Wednesday, August 2, 2023

ਡਾ. ਦਿਲਗੀਰ ਦੀ ਇਤਿਹਾਸਕਾਰੀ-2

 


ਡਾ
. ਦਿਲਗੀਰ ਦੀ ਇਤਿਹਾਸਕਾਰੀ-2 

ਸਰਵਜੀਤ ਸਿੰਘ ਸੈਕਰਾਮੈਂਟੋ

ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੇ ਗਏ ਇਸ ਸਾਲ (555 ਨ: ਸ:) ਦੇ ਕੈਲੰਡਰ ਵਿੱਚ, ‘ਸਿਰਜਣਾ ਦਿਵਸ ਅਕਾਲ ਤਖਤ ਸਾਹਿਬ’ 25 ਜੇਠ (8 ਜੂਨ) ਦਾ ਦਰਜ ਹੈ। ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਮੁਤਾਬਕ ਇਸ ਦਿਨ ਹਾੜ ਵਦੀ 5 ਸੀ। ਸ਼੍ਰੋਮਣੀ ਕਮੇਟੀ ਵੱਲੋਂ ਇਹ ਦਿਹਾੜਾ ਮਨਾਇਆ ਤਾਂ ਚੰਦ ਦੇ ਕੈਲੰਡਰ ਦੇ ਮੁਤਾਬਕ ਹਾੜ ਵਦੀ 5 ਨੂੰ ਗਿਆ ਹੈ, ਪਰ ਦਰਜ ਪ੍ਰਵਿਸ਼ਟਿਆਂ (25 ਜੇਠ) ਵਿੱਚ ਕੀਤਾ ਹੈ। ਅਗਲੇ ਸਾਲ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਵਿੱਚ ਇਹ ਦਿਹਾੜਾ ਹਾੜ ਵਦੀ 5 ਮੁਤਾਬਕ 12 ਹਾੜ (26 ਜੂਨ) ਦਾ ਦਰਜ ਹੋਵੇਗਾ। ਹੁਣ ਇਹ ਦਿਹਾੜਾ 383 ਦਿਨਾਂ ਪਿਛੋਂ ਆਵੇਗਾ ਜਦੋਂ ਕਿ ਸਾਲ ਵਿੱਚ 365 ਦਿਨ ਹੁੰਦੇ ਹਨ।

ਗੁਰ ਬਿਲਾਸ ਪਾਤਸ਼ਾਹੀ ਛੇਵੀਂ ਵਿੱਚ ਇਹ ਤਾਰੀਖ ਇਸ ਤਰ੍ਹਾਂ ਦਰਜ ਹੈ;

ਹਾੜ ਪੰਚ ਪੰਚਵੀ ਜਾਨੁ, ਸ੍ਰੀ ਗੁਰ ਉੱਦਮ ਕੀਨ ਮਹਾਨ। (ਵੇਦਾਂਤੀ ਵਾਲੀ, ਪੰਨਾ 210)

ਇਥੇ ਸਿਰਫ “ਹਾੜ ਪੰਚਵੀ” ਦਰਜ ਹੈ। ਪਰ ‘ਹਾੜ ਪੰਚਵੀ’ ਕਿਹੜੀ, ਭਾਵ ਵਦੀ ਜਾਂ ਸੁਦੀ? ਇਹ ਵੇਰਵਾ ਨਹੀਂ ਹੈ। ਡਾ ਦਿਲਗੀਰ ਇਸ ਨੂੰ ਹਾੜ ਸੁਦੀ 5 ਮੰਨਦਾ ਹੈ।

ਡਾ ਦਿਲਗੀਰ ਜੀ ਲਿਖਦੇ ਹਨ, “ਗੁਰਬਿਲਾਸ ਪਾਤਸ਼ਾਹੀ ਛੇਵੀਂ ਦੇ ਲੇਖਕ ਮੁਤਾਬਿਕ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਅਕਾਲ ਤਖਤ ਸਾਹਿਬ ਨੂੰ ਹਾੜ ਸੁਦੀ ਪੰਜ, 1663 ਬਿਕ੍ਰਮੀ, ਵੀਰਵਾਰ ਦੇ ਦਿਨ ਪ੍ਰਗਟ ਕੀਤਾ ਸੀ। ਬਿਕ੍ਰਮੀ ਦੀ ਇਹ ਤਾਰੀਖ ਕੌਮਾਂਤਰੀ (ਗਰੈਗੋਰੀਅਨ) ਕੈਲੰਡਰ ਮੁਤਾਬਿਕ 15 ਜੂਨ 1606 ਬਣਦੀ ਹੈ। ਪਰ ਇਹ ਤਾਰੀਖ ਸਹੀ ਨਹੀਂ ਜਾਪਦੀ, ਕਿਉਂਕਿ ਹਾੜ ਸੁਦੀ 5 ਸੰਮਤ 1663 ਦੇ ਦਿਨ ਐਤਵਾਰ ਸੀ ਵੀਰਵਾਰ ਨਹੀ”। (ਅਕਾਲ ਤਖਤ ਸਾਹਿਬ, ਫ਼ਲਸਫ਼ਾ ਅਤੇ ਤਵਾਰੀਖ਼, ਚੌਥੀ ਐਡੀਸ਼ਨ, ਪੰਨਾ 20)

ਡਾ ਦਿਲਗੀਰ ਦਾ ਇਹ ਲਿਖਣਾ ਕਿ, “ਕਿਉਂਕਿ ਹਾੜ ਸੁਦੀ 5 ਸੰਮਤ 1663 ਦੇ ਦਿਨ ਐਤਵਾਰ ਸੀ ਵੀਰਵਾਰ ਨਹੀ”, ਸਹੀ ਨਹੀਂ ਹੈ। ਹਾੜ ਸੁਦੀ 5 ਸੰਮਤ 1663 ਨੂੰ ਦਿਨ ਸੋਮਵਾਰ ਸੀ। “ਬਿਕ੍ਰਮੀ ਦੀ ਤਾਰੀਖ ਕੌਮਾਂਤਰੀ (ਗਰੈਗੋਰੀਅਨ) ਕੈਲੰਡਰ ਮੁਤਾਬਿਕ 15 ਜੂਨ 1606 ਬਣਦੀ ਹੈ” ਮੁੱਢੋਂ ਹੀ ਗਲਤ ਹੈ। ਜੇ ਹਾੜ ਸੁਦੀ 5 ਸੰਮਤ 1663 ਬਿ: ਨੂੰ, ਗਰੈਗੋਰੀਅਨ ਕੈਲੰਡਰ ਵਿੱਚ ਬਦਲੀ ਕਰੀਏ ਤਾਂ ਇਹ 10 ਜੁਲਾਈ 1606 ਈ: (ਸੋਮਵਾਰ) ਬਣਦੀ ਹੈ।

ਅੰਗਰੇਜੀ ਕੈਲੰਡਰ, ਆਪਣੇ ਦੇਸ਼ ਵਿੱਚ ਅੰਗਰੇਜਾਂ ਨਾਲ ਹੀ ਆਇਆ ਸੀ। ਇੰਗਲੈਂਡ ਨੇ ਜੂਲੀਅਨ ਕੈਲੰਡਰ ਦੀ ਸੋਧ (4 ਅਕਤੂਬਰ 1582 ਈ:) ਨੂੰ 2 ਸਤੰਬਰ 1752 ਈ: ਵਿੱਚ ਮਾਨਤਾ ਦਿੱਤੀ ਸੀ। ਆਪਣੇ ਦੇਸ਼ ਵਿੱਚ ਜੂਲੀਅਨ ਨਹੀਂ ਗਰੈਗੋਰੀਅਨ ਕੈਲੰਡਰ ਹੀ ਆਇਆ ਸੀ। ਅੰਗਰੇਜਾਂ ਨੇ ਆਪਣੀ ਲੋੜ ਅਨੁਸਾਰ 2 ਸਤੰਬਰ 1752 ਈ: ਤੋਂ ਪਹਿਲੀਆਂ, ਬਿਕ੍ਰਮੀ ਕੈਲੰਡਰ ਦੀਆਂ ਤਾਰੀਖਾਂ ਨੂੰ ਜੂਲੀਅਨ ਵਿੱਚ ਹੀ ਬਦਲੀ ਕੀਤਾ ਜਾਂ ਕਰਵਾਇਆ ਸੀ। ਉਪ੍ਰੋਕਤ ਵਰਨਣ ਤਾਰੀਖ 1752 ਈ: ਤੋਂ ਪਹਿਲਾ ਦੀ ਹੈ। ਇਸ ਲਈ ਇਹ ਜੂਲੀਅਨ ਵਿੱਚ ਬਦਲੀ ਕਰਨੀ ਪਵੇਗੀ। ਹੁਣ ਜੇ ਡਾ ਦਿਲਗੀਰ ਵੱਲੋਂ ਲਿਖੀ ਗਈ 15 ਜੂਨ 1606 ਈ:(ਗਰੈਗੋਰਿਅਨ) ਨੂੰ ਜੂਲੀਅਨ ਕੈਲੰਡਰ ਦੀ ਤਾਰੀਖ ਮੰਨ ਲਈਏ ਤਾਂ ਇਹ 18 ਹਾੜ, ਹਾੜ ਵਦੀ 5 ਸੰਮਤ 1663 ਬਿਕ੍ਰਮੀ ਬਣਦੀ ਹੈ। ਇਸ ਦਿਨ ਐਤਵਾਰ ਸੀ। ਜੋ ਸਹੀ ਤਾਰੀਖ ਹੈ। ਇਥੋਂ ਇਕ ਗੱਲ ਸਪੱਸ਼ਟ ਹੋ ਗਈ ਹੈ ਕਿ ਡਾ ਦਿਲਗੀਰ, ਵਦੀ-ਸੁਦੀ ਵਿੱਚ ਹੀ ਨਹੀਂ ਉਲਝਿਆ, ਉਹ ਜੂਲੀਅਨ ਅਤੇ ਗਰੈਗੋਰੀਅਨ ਕੈਲੰਡਰ ਦੇ ਅੰਤਰ ਨੂੰ ਵੀ ਸਮਝਣ ਤੋਂ ਅਸਮਰੱਥ ਹੈ।

 

ਡਾ ਦਿਲਗੀਰ ਅੱਗੇ ਲਿਖਦਾ ਹੈ, “ਗੁਰੂ ਅਰਜਨ ਸਾਹਿਬ ਨੂੰ 1606 ਵਿੱਚ, 25 ਮਈ ਦੇ ਦਿਨ, ਗ੍ਰਿਫਤਾਰ ਕਰਕੇ 30 ਮਈ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਇਸ ਦੇ 15 ਦਿਨ ਮਗਰੋਂ ਗੁਰੂ ਹਰਿਗੋਬਿੰਦ ਸਾਹਿਬ ਨੂੰ ਅਕਾਲ ਤਖਤ ਪ੍ਰਗਟ ਕਰਦਾ ਦੱਸਿਆ ਗਿਆ ਹੈ”। (ਪੰਨਾ ਉਹੀ) 30 ਮਈ 1606 ਜੂਲੀਅਨ ਮੁਤਾਬਕ ਗੁਰੂ ਜੀ ਦੀ ਸ਼ਹੀਦੀ 2 ਹਾੜ, ਜੇਠ ਸੁਦੀ 4 ਸੰਮਤ 1663 ਬਿ: ਨੂੰ ਹੋਈ ਸੀ। ਇਹ ਸਹੀ ਤਾਰੀਖ ਹੈ। ਡਾ ਦਿਲਗੀਰ ਦੀ ਲਿਖਤ ਮੁਤਾਬਕ, 30 ਮਈ ਤੋਂ 15 ਦਿਨ ਮਗਰੋਂ ਹਾੜ ਸੁਦੀ 5 ਆਈ ਸੀ। ਇਥੇ ਡਾ ਦਿਲਗੀਰ ਫੇਰ ਟਪਲਾ ਖਾ ਗਿਆ। 30 ਮਈ /ਜੇਠ ਸੁਦੀ 4 ਤੋਂ 15 ਦਿਨ ਪਿਛੋਂ ਹਾੜ ਵਦੀ 4 ਆਈ ਸੀ ਨਾ ਕਿ ਹਾੜ ਸੁਦੀ 5, ਹਾੜ ਸੁਦੀ 5 ਤਾਂ 30 ਜੂਨ ਦਿਨ ਸੋਮਵਾਰ ਨੂੰ ਸੀ। 30 ਜੂਨ, 30 ਮਈ ਤੋਂ 31 ਦਿਨ ਪਿਛੋਂ ਆਉਂਦੀ ਹੈ ਨਾਕਿ 15 ਦਿਨ ਪਿਛੋਂ। ਇਹ ਹੈ 80 ਕਿਤਾਬਾਂ ਦੇ ਲੇਖਕ ਇਤਿਹਾਸਕਾਰ ਦਾ ਕੈਲੰਡਰ ਸਬੰਧੀ ਗਿਆਨ।

 

ਡਾ ਦਿਲਗੀਰ ਜੀ ਆਪਣੀ ਦੂਜੀ ਐਡੀਸ਼ਨ ਵਿੱਚ ਲਿਖਦੇ ਹਨ, “ਨੋਟ:- 15 ਜੂਨ 1606 ਦੀ ਤਾਰੀਖ ਪ੍ਰੋ: ਹਰਬੰਸ ਸਿੰਘ (ਪਟਿਆਲਾ) ਵਾਲਿਆਂ ਦਿੱਤੀ ਹੈ। ਮੈਂ ਆਪਣੀ ਅੰਗਰੇਜੀ ਕਿਤਾਬ “ਦ ਅਕਾਲ ਤਖਤ” ਵਿੱਚ ਹਾੜ ਸੁਦੀ 5 (1606) ਲਿਖੀ ਹੈ। ਪ੍ਰੋ: ਹਰਬੰਸ ਸਿੰਘ ਜੀ ਦੀ ਤਾਰੀਖ ਦੇ ਦਿਨ ਸ਼ੁਕਰਵਾਰ ਬਣਦਾ ਹੈ। ਸੋ ਹੋ ਸਕਦਾ ਹੈ ਕਿ ਹਾੜ ਸੁਦੀ 5 ਨੂੰ 17 ਜੂਨ ਬਣਦੀ ਹੋਵੇ। ਕਿਤਾਬ ਦੀ ਅਗਲੀ ਐਡੀਸ਼ਨ ਤਕ ਦੇਸੀ ਤਾਰੀਖ ਅਤੇ ਅੰਗਰੇਜੀ ਤਾਰੀਖ ਦਾ ਨਿਬੇੜਾ ਹੋ ਜਾਵੇਗਾ। ਪਰ ਹਾਲ ਦੀ ਘੜੀ 15/17 ਜੂਨ ਜਾਂ ਘੱਟੋ ਘੱਟ ਹਾੜ ਸੁਦੀ 5 ਹੀ ਠੀਕ ਹੈ।...ਉਪਰਲੇ ਸਾਰੇ ਵਿਚਾਰ ਤੋਂ ਇਕ ਗੱਲ ਸਾਫ਼ ਲਗਦੀ ਹੈ ਕਿ ਸੋਹਣ ਕਵੀ, ਜਿਸ ਨੇ 1718 ਵਿਚ ਕਿਤਾਬ ਲਿਖੀ ਸਭ ਤੋਂ ਪੁਰਾਣਾ ਸੋਮਾ ਹੈ ਦੀ ਤਾਰੀਖ ਪੰਜ ਹਾੜ ਸੰਮਤ 1663 (1606 ਸੰਨ) ਹੀ ਹੋਵੇਗੀ”। (ਪੰਨਾ 12-13)


ਇਸ ਤੋਂ ਇਹ ਗੱਲ ਹੋਰ ਵੀ ਸਪੱਸ਼ਟ ਹੋ ਜਾਂਦੀ ਹੈ ਕਿ ਡਾ ਦਿਲਗੀਰ ਨੂੰ ਕੈਲੰਡਰ ਬਾਰੇ ਮੁੱਢਲੀ ਜਾਣਕਾਰੀ ਨਹੀਂ ਹੈ। ਹਾਂ! ਇਕ ਗੱਲ, ਇਸ ਕਿਤਾਬ ਵਿੱਚ (ਦੂਜੀ ਐਡੀਸ਼ਨ) ਬੜੀ ਦਿਲਚਸਪ ਹੈ। ਉਹ ਹੈ, ‘ਕਿਸੇ ਪਟਿਆਲੇ ਵਾਲੇ ਭਾਈ ਜੀ’ ਦਾ ਜਿਕਰ। ਡਾ ਦਿਲਗੀਰ ਜੀ ਲਿਖਦੇ ਹਨ, “ਉਹ ਭਾਈ ਜੀ ਅੰਗਰੇਜੀ ਦਾ ਚੰਗਾ ਵਾਕਿਫ਼ ਨਾ ਹੋਣ ਕਰ ਕੇ ਸਾਬਿਤ ਕਰਦੇ ਹਨ ਕਿ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੀ ਨੀਂਹ ਰੱਖਣ ਦੇ ਦਿਨ ਵਾਲੀ ਗੱਲ ਸਮਝ ਨਹੀਂ ਪਈ। ਚਲੋ, ਕੋਈ ਗੱਲ ਨਹੀਂ ਲਿਖਤਾਂ ਚੋਰੀ ਹੁੰਦੀਆਂ ਰਹਿੰਦੀਆਂ ਹਨ” (ਪੰਨਾ 7)

ਡਾ ਦਿਲਗੀਰ ਜੀ, ਅਕਾਲ ਤਖਤ ਸਾਹਿਬ ਦੀ ਨੀਂਹ ਰੱਖਣ ਦੇ ਦਿਨ ਵਾਲੀ ਗੱਲ ਨਾ ਸਮਝ ਪੈਣ ਬਾਰੇ ਤਾਂ, ਮੈਂ ਵੀ ‘ਪਟਿਆਲੇ ਵਾਲੇ ਭਾਈ ਜੀ’ ਨਾਲ ਸਹਿਮਤ ਹਾਂ। ਭਲਾ ਆਹ ਕਿਹੜੀ ਤਾਰੀਖ ਹੋਈ  “ਹਾੜ ਸੁਦੀ 5 (1606)”।  ਇਸ ਦਾ ਭਾਵ ਹੈ ਹਾੜ ਸੁਦੀ 5, ਸੰਮਤ 1606 ਬਿਕ੍ਰਮੀ। ਤਾਰੀਖ ਚੰਦ ਦੀ ਸਾਲ ਅੰਗਰੇਜੀ, ਵਾਹ ਭਾਈ ਜੀ ਵਾਹ! ਤੁਹਾਡਾ ਇਹ ਲਿਖਣਾ ਵੀ, “ਪ੍ਰੋ: ਹਰਬੰਸ ਸਿੰਘ ਜੀ ਦੀ ਤਾਰੀਖ ਦੇ ਦਿਨ ਸ਼ੁਕਰਵਾਰ ਬਣਦਾ ਹੈ”, ਸਹੀ ਨਹੀਂ ਹੈ। ਪ੍ਰੋ: ਹਰਬੰਸ ਸਿੰਘ ਵਾਲੀ ਤਾਰੀਖ, 15 ਜੂਨ 1606 ਈ: ਨੂੰ ਦਿਨ ਐਤਵਾਰ ਸੀ। “ਸੋ ਹੋ ਸਕਦਾ ਹੈ ਕਿ ਹਾੜ ਸੁਦੀ 5 ਨੂੰ 17 ਜੂਨ ਬਣਦੀ ਹੋਵੇ” ਬਾਰੇ ਬੇਨਤੀ ਹੈ ਕਿ ਹਾੜ ਸੁਦੀ 5 ਨੂੰ 30 ਜੂਨ ਸੀ ਅਤੇ “ ਪੰਜ ਹਾੜ ਸੰਮਤ 1663” ਵਾਲੇ ਦਿਨ 2 ਜੂਨ, 1606 ਈ: ਦਿਨ ਸੋਮਵਾਰ ਸੀ।

 ਹੁਣ ਜਦੋਂ ‘ਪਟਿਆਲੇ ਵਾਲੇ ਭਾਈ ਜੀ’ ਦੀ ਗੱਲ ਚੱਲ ਹੀ ਪਈ ਹੈ ਤਾਂ ਪਾਠਕਾਂ ਦੀ ਦਿਲਚਸਪੀ ਲਈ ਇਕ ਹੋਰ ਜਾਣਕਾਰੀ ਵੀ ਸਾਂਝੀ ਕਰ ਹੀ ਲੈਂਦੇ ਹਾਂ। ਇਹ ਲੇਖ ਲਿਖਣ ਵੇਲੇ ਮੈਂ ਜਦੋਂ ਕਿਤਾਬਾਂ ਫੋਲ ਰਿਹਾ ਸੀ ਤਾਂ ਜਦੋਂ ਮੈਂ “ਸਿਰੀ ਅਕਾਲ ਤਖਤ ਸਾਹਿਬ-ਇਤਿਹਾਸਕ ਵਿਸ਼ਲੇਸ਼ਣ” ਨਾਮ ਦੀ ਕਿਤਾਬ ਤੇ ਪੰਛੀ ਝਾਤ ਪਾਈ ਤਾਂ ਉਥੇ ਵੀ ਬੜੀ ਦਿਲਚਸਪ ਜਾਣਕਾਰੀ ਮਿਲੀ, “ਪਿਛਲੇ ਸਾਲਾਂ ਵਿਚ ਇਕ ਕਿਸੇ ਹਰਜਿੰਦਰ ਸਿੰਘ ਦਿਲਗੀਰ ਨਾਂ ਦੇ ਲੇਖਕ ਨੇ ਵੀ ਅਕਾਲ ਤਖਤ ਸਾਹਿਬ ਬਾਰੇ ਇਕ ਪੁਸਤਕ ਛਪਵਾਈ ਹੈ ਜਿਸ ਵਿੱਚ ਅਕਾਲ ਤਖਤ ਸਾਹਿਬ ਬਾਰੇ ਸਪੱਸ਼ਟ ਕਰਨ ਦੀ ਬਜਾਏ ਸਗੋਂ ਭੁਲੇਖੇ ਜਿਆਦਾ ਪਾਏ ਗਏ ਹਨ। ਮਿਸਾਲ ਦੇ ਤੌਰ ਤੇ ਸਭ ਤੋਂ ਪਹਿਲਾਂ ਤਾਂ ਇਸ ਵਿੱਚ ਅਕਾਲ ਤਖਤ ਸਾਹਿਬ ਦੀ ਸਥਾਪਨਾ ਦਾ ਦਿੱਤਾ ਗਿਆ ਸਾਲ (1609 ਈ:) ਹੀ ਗਲਤ ਹੈ। ਦੂਜਾ ਇਸ ਵਿਚ ਲਿਖਿਆ ਗਿਆ ਹੈ ਕਿ ਕੋਈ ਦੇਸ ਰਾਜ ਨਾਂ ਦਾ ਇਕ ਮੋਨਾ ਅਤੇ ਸਹਿਜਧਾਰੀ ਵਿਅਕਤੀ ਵੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਰਿਹਾ ਸੀ”। (ਪੰਨਾ 3) ਚਲੋ, ਆਪਾਂ ਕੀ ਲੈਣਾ ਇਹਨਾਂ ਗੱਲਾਂ ਤੋਂ। ਅਜੇਹੀ ਨੋਕ-ਝੋਕ ਤਾਂ ਚਲਦੀ ਹੀ ਰਹਿੰਦੀ ਹੈ, ਵੱਡੇ-ਵੱਡੇ ਵਿਦਵਾਨਾਂ ਵਿੱਚ।

 ਡਾ ਹਰਜਿੰਦਰ ਸਿੰਘ ਦਿਲਗੀਰ ਵੱਲੋਂ 8 ਜੂਨ 2023 ਨੂੰ ਪਾਈ ਗਈ ਇਕ ਪੋਸਟ “ਅਖੌਤੀ ਅਕਾਲ ਤਖ਼ਤ ਦੇ ਮਿਥਹਾਸ ਨੂੰ ਪਰਚਾਰਨਾ ਬੰਦ ਕਰੋ”, ਸਾਂਝੇ  ਸੱਜਣਾਂ ਰਾਹੀ ਪ੍ਰਾਪਤ ਹੋਈ ਹੈ। ਜਿਸ ਦੇ 7 ਨੁਕਤਿਆਂ `ਚ ਦੋ ਨੁਕਤਿਆਂ ਤੇ ਵਿਚਾਰ ਕਰਨੀ ਮੈਂ ਜਰੂਰੀ ਸਮਝਦਾ ਹਾਂ।

ਡਾ ਦਿਲਗੀਰ ਜੀ ਆਪਣੀ ਇਸ ਪੋਸਟ ਵਿੱਚ ਲਿਖਦੇ ਹਨ, “ਅੱਜ ਬਹੁਤ ਸਾਰੇ ਫ਼ੇਸਬੁਕੀਏ ਸੱਜਣ "ਅਕਾਲ ਤਖ਼ਤ ਦੀ ਸਿਰਜਣਾ" ਦੀਆਂ "ਵਧਾਈਆਂ" ਪਾ ਰਹੇ ਹਨ ਪਹਿਲੀ ਗੱਲ ਤਾਂ ਇਸ ਨਾਲ ਪੁਰੇਵਾਲ ਨਾਰਾਜ਼ ਹੋ ਜਾਵੇਗਾ ਕਿਉਂਕਿ ਇਹ ਤਾਰੀਖ਼ ਤਾਂ ਜੂਲੀਅਨ ਕੈਲੰਡਰ ਦੀ ਹੈ ਨਾ ਕਿ ਪੁਰੇਵਾਲੀ ਕੈਲੰਡਰ ਦੀ। ਹੋ ਸਕਦਾ ਹੈ ਪੁਰੇਵਾਲ ਦੇ ਜੂਨੀਅਰ ਸਰਬਜੀਤ ਸੈਕਰਾਮੈਂਟੋ" ਦਾ "ਬਿਆਨ" ਆ ਵੀ ਚੁਕਾ ਹੋਵੇ”

ਜਿਵੇ ਉੱਪਰ ਪੜ੍ਹ ਚੁੱਕੇ ਹੋ ਕਿ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਵਿੱਚ ਇਸ ਸਾਲ ‘ਸਿਰਜਣਾ ਦਿਵਸ ਅਕਾਲ ਤਖਤ ਸਾਹਿਬ’ 25 ਹਾੜ/ 8 ਜੂਨ ਦਾ ਦਰਜ ਹੈ। ਡਾ ਦਿਲਗੀਰ ਲਿਖਦਾ ਹੈ ਜੇ ਇਸ ਤਾਰੀਖ ਤੇ ਵਧਾਈਆਂ ਦਿੱਤੀਆਂ ਤਾ ਪੁਰੇਵਾਲ ਨਰਾਜ਼ ਹੋ ਜਾਵੇਗਾ, “ਕਿਉਂਕਿ ਇਹ ਤਾਰੀਖ਼ ਤਾਂ ਜੂਲੀਅਨ ਕੈਲੰਡਰ ਦੀ ਹੈ ਨਾ ਕਿ ਪੁਰੇਵਾਲੀ ਕੈਲੰਡਰ ਦੀ”।

ਲਉ ਜੀ, ਡਾ ਦਿਲਗੀਰ ਦੀ ਖੋਜ ਮੁਤਾਬਕ 8 ਜੂਨ 2023 ਈ:, ਜੂਲੀਅਨ ਕੈਲੰਡਰ ਦੀ ਤਾਰੀਖ ਹੈ। ਇਹ ਵਿਅਕਤੀ ਪਿਛਲੇ ਦੋ ਦਹਾਕਿਆਂ ਤੋਂ ਸ. ਪਾਲ ਸਿੰਘ ਪੁਰੇਵਾਲ ਦਾ ਵਿਰੋਧ ਕਰ ਰਿਹਾ ਹੈ, ਜਿਸ ਨੂੰ ਵਦੀ-ਸਦੀ ਅਤੇ ਜੂਲੀਅਨ-ਗਰੈਗੋਰੀਅਨ ਦੇ ਫ਼ਰਕ ਦਾ ਵੀ ਨਹੀ ਪਤਾ । ਪਹਿਲਾ ਜੂਲੀਅਨ ਦੀ ਤਾਰੀਖ (15 ਜੂਨ) ਨੂੰ ਗਰੈਗੋਰੀਅਨ ਕੈਲੰਡਰ ਦੀ ਤਾਰੀਖ ਲਿਖਦਾ ਹੈ, ਹੁਣ 8 ਜੂਨ ਗਰੈਗੋਰੀਅਨ ਨੂੰ, ਜੂਲੀਅਨ ਦੀ ਤਾਰੀਖ ਲਿਖ ਰਿਹਾ ਹੈ।

ਡਾ ਦਿਲਗੀਰ ਜੀ ਅੱਗੇ ਲਿਖਦੇ ਹਨ, “ਹੋ ਸਕਦਾ ਹੈ ਪੁਰੇਵਾਲ ਦੇ ਜੂਨੀਅਰ ਸਰਬਜੀਤ ਸੈਕਰਾਮੈਂਟੋ" ਦਾ "ਬਿਆਨ" ਆ ਵੀ ਚੁਕਾ ਹੋਵੇ”

ਡਾ ਦਿਲਗੀਰ ਜੀ, ਜੇ ਤੁਸੀਂ ਨਾਨਕਸ਼ਾਹੀ ਕੈਲੰਡਰ ਦੇ ਦਰਸ਼ਨ ਕੀਤੇ ਹੁੰਦੇ ਤਾਂ ਤੂਹਾਨੂੰ ਪਤਾ ਹੋਣਾ ਸੀ ਕਿ ਨਾਨਕਸ਼ਾਹੀ ਕੈਲੰਡਰ ਦੇ ਮਹੀਨੇ ਜਨਵਰੀ-ਫਰਵਰੀ ਨਹੀਂ, ਚੇਤ-ਵੈਸਾਖ ਹਨ। 8 ਜੂਨ ਨਾਨਕਸ਼ਾਹੀ ਕੈਲੰਡਰ ਦੀ ਨਹੀਂ, ਗਰੈਗੋਰੀਅਨ ਕੈਲੰਡਰ ਦੀ ਤਾਰੀਖ ਹੈ ਜਿਸ ਨੂੰ ਤੁਸੀਂ ਜੂਲੀਅਨ ਕੈਲੰਡਰ ਦੀ ਤਾਰੀਖ ਦੱਸ ਰਹੇ ਹੋ। ਨਾਨਕਸ਼ਾਹੀ ਕੈਲੰਡਰ ਵਿੱਚ ‘ਸਿਰਜਣਾ ਦਿਵਸ ਅਕਾਲ ਤਖਤ ਸਾਹਿਬ’ 18 ਹਾੜ  ਦਾ ਦਰਜ ਹੈ। ਸ਼੍ਰੋਮਣੀ ਕਮੇਟੀ ਵੱਲੋਂ ਛਾਪੇ ਗਏ ਪਿਛਲੇ ਦਹਾਕੇ ਦੇ ਕੈਲੰਡਰ ਵੇਖ ਲਓ, ਹਰ ਸਾਲ ਇਹ ਦਿਹਾੜਾ ਨਾਨਕਸ਼ਾਹੀ ਕੈਲੰਡਰ ਮੁਤਾਬਕ 18 ਹਾੜ ਦਾ ਹੀ ਦਰਜ ਹੈ।

ਇਸ ਸਾਲ (555 ਨ ਸ) ਇਹ ਦਿਹਾੜਾ 25 ਜੇਠ/8 ਜੂਨ ਦਾ ਦਰਜ ਕਰਨ ਦਾ ਕਾਰਨ, ਮੇਰੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ (1 ਚੇਤ, 554 ਨ ਸ) ਨੂੰ ਲਿਖਿਆ ਪੱਤਰ ਹੈ। ਜਿਸ ਵਿੱਚ ਮੈਂ  ਲਿਖਿਆ ਸੀ, “ਸੰਮਤ 552 ਦੇ ਕੈਲੰਡਰ ਨੂੰ ਧਿਆਨ ਨਾਲ ਵੇਖੋ। ਮੀਰੀ-ਪੀਰੀ ਦਾ ਦਿਹਾੜਾ 17 ਹਾੜ ਦਾ ਦਰਜ ਹੈ, ਜਦੋਂ ਕਿ ਥੜੇ ਦੀ ਉਸਾਰੀ 18 ਹਾੜ ਦੀ ਦਰਜ ਹੈ। ਕੀ ਇਹ ਇਤਿਹਾਸ ਨਾਲ ਖਿਲਵਾੜ ਨਹੀਂ? ਜੇ ਅਜੇ ਵੀ ਨਾ ਜਾਗੇ ਤਾਂ ਧਰਮ ਪ੍ਰਚਾਰ ਕਮੇਟੀ ਨੇ ਅਗਲੇ ਸਾਲ (ਸੰਮਤ 555) ਦੇ ਕੈਲੰਡਰ ਵਿੱਚ ਮੀਰੀ-ਪੀਰੀ ਦਾ ਦਿਹਾੜਾ, ਥੜੇ ਦੀ ਉਸਾਰੀ (18 ਹਾੜ) ਤੋਂ 4 ਦਿਨ ਪਹਿਲਾ ਦਾ (14 ਹਾੜ) ਦਰਜ ਕਰ ਦੇਣਾ ਹੈ। ਦੱਸੋ, ਨਵੀਂ ਪੀੜੀ ਇਸ ਤੋਂ ਕੀ ਸੇਧ ਲਵੇਗੀ”?

ਮੈਂ ਤਾਂ ਇਹ ਸੋਚਿਆ ਸੀ ਕਿ ਸ਼੍ਰੋਮਣੀ ਕਮੇਟੀ, ਮੀਰੀ ਪੀਰੀ ਦਾ ਦਿਹਾੜਾ ਪ੍ਰਵਿਸ਼ਟਿਆਂ ਮੁਤਾਬਕ 6 ਸਾਵਣ ਦਾ ਕਰ ਦੇਵੇਗੀ। ਪਰ ਉਨ੍ਹਾਂ ਨੇ ‘ਸਿਰਜਣਾ ਦਿਵਸ ਅਕਾਲ ਤਖਤ ਸਾਹਿਬ’ ਵਦੀ-ਸੁਦੀ ਮੁਤਾਬਕ, ਹਾੜ ਵਦੀ 5 ਦਾ ਕਰ ਦਿੱਤਾ। ਜੋ ਇਸ ਸਾਲ 8 ਜੂਨ ਨੂੰ ਆਇਆ ਸੀ। ਹੁਣ ਇਹ ਦਿਹਾੜਾ 383 ਦਿਨਾਂ ਪਿਛੋਂ 26 ਜੂਨ, 2024 ਈ: ਨੂੰ ਆਵੇਗਾ।

ਡਾ ਦਿਲਗੀਰ ਜੀ ਦੀ ਪੋਸਟ ਵਿੱਚੋਂ ਦੂਜਾ ਨੁਕਤਾ,  ਉਹ ਹੈ ਇਸ ਪੋਸਟ ਦਾ ਛੇਵਾਂ ਨੁਕਤਾ।

ਡਾ ਦਿਲਗੀਰ ਜੀ ਲਿਖਦੇ ਹਨ, ਮੈਂ ਅੱਗੇ ਵੀ ਐਲਾਨ ਕਰ ਚੁਕਾ ਹਾਂ ਕਿ ਮੈਂ 5 ਲੱਖ ਰੁਪੈ ਦਾ ਈਨਾਮ ਦੇਵਾਂਗਾ ਜੋ ਸਾਬਿਤ ਕਰ ਦੇਵੇ ਕਿ ਕਿਸੇ ਗੁਰੂ ਨੇ ਕੋਈ ਤਖ਼ਤ ਬਣਾਇਆ ਸੀ” ।

 ਮੇਰੇ ਸਾਹਮਣੇ ਡਾ ਦਿਲਗੀਰ ਜੀ ਦੀ ਕਿਤਾਬ, ‘ਅਕਾਲ ਤਖਤ ਸਾਹਿਬ ਫ਼ਲਸਫ਼ਾ ਅਤੇ ਤਵਾਰੀਖ਼” (ਚੌਥੀ ਐਡੀਸ਼ਨ) ਪਈ ਹੈ, ਇਸ ਦੇ ਦੂਜੇ ਅਧਿਆਇ, “ਅਕਾਲ ਤਖਤ ਸਾਹਿਬ ਦਾ ਪ੍ਰਗਟ ਹੋਣਾ” ਵਿੱਚ ਡਾ ਦਿਲਗੀਰ ਜੀ ਲਿਖਦੇ ਹਨ,

“ਇਹ ਨੁਕਤਾ ਬੜਾ ਅਹਿਮ ਹੈ ਕਿ ਤਖ਼ਤ ਛੇਵੀਂ ਪਾਤਸ਼ਾਹੀ, ਗੁਰੂ ਹਰਿਗੋਬਿੰਦ ਸਾਹਿਬ (19.6.1590-3.3.1644) ਨੇ ਪ੍ਰਗਟ ਕੀਤਾ ਸੀ ਪਰ ਉਨ੍ਹਾਂ ਨੇ ਇਸ ਨੂੰ ਸਿੱਖਾਂ ਦਾ ਤਖ਼ਤ ਆਖਣ ਦੀ ਬਜਾਇ ਅਕਾਲ ਪੁਰਖ ਦਾ ਤਖ਼ਤ ਕਿਉਂ ਆਖਿਆ?... ਜਦੋਂ ਗੁਰੂ ਹਰਿਗੋਬਿੰਦ ਸਾਹਿਬ ਨੇ ਅਕਾਲ ਤਖਤ ਸਾਹਿਬ ਨੂੰ ਪ੍ਰਗਟ ਕੀਤਾ ਸੀ ਤਾਂ ਉਨ੍ਹਾਂ ਨੇ ਇਸ ਨੂੰ ਗੁਰੂ ਨਾਨਕ ਸਾਹਿਬ ਦੀ ਬਾਣੀ, ਉਨ੍ਹਾਂ ਦੇ ਬੋਲਾਂ, ਉਨ੍ਹਾਂ ਦੀ ਸਿੱਖਿਆ ਦੇ ਮਾਅਨਿਆਂ ਵਿਚ ਹੀ ਪ੍ਰਗਟ ਕੀਤਾ ਸੀ। ... ਇਸੇ ਕਰਕੇ ਛੇਵੇਂ ਪਾਤਿਸ਼ਾਹ ਨੇ ਸਿੱਖ ਦੀ ਵਫ਼ਾਦਾਰੀ ਨੂੰ ਅਕਾਲ ਪੁਰਖ ਦੀ ਵਫ਼ਾਦਾਰੀ ਐਲਾਨਿਆ ਅਤੇ ਗੁਰੂ ਨਾਨਕ ਸਾਹਿਬ ਦੇ ਹੁਕਮ ਹੇਠ ਅਕਾਲ ਪੁਰਖ ਦਾ ਤਖ਼ਤ ਪ੍ਰਗਟ ਕੀਤਾ। ਗੁਰੂ ਹਰਿਗੋਬਿੰਦ ਸਾਹਿਬ ਤਾਂ ਆਪ ਖ਼ੁਦ ਵੀ ਇਸ ਤਖਤ ਦੇ ਮਾਲਿਕ ਨਹੀਂ ਬਣੇ। ਉਹ ਤਾਂ ਇਸ ਤਖ਼ਤ ਦੇ ਸਰਬਰਾਹ ਸਨ।

ਅਕਾਲ ਤਖ਼ਤ ਸਾਹਿਬ ਅਕਾਲ ਪੁਰਖ ਦਾ ਤਖ਼ਤ ਹੈ, ਇਸ ਕਰ ਕੇ ਇਸ ਨੂੰ ਬਣਾਉਣ ਵਾਲਾ ਤਾਂ ਵਾਹਿਗੁਰੂ ਆਪ ਹੀ ਹੈ। ਵਾਹਿਗੁਰੂ ਦੇ ਹੁਕਮ ਨਾਲ ਗੁਰੂ ਹਰਿਗੋਬਿੰਦ ਸਾਹਿਬ ਨੇ ਇਸ ਨੂੰ ਪ੍ਰਗਟ ਕੀਤਾ ਸੀ ਤੇ ਇਸ ਦੇ ਪ੍ਰਗਟ ਕਰਨ ਦੀ ਰਸਮ ਵਜੋਂ ਤਖ਼ਤ ਸਾਹਿਬ ਦੇ ਥੜ੍ਹਾ ਸਾਹਿਬ ਦੀ ਉਸਾਰੀ ਕਰਵਾਈ ਸੀ। ਅਕਾਲ ਤਖਤ ਸਾਹਿਬ ਦੇ ਥੜ੍ਹੇ ਦਾ ਨੀਂਹ ਪੱਥਰ ਛੇਵੇਂ ਪਾਤਿਸ਼ਾਹ ਨੇ ਆਪ ਰੱਖਿਆ ਸੀ ਅਤੇ ਬਾਕੀ ਦੀ ਸੇਵਾ ਸਿਰਫ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਨਿਭਾਈ ਸੀ”। (ਪੰਨਾ 19, ਇਹ ਵਾਰਤਾ ਪੰਜਵੀਂ ਐਡੀਸ਼ਨ ਦੇ ਪੰਨਾ 71 ਤੇ ਵੀ ਦਰਜ ਹੈ)

ਡਾ ਦਿਲਗੀਰ ਦੀ ਸ਼ਰਤ, “ਮੈਂ 5 ਲੱਖ ਰੁਪੈ ਦਾ ਈਨਾਮ ਦੇਵਾਂਗਾ ਜੋ ਸਾਬਿਤ ਕਰ ਦੇਵੇ ਕਿ ਕਿਸੇ ਗੁਰੂ ਨੇ ਕੋਈ ਤਖ਼ਤ ਬਣਾਇਆ ਸੀ”, ਮੁਤਾਬਕ ਮੈਂ ਇਨ੍ਹਾਂ ਦੀ  ਕਿਤਾਬ ‘ਅਕਾਲ ਤਖਤ ਸਾਹਿਬ ਫ਼ਲਸਫ਼ਾ ਅਤੇ ਤਵਾਰੀਖ਼” ਦੇ ਹਵਾਲੇ ਨਾਲ ਹੀ ਇਹ ਸਾਬਿਤ ਕਰ ਦਿੱਤਾ ਹੈ ਕਿ ਅਕਾਲ ਤਖ਼ਤ ਸਾਹਿਬ ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਹੀ ਬਣਾਇਆ ਸੀ।

ਡਾ ਦਿਲਗੀਰ ਨੇ ਪਿਛਲੇ ਸਾਲ (23 ਸਤੰਬਰ 2022) ਵੀ ਚੈਲੰਜ ਕੀਤਾ ਸੀ,ਮੇਰਾ ਚੈਲੰਜ ਹੈ: ਮੈਂ ਪੰਜ ਲੱਖ ਰੁਪੈ ਦੇਵਾਂਗਾ ਜੋ ਇਹ ਸਾਬਿਤ ਕਰ ਦੇਵੇ ਕਿ "ਪੁਰੇਵਾਲ ਦਾ ਅਖੌਤੀ ਨਾਨਕਸ਼ਾਹੀ ਕੈਲੰਡਰ ਭਾਰਤੀ ਸ਼ੱਕ ਸੰਮਤ (1957) ਦੀ 100% ਨਕਲ ਨਹੀਂ ਹੈ... ਪੁਰੇਵਾਲ ਦੇ ਭਗਤੋ! ਪੰਜ ਲੱਖ ਰੁਪੈ ਜਿੱਤੋ”।

ਇਸ ਦੇ ਜਵਾਬ ਵਿੱਚ ਮੈਂ ਇਹ ਲਿਖਿਆ ਸੀ, "ਡਾ ਦਿਲਗੀਰ ਜੀਮੈਂ ਤੁਹਾਡਾ ਚੈਲੰਜ ਪ੍ਰਵਾਨ ਕਰਦਾ ਹਾਂ। ਤੁਸੀਂ ਤਾਂ ਮੈਨੂੰ Block ਕੀਤਾ ਹੋਇਆ ਹੈਇਸ ਵਾਸਤੇ ਮੈਂ ਆਪ ਜੀ ਨੂੰ ਸੱਦਾ ਦਿੰਦਾ ਹਾਂ ਕਿ ਆਓ ਮੇਰੇ Facebook Page ਉੱਪਰ ਲਿਖਣ ਦਾ ਸੱਦਾ ਪ੍ਰਵਾਨ ਕਰੋਤਾਂ ਜੋ ਸਾਰਿਆਂ ਦੇ ਸਾਹਮਣੇ ਤੁਹਾਡੇ ਦਾਵਿਆਂ ਦੀ ਪੜਤਾਲ ਕੀਤੀ ਜਾ ਸਕੇ" ਪਰ, ਡਾ ਦਿਲਗੀਰ ਜੀ ਦੜ ਵੱਟ ਗਏ ਸਨ। ਮੈਂ ਆਪਣੇ ਤਜਰਬੇ ਦੇ ਅਧਾਰ ਤੇ ਕਹਿ ਸਕਦਾ ਹਾਂ ਕਿ ਡਾ ਹਰਜਿੰਦਰ ਸਿੰਘ ਦਿਲਗੀਰ ਨੇ, ਜਵਾਬ ਹੁਣ ਵੀ ਨਹੀਂ ਦੇਣਾ। ਧੰਨਵਾਦ ।