ਡਾ: ਦਿਲਗੀਰ ਦੀ
ਇਤਿਹਾਸਕਾਰੀ 1
ਸਰਵਜੀਤ ਸਿੰਘ ਸੈਕਰਾਮੈਂਟੋ
ਪਿਛਲੇ ਹਫ਼ਤੇ ਮੇਰੇ ਵੱਲੋਂ ਡਾ ਰੂਪ ਸਿੰਘ ਜੀ ਦੇ ਲੇਖ “ਹਰਿਕਿਸਨ ਭਯੋ ਅਸਟਮ ਬਲਬੀਰਾ” ਦੇ ਹਵਾਲੇ ਨਾਲ ਸੁਹਿਰਦ ਸੱਜਣਾਂ ਅਤੇ ਵਿਦਵਾਨਾਂ ਨੂੰ ਗੁਰੂ ਹਰਿਕ੍ਰਿਸ਼ਨ ਜੀ ਦੀ ਜਨਮ ਤਾਰੀਖ ਬਾਰੇ ਕੀਤੀ ਗਈ ਬੇਨਤੀ, “ਸਿੱਖ ਇਤਿਹਾਸ ਰੀਸਰਚ ਬੋਰਡ, ਯੂਨੀਵਰਿਸਟੀਆਂ ਦੇ ਵਿਦਵਾਨ, ਅੰਤਰਰਾਸ਼ਟਰੀ ਪ੍ਰਚਾਰਕ ਅਤੇ ਪੰਥ ਦਰਦੀਓ, ਤਾਰੀਖਾਂ ਸਬੰਧੀ ਅਜੇਹੀਆਂ ਸਮੱਸਿਆਂ ਵੱਲ ਵੇਖ ਕੇ, ਅੱਖਾਂ ਬੰਦ ਕਰਨ ਦੀ ਨੀਤੀ ਨਾਲ ਕਿੰਨਾ ਕੁ ਹੋਰ ਸਮਾਂ ਲਘਾਉਣਾ ਚਾਹੁੰਦੇ ਹੋ? ਇੱਕ ਨਾ ਇੱਕ ਦਿਨ ਤਾਂ ਸਚਾਈ ਦਾ ਸਾਹਮਣਾ ਕਰਨਾ ਹੀ ਪੈਣਾ ਹੈ”, ਪੜ੍ਹ ਕੇ ਇਕ ਸੱਜਣ ਨੇ “ਜੁਝਾਰ ਟਾਈਮਜ਼” ਵਿੱਚ ਛਪੇ ਅੱਜ ਦੇ ਇਤਿਹਾਸ ਦੇ ਹਵਾਲੇ ਨਾਲ ਗੁਰੂ ਹਰਿਕ੍ਰਿਸ਼ਨ ਜੀ ਦੇ ਜਨਮ ਦੀ ਤਾਰੀਖ (20 ਜੁਲਾਈ 1652 ਈ:) ਬਾਰੇ ਸਵਾਲ ਕੀਤਾ ਕਿ ਇਸ ਤਾਰੀਖ ਬਾਰੇ ਤੁਹਾਡਾ ਕੀ ਵਿਚਾਰ ਹੈ? ਉਸ ਸੱਜਣ ਵੱਲੋਂ ਸਵਾਲ ਨਾਲ ਭੇਜੀ ਗਈ ਅਖ਼ਬਾਰ ਦੀ ਫ਼ੋਟੋ ਵੇਖ ਕੇ ਮੇਰਾ ਧਿਆਨ ਡਾ ਦਿਲਗੀਰ ਵੱਲ ਗਿਆ ਕਿ ਇਹ ਲਿਖਤ ਉਨ੍ਹਾਂ ਦੀ ਹੋ ਸਕਦੀ ਹੈ। ਜਦੋਂ ਮੈਂ ਡਾ ਦਿਲਗੀਰ ਦੀ ਕਿਤਾਬ, “ਸਿੱਖ ਤਵਾਰੀਖ਼’ ਵੇਖੀ ਤਾਂ ਮੈਨੂੰ ਯਕੀਨ ਹੋ ਗਿਆ ਕਿ “ਅੱਜ ਦਾ ਇਤਿਹਾਸ” ਡਾ ਦਿਲਗੀਰ ਦੇ ਹਵਾਲੇ ਨਾਲ ਹੀ ਛੱਪਦਾ ਹੈ। ਅਖ਼ਬਾਰ ਵਿੱਚ ਛਪੀ ਇਹ ਲਿਖਤ ਡਾ ਦਿਲਗੀਰ ਦੀ ਕਿਤਾਬ “ਸਿੱਖ ਤਵਾਰੀਖ਼” ਵਿੱਚ ਪੜ੍ਹੀ ਜਾ ਸਕਦੀ ਹੈ। ਡਾ ਦਿਲਗੀਰ ਜੀ ਲਿਖਦੇ ਹਨ, “ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਜਨਮ 20 ਜੁਲਾਈ 1652 ਈ: ਦੇ ਦਿਨ ਕੀਰਤਪੁਰ ਸਾਹਿਬ ਵਿੱਚ ਮਾਤਾ ਸੁਲੱਖਣੀ ਦੇ ਘਰ ਹੋਇਆ ਸੀ।... ਅਜਿਹਾ ਜਾਪਦਾ ਹੈ ਕਿ ਆਪ ਨੂੰ ‘ਬੜੀ ਹੀ ਨਿੱਕੀ ਉਮਰ ਵਿੱਚ ਮਹਾਨ ਹਸਤੀ ਸਾਬਿਤ ਕਰਨ ਵਾਸਤੇ ਅਸਲ ਉਮਰ ਤੋਂ ਵੀ ਛੋਟਾ ਲਿਖਿਆ ਗਿਆ ਹੋਵੇਗਾ”। (ਪੰਨਾ 249)
ਡਾ ਦਿਲਗੀਰ ਜੀ, ਅੱਖੀਂ ਵੇਖਿਆ ਤਾਂ ਲਿਖ ਨਹੀਂ ਰਹੇ। ਇਹ ਤਾਰੀਖ
ਕਿਥੋਂ ਲਈ ਹੈ, ਇਸ ਦੀ ਜਾਣਕਾਰੀ ਉਨ੍ਹਾਂ ਦੀ ਕਿਤਾਬ `ਚ ਨਹੀਂ ਮਿਲਦੀ। ਇਨ੍ਹਾਂ ਦੀ ਲਿਖਤ,
“ਅਜਿਹਾ ਜਾਪਦਾ ਹੈ ਕਿ ਆਪ ਨੂੰ ਬੜੀ ਹੀ ਨਿੱਕੀ ਉਮਰ ਵਿੱਚ ਮਹਾਨ ਹਸਤੀ ਸਾਬਿਤ ਕਰਨ ਵਾਸਤੇ ਅਸਲ
ਉਮਰ ਤੋਂ ਵੀ ਛੋਟਾ ਲਿਖਿਆ ਗਿਆ ਹੋਵੇਗਾ”, ਪੜ੍ਹ ਕੇ ਜਾਪਦਾ ਹੈ ਕਿ ਡਾ ਦਿਲਗੀਰ ਨੇ ਇਹ ਤਾਰੀਖ
ਅੰਦਾਜ਼ੇ ਨਾਲ ਹੀ ਲਿਖ ਦਿੱਤੀ ਹੈ ਤਾਂ ਜੋ ਗੁਰੂ ਜੀ ਦੇ
ਗੁਰਗੱਦੀ ਤੇ ਬੈਠਣ ਦੇ ਸਮੇਂ (6 ਕੱਤਕ ਸੰਮਤ 1718 ਬਿ:), ਗੁਰੂ ਜੀ ਦੀ ਉਮਰ ਨੂੰ ਕੁਝ
ਸਾਲ ਵੱਧ ਵਿਖਾਇਆ ਜਾ ਸਕੇ। ਡਾ ਦਿਲਗੀਰ ਵੱਲੋਂ ਲਿਖੀ ਗਈ ਤਾਰੀਖ 20 ਜੁਲਾਈ 1652 ਈ:, ਜੂਲੀਅਨ ਕੈਲੰਡਰ
ਦੀ ਤਾਰੀਖ ਹੈ। ਜੂਲੀਅਨ ਕੈਲੰਡਰ ਕਦੇ ਆਪਣੇ ਦੇਸ਼ ਵਿੱਚ ਲਾਗੂ ਨਹੀਂ ਹੋਇਆ। ਆਪਣੇ ਖਿਤੇ ਵਿੱਚ
ਲਾਗੂ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ (ਸੂਰਜੀ ਸਿਧਾਂਤ) ਮੁਤਾਬਕ ਇਹ ਤਾਰੀਖ਼ 21 ਸਾਵਣ, ਸਾਵਣ
ਵਦੀ 10 ਸੰਮਤ 1709 ਬਿਕ੍ਰਮੀ ਦਿਨ ਵੀਰਵਾਰ ਬਣਦੀ ਹੈ।
ਵੱਖ-ਵੱਖ ਲਿਖਤਾਂ ਤੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਜਨਮ ਤਾਰੀਖ ਬਾਰੇ
ਹੇਠ ਲਿਖੀ ਜਾਣਕਾਰੀ ਮਿਲਦੀ ਹੈ।
ਸੰਮਤ ਸਤਾਰਾਂ ਸੈ ਯਾਰਾਂ ਥੇ ਗਏ । ਗੁਰੂ ਹਰਿਕ੍ਰਿਸ਼ਨ ਜੀ ਜਨਮ ਤਬ ਥੇ
ਲਏ।
ਸਾਵਣ ਦਿਨ ਨਉਂ ਜਬ ਥੇ ਬੀਤੇ। ਚਾਨਣੇ ਪੱਖ ਸਭ ਨਛਤ੍ਰ ਨਿਸ ਅਢਾਈ ਜਾਮ
ਬੀਤੇ।੧।
(ਬੰਸਾਵਲੀਨਾਮਾ, ਸੰਪਾਦਕ ਪਿਆਰਾ ਸਿੰਘ ਪਦਮ ਪੰਨਾ 105)
ਇਸ ਦਾ ਭਾਵ ਹੈ ਗੁਰੂ ਜੀ ਦਾ ਜਨਮ ਸਾਵਣ ਸੁਦੀ 9, ਸੰਮਤ 1711
ਬਿਕ੍ਰਮੀ, (12 ਜੁਲਾਈ 1654 ਈ: ਜੂਲੀਅਨ) ਦਿਨ ਬੁੱਧਵਾਰ ਨੂੰ ਹੋਇਆ ਸੀ। ਪਰ ਗੁਰ ਪ੍ਰਣਾਲੀਆਂ ਸਮੇਤ
ਸਾਰੇ ਲੇਖਕਾਂ ਨੇ ਸੰਮਤ 1713 ਬਿਕ੍ਰਮੀ ਲਿਖੀ
ਹੈ। ਹਾਂ, ਤਾਰੀਖ ਬਾਰੇ ਇਕ ਦਿਨ ਦਾ ਫਰਕ ਜਰੂਰ ਹੈ। ਸਾਵਣ ਵਦੀ 9 ਜਾਂ ਸਾਵਣ ਵਦੀ 10 ਅਤੇ 8
ਸਾਵਣ ਜਾਂ 9 ਸਾਵਣ ਮਿਲਦੀਆਂ ਹਨ, ਪਰ ਅੰਗਰੇਜੀ ਤਾਰੀਖ 7 ਜੁਲਾਈ 1656 ਈ: (ਜੂਲੀਅਨ) ਹੀ ਹੈ। ਗੁਰਬਾਣੀ ਪਾਠ ਦਰਪਣ ਵਿੱਚ ਇਹ “1713 ਬਿ: ਸਾਵਣ ਵਦੀ
ਨੌਵੀਂ, ਦਿਨ ਵੀਰਵਾਰ 14 ਜੁਲਾਈ ਦਰਜ ਹੈ। (ਇਥੇ ਦਿਨ ਅਤੇ ਤਾਰੀਖ ਸਹੀ ਨਹੀਂ ਹੈ) ਇਸ ਉੱਪਲਭਦ
ਜਾਣਕਾਰੀ ਦੀ ਪੜਤਾਲ ਉਪ੍ਰੰਤ ਇਹ 8 ਸਾਵਣ, ਸਾਵਣ ਵਦੀ 10, ਸੰਮਤ 1713 ਬਿਕ੍ਰਮੀ, ਦਿਨ ਸੋਮਵਾਰ
ਮੁਤਾਬਕ 7 ਜੁਲਾਈ 1656 ਈ: ਜੂਲੀਅਨ ਬਣਦੀ ਹੈ। ਸ਼੍ਰੋਮਣੀ ਕਮੇਟੀ ਦੀ ਵੈਬ ਸਾਈਟ ਉੱਪਰ ਵੀ ਇਹ ਹੀ
ਦਰਜ ਹੈ,
“Sri Guru Har Krishan Ji was born on Sawan Vadi 10, (8 Sawan), Bikrami
Samvat 1713, (July 7, 1656) at Kiratpur Sahib”। (sgpc.net)
“He was born at kiratpur on 9th Sawan S. 1713 (1656A.D). (Dr
Khazan Singh, History and philosophy- Page 146)
“ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦਾ ਜਨਮ ਕੀਰਤਪੁਰ ਸਾਹਿਬ ਵਿੱਚ ਹੋਇਆ
ਸੀ। ਸੋਮਵਾਰ ਦਾ ਦਿਨ ਸੀ, 8 ਸਾਵਣ ਸੰਮਤ 1713, ਚੰਦ੍ਰਮਾ ਦੇ ਹਿਸਾਬ ਨਾਲ ਸਾਵਣ ਵਦੀ 10 ਸੀ,
ਈਸਵੀ ਸੰਨ 1656 ਤੇ ਜੁਲਾਈ ਦੀ 7 ਤਰੀਕ ਸੀ”। (ਪ੍ਰੋ: ਸਾਹਿਬ ਸਿੰਘ, ਗੁਰ ਇਤਿਹਾਸ ਪਾਤਸ਼ਾਹੀ 2
ਤੋਂ 9, ਪੰਨਾ 288)
“ਗੁਰੂ ਹਰਿ ਰਾਇ ਸਾਹਿਬ ਦੇ ਘਰ ਤੇ ਮਾਤਾ ਕਿਸ਼ਨ ਕੌਰ ਜੀ ਦੀ ਕੁੱਖੋਂ
ਗੁਰੂ ਹਰਿ ਕ੍ਰਿਸ਼ਨ ਸਾਹਿਬ ਕ੍ਰਿਤਕਾ ਨਛਤ੍ਰ, ਗੰਡ
ਯੋਗ ਵਿੱਚ ਸੋਮਵਾਰ, ਸਾਵਣ ਵਦੀ 10, ਮਿਤੀ ਸਾਵਣ 8, ਸੰਮਤ 1713 ਬਿ: (7 ਜੁਲਾਈ, 1656ਈ:) ਨੂੰ
ਕੀਰਤਪੁਰ ਵਿੱਚ ਪ੍ਰਗਟ ਹੋਏ”। (ਸੋਹਣ ਸਿੰਘ ਸੀਤਲ, ਗੁਰ ਇਤਿਹਾਸ, ਪੰਨਾ 169)
ਇਸ
ਤਾਰੀਖ ਨਾਲ ਡਾ ਸੁਖਦਿਆਲ ਸਿੰਘ (ਪੰਜਾਬ ਦਾ ਇਤਿਹਾਸ, ਪੰਨਾ 150), ਡਾ ਤ੍ਰਲੋਚਨ ਸਿੰਘ (Life of Guru Hari Krishan, Page 7) ਪ੍ਰਿੰਸੀਪਲ ਸਤਬੀਰ ਸਿੰਘ (ਅਸ਼ਟਮ ਬਲਬੀਰਾ, ਪੰਨਾ 38), ਪ੍ਰੋ: ਕਰਤਾਰ ਸਿੰਘ (ਸਿੱਖ
ਇਤਿਹਾਸ ਭਾਗ 1, ਪੰਨਾ291), ਠਾਕਰ ਦੇਸ ਰਾਜ (ਸਿੱਖ ਇਤਿਹਾਸ- (ਹਿੰਦੀ), ਪੰਨਾ 157), ਪ੍ਰਿੰਸੀਪਲ ਹਰਭਜਨ ਸਿੰਘ (ਦਸ ਗੁਰ ਰਤਨਾਵਲੀ, ਪੰਨਾ 159) ਵੀ ਸਹਿਮਤ
ਹਨ। ਨਾਨਕਸ਼ਾਹੀ ਕੈਲੰਡਰ ਵਿੱਚ ਵਦੀ-ਸੁਦੀ ਵਿੱਚ ਦਰਜ ਤਾਰੀਖਾਂ ਨੂੰ ਬਦਲੀ ਕਰਨ ਵੇਲੇ ਅੰਗਰੇਜੀ
ਤਾਰੀਖਾਂ ਨੂੰ ਨਹੀਂ, ਪ੍ਰਵਿਸ਼ਟਿਆਂ ਨੂੰ ਮੁੱਖ ਰੱਖਿਆ ਹੈ। ਜਿਸ ਮੁਤਾਬਕ 8 ਸਾਵਣ ਦਰਜ ਹੀ ਹੈ।
ਹੁਣ ਡਾ ਦਿਲਗੀਰ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਆਪਣੀ ਤਾਰੀਖ, 20
ਜੁਲਾਈ 1652 ਈ: (ਜੂਲੀਅਨ) ਮੁਤਾਬਕ 21 ਸਾਵਣ, ਸੰਮਤ 1709 ਬਿਕ੍ਰਮੀ ਨੂੰ ਸਹੀ ਸਾਬਿਤ ਕਰਨ।... (ਚਲਦਾ)