਸੁਦੀ ਮੁਤਾਬਕ
ਮਨਾਏ ਜਾਂਦੇ ਦਿਹਾੜੇ ਜਾਂ ਤਾਂ ਪਿਛਲੇ ਸਾਲ ਤੋਂ 11 ਦਿਨ ਪਹਿਲਾ ਆਉਂਦੇ ਹਨ ਜਾਂ 18-19
ਦਿਨ ਪਛੜ ਕੇ ਆਉਂਦੇ ਹਨ। ਇਸ ਕਾਰਨ ਨਾਨਕਸ਼ਾਹੀ
ਕੈਲੰਡਰ ਵਿੱਚ ਵਦੀ-ਸੁਦੀ ਨੂੰ ਤਿਆਗ ਕੇ, ਉਸ ਦਿਨ ਦਾ ਪ੍ਰਵਿਸ਼ਟਾ ਮੁੱਖ ਰੱਖਿਆ ਗਿਆ ਹੈ।
ਇਨ੍ਹਾਂ ਫੋਟੂਆਂ
ਵਿੱਚ ਦਰਜ ਤਾਰੀਖਾਂ ਨੂੰ ਵੇਖੋ। ਪਹਿਲੀ ਫ਼ੋਟੋ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੀ ਤਾਰੀਖ
ਮੱਘਰ ਸੁਦੀ 5 ਸੰਮਤ 1732
ਬਿਕ੍ਰਮੀ (੧੭੩੩ ਦਾ ੧੭੩੨ ਬਣਾਇਆ ਗਿਆ ਹੈ)
ਅਤੇ ਦੂਜੀ ਫ਼ੋਟੋ ਵਿਚ 4 ਜੇਠ 1946
ਦਰਜ ਹੈ। ਇਸ ਤੋਂ ਸਪੱਸ਼ਟ ਹੋ ਗਿਆ ਹੈ ਕਿ
ਤਾਰੀਖਾਂ ਦੋਵੇਂ ਤਰ੍ਹਾਂ ਹੀ ਭਾਵ ਤਿੱਥੀਆਂ ਅਤੇ ਪ੍ਰਵਿਸ਼ਟਿਆਂ ਵਿੱਚ ਲਿਖੀਆਂ ਜਾਂਦੀਆਂ ਸਨ। ਹੁਣ
ਜੇ ਇਨ੍ਹਾਂ ਦੋਵਾਂ ਤਾਰੀਖਾਂ ਨੂੰ ਇਕੋ ਤਰ੍ਹਾਂ ਲਿਖਣਾ ਹੋਵੇ ਤਾਂ, ਮੱਘਰ
ਸੁਦੀ 5 ਸੰਮਤ 1732
ਬਿਕ੍ਰਮੀ ਅਤੇ ਵੈਸਾਖ ਸੁਦੀ 15 ਸੰਮਤ
1946 ਬਿਕ੍ਰਮੀ ਲਿਖਿਆ ਜਾਵੇਗਾ। ਜੇ ਦੋਵਾਂ ਤਾਰੀਖਾਂ ਨੂੰ ਪ੍ਰਵਿਸ਼ਟਿਆਂ
ਵਿੱਚ ਲਿਖਣਾ ਹੋਵੇ ਤਾਂ 11 ਮੱਘਰ ਸੰਮਤ 1732
ਬਿਕ੍ਰਮੀ ਅਤੇ 4 ਜੇਠ
ਸੰਮਤ 1946 ਬਿਕ੍ਰਮੀ ਲਿਖਿਆਂ ਜਾਵੇਗਾ। ਹੁਣ ਜੇ ਕੋਈ ਇਹ ਆਖੇ ਕਿ ਤਾਰੀਖਾਂ ਬਦਲ ਦਿੱਤੀਆਂ
ਗਈਆਂ ਹਨ, ਜਾਂ ਤਾਂ ਉਹ ਕੈਲੰਡਰ ਸਬੰਧੀ ਮੁੱਢਲੀ ਜਾਣਕਾਰੀ ਤੋਂ ਕੋਰਾ ਹੋਵੇਗਾ
ਜਾਂ ਅੱਤ ਦਾ ਬੇਈਮਾਨ।
ਨਾਨਕਸ਼ਾਹੀ ਕੈਲੰਡਰ ਸੂਰਜੀ ਕੈਲੰਡਰ ਹੈ। ਇਸ ਦੇ ਸਾਲ ਦੀ ਲੰਬਾਈ 365.2425 ਦਿਨ ਹੈ। ਜਿਹੜੀਆਂ ਇਤਿਹਾਸਿਕ ਤਾਰੀਖਾਂ ਪ੍ਰਵਿਸ਼ਟਿਆਂ ਵਿੱਚ ਦਰਜ ਸਨ, ਉਨ੍ਹਾਂ ਤਾਰੀਖਾਂ ਨੂੰ ਉਸੇ ਤਰ੍ਹਾਂ ਹੀ ਦਰਜ ਕੀਤਾ ਗਿਆ ਹੈ। ਜਿਵੇ ਖਾਲਸਾ ਪ੍ਰਗਟ ਦਿਹਾੜਾ ਇੱਕ ਵੈਸਾਖ, ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ 8 ਪੋਹ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ 13 ਪੋਹ ਆਦਿ। ਜਿਹੜੀਆਂ ਤਾਰੀਖਾਂ ਤਿੱਥੀਆਂ ਵਿੱਚ ਦਰਜ ਸਨ, ਉਨ੍ਹਾਂ ਨੂੰ ਉਸ ਦਿਨ ਦੇ ਪ੍ਰਵਿਸ਼ਟੇ ਵਿੱਚ ਹੀ ਦਰਜ ਕੀਤਾ ਗਿਆ ਹੈ। ਜਿਵੇ ਗੁਰੂ ਤੇਗ ਬਹਾਦਰ ਜੀ ਦੀ ਤਾਰੀਖ 11 ਮੱਘਰ, ਮੱਘਰ ਸੁਦੀ 5 ਸੰਮਤ 1732 ਬਿਕ੍ਰਮੀ ਸੀ। ਇਸ ਲਈ ਨਾਨਕਸ਼ਾਹੀ ਕੈਲੰਡਰ ਵਿੱਚ ਇਹ 11 ਮੱਘਰ ਦਰਜ ਕੀਤੀ ਗਈ। ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ 23 ਪੋਹ, ਪੋਹ ਸੁਦੀ 7, ਸੰਮਤ 1723 ਬਿਕ੍ਰਮੀ ਨੂੰ ਹੋਇਆ ਸੀ। ਇਹ 23 ਪੋਹ ਹੀ ਦਰਜ ਕੀਤੀ ਗਈ ਹੈ। ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਦੀ 2 ਹਾੜ , ਜੇਠ ਸੁਦੀ 4 ਸੰਮਤ 1663 ਬਿਕ੍ਰਮੀ ਨੂੰ ਹੋਈ ਸੀ। । ਨਾਨਕਸ਼ਾਹੀ ਕੈਲੰਡਰ ਵਿੱਚ 2 ਹਾੜ ਹੀ ਦਰਜ ਹੈ। ਇਸ ਤਰ੍ਹਾਂ ਹੀ ਬਾਕੀ ਸਾਰੇ ਪ੍ਰਵਿਸ਼ਟਿਆਂ ਦਾ ਨਿਰਨਾ ਕੀਤਾ ਗਿਆ ਹੈ।