ਕਰਨਲ ਨਿਸ਼ਾਨ ਦਾ ਕੈਲੰਡਰ ਗਿਆਨ-1
ਸਰਵਜੀਤ ਸਿੰਘ ਸੈਕਰਾਮੈਂਟੋ
ਬਾਬਾ ਬਕਾਲਾ ਵਿਖੇ ਰੱਖੜ ਪੁੰਨਿਆ ਵਾਲੇ ਦਿਨ, ‘ਗੁਰੂ ਲਾਧੋ ਰੇ’, ਗੁਰੂ ਤੇਗ ਬਹਾਦਰ ਜੀ ਨਾਲ ਸਬੰਧਿਤ ਦਿਹਾੜਾ
ਮਨਾਇਆ ਜਾਂਦਾ ਹੈ। ਹਰ ਸਾਲ ਇਸ ਪਾਵਨ ਅਸਥਾਨ ਤੇ ਸਾਵਣ ਦੀ
ਪੁੰਨਿਆ ਵਾਲੇ ਦਿਨ ਬਹੁਤ ਭਾਰੀ ਇਕੱਠ ਹੁੰਦਾ ਹੈ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਧਾਰਮਿਕ
ਦਿਵਾਨ ਲਾਏ ਜਾਂਦੇ ਹਨ ਅਤੇ ਸਿਆਸੀ ਪਾਰਟੀਆਂ ਵੱਲੋਂ ਕਾਨਫਰੰਸਾਂ ਵੀ ਕੀਤੀਆਂ ਜਾਦੀਆਂ ਹਨ। ਸਿੱਖ
ਸੰਗਤਾਂ ਵੱਲੋਂ ਇਹ ਜੋੜ ਮੇਲਾ ਬਹੁਤ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਰਵਾਇਤ ਮੁਤਾਬਕ ਇਸ ਦਿਨ ਮੱਖਣ ਸ਼ਾਹ ਲੁਬਾਣਾ ਨੇ ਗੁਰੂ ਤੇਗ ਬਹਾਦਰ ਜੀ
ਨੂੰ, ਜੋ ਭੋਰੇ ਵਿੱਚ ਭਗਤੀ ਕਰ ਰਹੇ ਸਨ, ਪ੍ਰਗਟ ਕੀਤਾ ਸੀ। ਮੱਖਣ ਸ਼ਾਹ ਲੁਬਾਣਾ ਨਾਲ ਜੋੜੀ ਗਈ
ਸਾਖੀ ਵੀ ਬੜੀ ਦਿਲਚਸਪ ਹੈ। ਕਈ ਇਤਿਹਾਸਕਾਰਾਂ ਨੇ
ਇਹ ਤਾਰੀਖ 11 ਅਗਸਤ 1664 ਈ: (ਜੂਲੀਅਨ) ਲਿਖੀ ਹੈ। ਇਹ ਭਾਦੋਂ ਦੀ ਮੱਸਿਆ ਸੰਮਤ 1721 ਬਿ: ਬਣਦੀ
ਹੈ। ਜੋ ਰੱਖੜ ਪੁੰਨਿਆ ਤੋਂ 15 ਦਿਨ ਪਿਛੋਂ ਆਉਂਦੀ ਹੈ। ਭੱਟ ਵਹੀ ਮੁਤਾਬਕ ਮੱਖਣ ਸ਼ਾਹ ਲੁਬਾਣਾ,
“ਸਾਲ ਸਤਰਾਂ ਸੈ ਇਕਸੀ ਦਿਵਾਲੀ ਤੇ ਸ਼ਨੀਵਾਰ ਕੇ ਦਿਹੁੰ ਬਕਾਲੇ ਨਗਰ ਆਇਆ”। ਗਿਆਨੀ ਗਿਆਨ ਸਿੰਘ ਨੇ
ਇਹ ਤਾਰੀਖ ਵੈਸਾਖ ਵਦੀ 13 ਸੰਮਤ 1721 ਬਿ: ਲਿਖੀ ਹੈ। ਪ੍ਰੋ: ਕਰਤਾਰ ਸਿੰਘ ਨੇ ਇਹ ਤਾਰੀਖ ਚੇਤ
ਸੁਦੀ 14/23 ਚੇਤ ਸੰਮਤ 1722 ਬਿ: ਲਿਖੀ ਹੈ। ਪਰ ਅੱਜ ਸਾਡਾ ਵਿਸ਼ਾ ਇਸ ਦਿਨ ਦੇ ਇਤਿਹਾਸ ਦੀ
ਪਰਖ-ਪੜਚੋਲ ਕਰਨਾ ਨਹੀਂ ਹੈ, ਸਗੋਂ ਸਾਡਾ ਵਿਸ਼ਾ ਲੈ: ਕਰਨਲ ਸੁਰਜੀਤ ਸਿੰਘ ਨਿਸ਼ਾਨ ਦੇ ਕੈਲੰਡਰ
ਗਿਆਨ ਦੀ ਪਰਖ-ਪੜਚੋਲ ਕਰਨਾ ਹੈ। ਜੋ ਰੱਖੜ ਪੁੰਨਿਆ ਵਾਲੇ ਦਿਨ ਨਾਲ ਸਬੰਧਿਤ ਹੈ।
ਕਰਨਲ ਨਿਸ਼ਾਨ ਆਪਣੀ ਕਿਤਾਬ ‘ਗੁਰਪੁਰਬ ਦਰਪਣ” ਵਿੱਚ ਆਪਣੇ ਸਵਾਲ-ਜਵਾਬ (ਨੰਬਰ 27) ਵਿੱਚ
ਲਿਖਦੇ ਹਨ,
ਸੁਆਲ : ਜੇ ਕਰ ਕੋਈ ਗੁਰਪੁਰਬ ਮਲਮਾਸ ਵਿਚ ਆ ਜਾਏ ਤਾਂ ਕੀ ਉਹ ਗੁਰਪੁਰਬ ਨਹੀਂ ਮਣਾਇਆ ਜਾਣਾ
ਚਾਹੀਦਾ ਜਾਂ ਕਿ ਇੱਕ ਮਹੀਨਾ ਲੇਟ ਮਣਾਇਆ ਚਾਹੀਦਾ ਹੈ?
ਜੁਆਬ: ਜਿਵੇਂ ਪਹਿਲਾਂ ਕਿਹਾ ਜਾ ਚੁਕਿਆ ਹੈ ਗੁਰਸਿੱਖ ਲਈ ਕੋਈ ਮਹੀਨਾ ਮਲਮਾਸ ਜਾਂ ਗੰਦਾ ਮਹੀਨਾ ਨਹੀਂ ਸਾਰੇ ਮਹੀਨੇ ਭਲੇ ਹਨ, “ਮਾਹ ਦਿਵਸ ਮੂਰਤ ਭਲੇ...”। ਇਸ ਲਈ ਇਤਿਹਾਸ ਮੁਤਾਬਿਕ ਹੀ ਸਾਰੇ ਗੁਰਪੁਰਬ ਅਗਲੇ ਪੰਨਿਆਂ ਤੇ ਦਿੱਤੇ ਗਏ ਹਨ। ਗੁਰਪੁਰਬਾਂ ਦੀਆਂ ਤਿੱਥਾਂ ਨਿਰਧਾਰਤ ਕਰਨ ਲਈ ਇਤਿਹਾਸ ਨੂੰ ਮੁੱਖ ਰੱਖਿਆ ਗਿਆ ਹੈ ਨਾ ਕਿ ਮਲਮਾਸ ਨੂੰ। ਇਤਿਹਾਸਿਕ ਘਟਨਾ ਨੂੰ ਕਿਸੇ ਮਲਮਾਸ ਦੇ ਭਰਮ ਭੁਲੇਖੇ ਕਾਰਨ ਅੱਗੇ ਪਿਛੇ ਨਹੀਂ ਕੀਤਾ ਜਾ ਸਕਦਾ”। (ਪੰਨਾ 35)
ਇਸ ਤੋਂ ਪਹਿਲਾ ਕਿ ਕਰਨਲ ਨਿਸ਼ਾਨ ਦੀ ਕਹਿਣੀ ਅਤੇ ਕਰਨੀ ਦੀ ਪਰਖ ਕੀਤੀ ਜਾਵੇ, ਮਲ ਮਾਸ ਨੂੰ
ਸਮਝਣਾ ਬਹੁਤ ਜਰੂਰੀ ਹੈ।
ਕਰਤੇ ਦੇ ਨਿਯਮ ਅਨੁਸਾਰ, ਚੰਦ ਧਰਤੀ ਦੁਵਾਲੇ ਚੱਕਰ ਲਾਉਂਦਾ ਹੈ। ਇਹ ਚੱਕਰ 29.53 ਦਿਨਾਂ ਵਿੱਚ
ਪੂਰਾ ਹੁੰਦਾ ਹੈ। ਇਸ ਨੂੰ ਚੰਦ ਦਾ ਇਕ ਮਹੀਨਾ ਕਿਹਾ ਜਾਂਦਾ ਹੈ। ਚੰਦ ਦੇ ਸਾਲ ਵਿੱਚ 12 ਮਹੀਨੇ
(ਚੇਤ ਤੋਂ ਫੱਗਣ) ਹੁੰਦੇ ਹਨ। ਚੰਦ ਦੇ ਸਾਲ ਵਿੱਚ (29.53*12) 354.36 ਦਿਨ ਹੁੰਦੇ ਹਨ। ਇਹ
ਸੂਰਜੀ ਸਾਲ ਤੋਂ ਲੱਗ-ਭੱਗ 11 ਦਿਨ ਛੋਟਾ ਹੁੰਦਾ ਹੈ। ਚੰਦ ਦਾ ਸਾਲ ਸੂਰਜੀ ਸਾਲ ਨਾਲੋਂ ,ਇਕ ਸਾਲ
ਵਿੱਚ 11 ਦਿਨ, ਦੋ ਸਾਲ ਵਿੱਚ 22 ਦਿਨ ਅਤੇ ਤਿੰਨ ਸਾਲ ਵਿੱਚ 33 ਦਿਨ ਪਿੱਛੇ ਰਹਿ ਜਾਂਦਾ ਹੈ ਤਾਂ
ਇਸ ਨੂੰ ਸੂਰਜੀ ਸਾਲ ਦੇ ਨੇੜੇ ਤੇੜੇ ਰੱਖਣ ਲਈ, ਇਸ ਵਿੱਚ ਇਕ ਹੋਰ ਮਹੀਨਾ ਜੋੜ ਦਿੱਤਾ ਜਾਂਦਾ ਹੈ।
ਇਸ ਸਾਲ ਚੰਦ ਦੇ ਸਾਲ ਵਿਚ 13 ਮਹੀਨੇ ਅਤੇ 384 ਦਿਨ ਹੋ ਜਾਂਦੇ ਹਨ। ਅਜੇਹਾ 19 ਸਾਲਾਂ ਵਿੱਚ 7
ਵਾਰ ਕੀਤਾ ਜਾਂਦਾ ਹੈ।
ਮਲ ਮਾਸ ਕਿਹੜਾ ਹੋਵੇਗਾ? ਇਸ ਦੀ ਚੋਣ ਦਾ ਢੰਗ-ਤਰੀਕਾ ਇਹ ਹੈ ਕਿ ਜਦੋਂ ਮੱਸਿਆ ਤੋਂ
ਮੱਸਿਆ ਦਰਮਿਆਨ ਸੰਗਰਾਂਦ ਨਾ ਆਵੇ ਭਾਵ ਸੂਰਜ
ਰਾਸ਼ੀ ਨਾ ਬਦਲੇ, ਉਹ ਮਹੀਨਾ ਦੁਵਾਰਾ ਆ ਜਾਂਦਾ ਹੈ। ਇਸ ਸਾਲ (ਸੰਮਤ 2080 ਬਿਕ੍ਰਮੀ) ਵਿੱਚ ਸਾਵਣ
ਦਾ ਮਹੀਨਾ ਮਲ ਮਾਸ ਹੈ। ਉੱਤਰੀ ਭਾਰਤ ਵਿੱਚ, ਚੰਦ ਦਾ ਮਹੀਨਾ ਪੂਰਨਮੰਤਾ ਹੈ। ਇਸ ਵਿੱਚ ਵਦੀ ਪੱਖ
ਪਹਿਲਾ ਆਉਂਦਾ ਹੈ ਅਤੇ ਸੁਦੀ ਪੱਖ ਪਿੱਛੋਂ। ਇਸ ਸਾਲ ਸਾਵਣ ਦਾ ਮਹੀਨਾ (ਸਾਵਣ ਵਦੀ ਏਕਮ) 4 ਜੁਲਾਈ
ਨੂੰ ਆਰੰਭ ਹੋਇਆ ਸੀ। ਸਾਵਣ ਦੀ ਮੱਸਿਆ 17 ਜੁਲਾਈ ਨੂੰ ਆਈ ਸੀ। ਸਾਵਣ ਦੀ ਸੰਗਰਾਂਦ 16 ਜੁਲਾਈ
ਨੂੰ ਆਈ ਸੀ। ਹੁਣ ਅਗਲੀ ਮੱਸਿਆ 16 ਅਗਸਤ ਨੂੰ ਆਈ ਸੀ। ਭਾਦੋਂ ਦੀ ਸੰਗਰਾਂਦ 17 ਅਗਸਤ ਨੂੰ ਆਈ
ਸੀ। ਮੱਸਿਆ ਤੋਂ ਮੱਸਿਆ (16 ਜੁਲਾਈ ਤੋਂ 16
ਅਗਸਤ) ਦਰਮਿਆਨ ਸੰਗਰਾਂਦ ਨਾ ਆਉਣ ਕਰਕੇ ਸਾਵਣ ਦਾ ਮਹੀਨਾ ਦੁਬਾਰਾ ਆ ਗਿਆ। ਪਹਿਲੇ ਸਾਵਣ ਦਾ
ਪਹਿਲਾ ਪੱਖ (ਵਦੀ ਪੱਖ) ਚੰਗਾ, ਪਹਿਲੇ ਸਾਵਣ ਦਾ ਦੂਜਾ ਪੱਖ (ਸੁਦੀ ਪੱਖ) ਮਾੜਾ, ਦੂਜੇ ਸਾਵਣ ਦਾ
ਪਹਿਲਾ ਪੱਖ (ਵਦੀ ਪੱਖ) ਮਾੜਾ, ਦੂਜੇ ਸਾਵਣ ਦਾ ਦੂਜਾ ਪੱਖ (ਸੁਦੀ ਪੱਖ) ਚੰਗਾ। ਇਸ ਸਾਲ ਸਾਵਣ ਦਾ
ਮਹੀਨਾ 4 ਜੁਲਾਈ ਨੂੰ ਆਰੰਭ ਹੋਇਆਂ ਸੀ, ਅਤੇ 31 ਅਗਸਤ ਨੂੰ ਖਤਮ ਹੋਇਆ ਸੀ। (59 ਦਿਨਾਂ ਦਾ
ਮਹੀਨਾ) ਇਸ ਵਿੱਚ ਦੋ ਪੁੰਨਿਆ ਆਈਆਂ ਸਨ। ਪਹਿਲੀ ਪੁੰਨਿਆ 1 ਅਗਸਤ ਨੂੰ ਆਈ ਸੀ ਇਹ ਮਲਮਾਸ ਸੀ,
ਅਤੇ ਦੂਜੀ ਪੁੰਨਿਆ 31 ਅਗਸਤ ਨੂੰ ਆਈ ਸੀ ਇਹ ਸ਼ੁਭ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ
ਕੈਲੰਡਰ ਵਿੱਚ ਵੀ ‘ਜੋੜ ਮੇਲਾ ਬਾਬਾ ਬਕਾਲਾ’ 15 ਭਾਦੋਂ (31 ਅਗਸਤ) ਦਾ ਹੀ ਦਰਜ ਹੈ।
ਕਰਨਲ ਨਿਸ਼ਾਨ ਵੱਲੋਂ ਆਪਣੀ ਕਿਤਾਬ ਵਿੱਚ “ਮੇਲਾ ਬਾਬਾ ਬਕਾਲਾ (ਰੱਖੜ ਪੁੰਨਿਆ) ਸਾਵਣ ਸੁਦੀ
ਪੂਰਨਮਾਸ਼ੀ” ਦੇ ਸਿਰਲੇਖ ਹੇਠ 86 ਸਾਲਾਂ ਦੀਆਂ ਤਾਰੀਖਾਂ (2015 ਈ: ਤੋਂ 2100 ਈ:) ਦਿੱਤੀਆਂ
ਹੋਈਆਂ ਹਨ। (ਪੰਨਾ 78) ਇਸ ਸਾਲ ਦੀ ਤਾਰੀਖ 31 ਅਗਸਤ 2023 ਈ: ਦਿਨ ਵੀਰਵਾਰ ਦਰਜ ਹੈ। ਇਹ ਤਾਰੀਖ
ਦੂਜੇ ਸਾਵਣ ਦੇ ਸ਼ੁਧ ਸੁਦੀ ਪੱਖ ਵਿੱਚ ਆਈ ਪੁੰਨਿਆ ਦੀ ਹੈ। ਇਸ ਤੋਂ ਸਪੱਸ਼ਟ ਹੈ ਕਿ ਕਰਨਲ ਨਿਸ਼ਾਨ
ਨੇ ਵੀ ਤਾਰੀਖਾਂ ਦਰਜ ਕਰਨ ਵੇਲੇ ਮਲਮਾਸ ਦਾ ਖਿਆਲ ਰੱਖਿਆ ਹੈ। ਜੋ ਕਿ ਬਿਕ੍ਰਮੀ ਕੈਲੰਡਰ ਮੁਤਾਬਕ
ਤਕਨੀਕੀ ਤੌਰ ਤੇ ਠੀਕ ਹੈ ਪਰ, ਉਨ੍ਹਾਂ ਦੇ ਆਪਣੇ ਲਿਖੇ ਦੇ ਉਲਟ, “ਗੁਰਪੁਰਬਾਂ ਦੀਆਂ ਤਿੱਥਾਂ
ਨਿਰਧਾਰਤ ਕਰਨ ਲਈ ਇਤਿਹਾਸ ਨੂੰ ਮੁੱਖ ਰੱਖਿਆ ਗਿਆ ਹੈ ਨਾ ਕਿ ਮਲਮਾਸ ਨੂੰ”।
ਇਥੇ ਹੀ ਵੱਸ ਨਹੀਂ, ਚਲੋ ਮੰਨਿਆ ਕਿ ਕਿਤੇ ਕੋਈ ਗਲਤੀ ਲੱਗ ਸਕਦੀ ਹੈ। ਪਰ ਜੇ ਹਰ ਵਾਰ ਉਹੀ
ਗਲਤੀ ਦੁਹਰਾਈ ਜਾਵੇ ਤਾਂ ਸੋਚਣਾ ਬਣਦਾ ਹੈ। 21ਵੀਂ ਸਦੀ ਵਿੱਚ ਦ੍ਰਿਕਗਿਣਤ ਸਿਧਾਂਤ ਮੁਤਾਬਕ ਕੁਲ
7 ਵਾਰ, ਸਾਵਣ ਦਾ ਮਹੀਨਾ ਦੋ ਵਾਰ ਆਵੇਗਾ। ਜਦੋਂ ਕਰਨਲ ਨਿਸ਼ਾਨ ਦੀਆਂ ਸਾਰੀਆਂ ਤਾਰੀਖਾਂ ਦੀ ਪੜਤਾਲ
ਕੀਤੀ ਗਈ ਤਾਂ ਹਰ ਵਾਰ ਉਨ੍ਹਾਂ ਨੇ ਮਲਮਾਸ ਦੇ ਭਰਮ ਵਿੱਚ ‘ਮੇਲਾ ਬਾਬਾ ਬਕਾਲਾ’ ਦੂਜੀ ਪੁੰਨਿਆ
ਭਾਵ ਸ਼ੁਧ ਪੁੰਨਿਆ ਦਾ ਹੀ ਦਰਜ ਕੀਤਾ ਹੈ। ਜਦੋਂ ਕਿ ਆਪ ਹੀ ਲਿਖਦੇ ਹਨ, “ਇਤਿਹਾਸਿਕ ਘਟਨਾ ਨੂੰ
ਕਿਸੇ ਮਲਮਾਸ ਦੇ ਭਰਮ ਭੁਲੇਖੇ ਕਾਰਨ ਅੱਗੇ ਪਿਛੇ ਨਹੀਂ ਕੀਤਾ ਜਾ ਸਕਦਾ”।
ਹੁਣ 2042 ਈ: ਵਿੱਚ ਸਾਵਣ ਦਾ ਮਹੀਨਾ ਦੋ ਵਾਰ ਆਵੇਗਾ। ਇਸ ਵਿੱਚ ਦੋ ਪੁੰਨਿਆ ਹੋਣਗੀਆਂ।
ਪਹਿਲੀ ਪੁੰਨਿਆ 1 ਅਗਸਤ ਦਿਨ ਸ਼ੁੱਕਰਵਾਰ ਨੂੰ ਆਵੇਗੀ ਜੋ ਅਸ਼ੁਭ ਹੋਵੇਗੀ ਅਤੇ ਦੂਜੀ 31 ਅਗਸਤ ਨੂੰ
ਦਿਨ ਐਤਵਾਰ ਨੂੰ ਆਵੇਗੀ ਜੋ ਸ਼ੁਭ ਹੋਵੇਗੀ। ਨੱਥੀ ਕੀਤੇ ਪੰਨੇ (78) ਦੀ ਫ਼ੋਟੋ ਨੂੰ ਵੇਖੋ।
31/8/2042 ਈ: ਦਿਨ ਐਤਵਾਰ ਦਰਜ ਹੈ। ਇਸ ਤੋਂ ਅੱਗੇ 2061 ਈ:, 2069 ਈ:, 2080 ਈ:, 2088 ਈ:
ਅਤੇ 2099 ਈ: ਵਿੱਚ ਸਾਵਣ ਦੋ ਵਾਰ ਆਵੇਗਾ। ਇਨ੍ਹਾਂ ਸਾਲਾਂ ਦੀ ਪੜਤਾਲ ਕਰਨ ਤੇ ਵੇਖਿਆ ਗਿਆ ਹੈ
ਕਿ ਹਰ ਸਾਲ ‘ਮੇਲਾ ਬਾਬਾ ਬਕਾਲਾ’ ਸ਼ੁਭ-ਅਸ਼ੁਭ ਦਾ ਪੂਰਾ ਖਿਆਲ ਰੱਖ ਕੇ, ਸ਼ੁਭ ਪੁੰਨਿਆ ਦਾ ਹੀ ਦਰਜ
ਕੀਤਾ ਗਿਆ ਹੈ। ਜਦੋਂ ਕਿ ਆਪ ਹੀ ਲਿਖਦੇ ਹਨ, “ਜਿਵੇਂ ਪਹਿਲਾਂ ਕਿਹਾ ਜਾ ਚੁਕਿਆ ਹੈ ਗੁਰਸਿੱਖ ਲਈ
ਕੋਈ ਮਹੀਨਾ ਮਲਮਾਸ ਜਾਂ ਗੰਦਾ ਮਹੀਨਾ ਨਹੀਂ ਸਾਰੇ ਮਹੀਨੇ ਭਲੇ ਹਨ, “ਮਾਹ ਦਿਵਸ ਮੂਰਤ ਭਲੇ...”।
ਇਸ ਲਈ ਇਤਿਹਾਸ ਮੁਤਾਬਿਕ ਹੀ ਸਾਰੇ ਗੁਰਪੁਰਬ ਅਗਲੇ ਪੰਨਿਆਂ ਤੇ ਦਿੱਤੇ ਗਏ ਹਨ। ਗੁਰਪੁਰਬਾਂ ਦੀਆਂ
ਤਿੱਥਾਂ ਨਿਰਧਾਰਤ ਕਰਨ ਲਈ ਇਤਿਹਾਸ ਨੂੰ ਮੁੱਖ ਰੱਖਿਆ ਗਿਆ ਹੈ ਨਾ ਕਿ ਮਲਮਾਸ ਨੂੰ। ਇਤਿਹਾਸਿਕ
ਘਟਨਾ ਨੂੰ ਕਿਸੇ ਮਲਮਾਸ ਦੇ ਭਰਮ ਭੁਲੇਖੇ ਕਾਰਨ ਅੱਗੇ ਪਿਛੇ ਨਹੀਂ ਕੀਤਾ ਜਾ ਸਕਦਾ” (ਪੰਨਾ 35)
ਆਓ ਹੁਣ ਕਰਨਲ ਨਿਸ਼ਾਨ ਵੱਲੋਂ ਨਕਲ ਮਾਰ ਕੇ ਲਿਖੀਆਂ ਗਈਆਂ ਤਾਰੀਖਾਂ ਦੀ ਪੜਤਾਲ ਕਰੀਏ।
ਇਥੇ ਇਹ ਗੱਲ ਵੀ ਸਪੱਸ਼ਟ ਹੋ ਗਈ ਹੈ ਕਿ ਕਰਨਲ ਨਿਸ਼ਾਨ ਨੇ ਇਹ ਤਾਰੀਖਾਂ “Calendrical `Tabulations 1900-2200” ਵਿੱਚੋਂ ਨਕਲ ਕੀਤੀਆਂ ਹਨ। ਇਸ ਕਿਤਾਬ ਦੀ ਸਾਰੀ ਗਣਿਤ ਸੂਰਜੀ ਸਿਧਾਂਤ
ਮੁਤਾਬਕ ਹੈ। “For the Hindu Luner calendars, we follow the rules of Surya-Siddhanta”.
(xxvi) ਇਸ ਕਿਤਾਬ ਬਾਰੇ ਜੁਲਾਈ 2018 ਈ: ਦੇ ਆਖਰੀ ਹਫ਼ਤੇ
ਵੈਨਕੂਵਰ ਵਿਖੇ Canadian Sikh
Study and Teaching Society ਵੱਲੋਂ ਕਰਵਾਏ ਗਏ
ਸੈਮੀਨਾਰ ਵਿੱਚ, ਇਕ ਸਵਾਲ ਦੇ ਜਵਾਬ ਵਿੱਚ ਕਰਨਲ ਨਿਸ਼ਾਨ ਨੇ ਕਿਹਾ ਸੀ, “ਮੈਂ ਹਾਲੇ ਤੱਕ ਇਹ
ਕਿਤਾਬ ਨਹੀਂ ਵੇਖੀ”।
ਇਹ ਹੈ ਨਾਨਕਸ਼ਾਹੀ ਕੈਲੰਡਰ ਦੇ ਕੱਟੜ ਵਿਰੋਧੀ ਲੈ: ਕਰਨਲ ਸੁਰਜੀਤ ਸਿੰਘ ਨਿਸ਼ਾਨ ਦੀ ਕੈਲੰਡਰ
ਸਬੰਧੀ ਅਗਿਆਨਤਾ ਅਤੇ ਕਹਿਣੀ-ਕਰਨੀ ਦੇ ਫਰਕ ਦਾ ਸਬੂਤ। ਆਪ ਹੀ ਸਵਾਲ ਕਰਕੇ, ਆਪ ਹੀ ਜਵਾਬ ਦੇਣਾ,
ਉਹ ਵੀ 100% ਗਲਤ!... ਚਲਦਾ।