ਕਰਨਲ ਨਿਸ਼ਾਨ ਦਾ ਕੈਲੰਡਰ ਗਿਆਨ-2
ਸਰਵਜੀਤ ਸਿੰਘ ਸੈਕਰਾਮੈਂਟੋ
ਕਿਸੇ ਸਮੇਂ ਇਨਸਾਨ ਨੂੰ ਵੀ ਦਿਨ ਦੇ ਚਾਨਣ ਅਤੇ ਰਾਤ ਦੇ ਹਨੇਰੇ ਦਾ ਹੀ ਗਿਆਨ ਸੀ। ਜਦੋਂ
ਕਿਸੇ ਸਿਆਣੇ ਨੇ ਚੰਦ ਦੇ ਚਾਨਣੇ ਪੱਖ ਅਤੇ ਹਨੇਰੇ ਪੱਖ ਦਾ ਹਿਸਾਬ-ਕਿਤਾਬ ਰੱਖ ਕੇ ਕੈਲੰਡਰ ਦਾ
ਮੁੱਢ ਬੰਨਿਆਂ ਹੋਵੇਗਾ ਤਾਂ ਇਨਸਾਨ ਦੇ ਜੀਵਨ ਵਿੱਚ ਕਿੰਨੀ ਤਬਦੀਲੀ ਆਈ ਹੋਏਗੀ। ਜਦੋਂ ਇਨਸਾਨ ਦੀ ਰੁੱਤਾਂ
ਬਾਰੇ ਸਮਝ ਵਿੱਚ ਵਾਧਾ ਹੋਇਆਂ ਤਾਂ ਸੂਰਜੀ ਕੈਲੰਡਰ ਹੋਂਦ ਵਿੱਚ ਆਇਆ। ਅੱਜ ਵੀ ਦੁਨੀਆਂ ਵਿੱਚ ਚੰਦ
ਦਾ ਕੈਲੰਡਰ, ਸੂਰਜੀ ਕੈਲੰਡਰ ਅਤੇ ਦੋਵਾਂ ਦਾ ਮਿਸ਼ਰਤ, ਚੰਦਰ-ਸੂਰਜੀ ਕੈਲੰਡਰ ਪ੍ਰਚੱਲਤ ਹਨ।
ਇਸਲਾਮ ਧਰਮ ਵਿੱਚ ਪ੍ਰਚੱਲਤ ਹਿਜਰੀ ਕੈਲੰਡਰ, ਚੰਦ ਅਧਾਰਿਤ ਕੈਲੰਡਰ ਹੈ। ਦੁਨੀਆਂ ਦਾ ਸਾਂਝਾ
ਕੈਲੰਡਰ ਅਤੇ ਨਾਨਕਸ਼ਾਹੀ ਕੈਲੰਡਰ ਸੂਰਜੀ ਕੈਲੰਡਰ ਹਨ। ਬਿਕ੍ਰਮੀ ਕੈਲੰਡਰ, ਚੰਦਰ-ਸੂਰਜੀ ਕੈਲੰਡਰ
ਹੈ। ਇਨ੍ਹਾਂ ਕੈਲੰਡਰਾਂ ਦੇ ਸਾਲ ਦਾ ਆਰੰਭ ਇਕ ਖਾਸ ਸਮੇਂ ਤੇ ਹੁੰਦਾ ਹੈ। ਜਿਵੇ ਹਿਜਰੀ ਕੈਲੰਡਰ
ਦਾ ਆਰੰਭ ਇਕ ਮੁਹੱਰਮ ਤੋਂ, ਸਾਂਝੇ ਸਾਲ ਦਾ ਆਰੰਭ ਇਕ ਜਨਵਰੀ ਤੋਂ, ਨਾਨਕਸ਼ਾਹੀ ਕੈਲੰਡਰ ਦਾ ਆਰੰਭ
ਇਕ ਚੇਤ ਤੋਂ ਅਤੇ ਚੰਦ ਦੇ ਕੈਲੰਡਰ ਦਾ ਆਰੰਭ ਚੇਤ ਸੁਦੀ ਏਕਮ ਤੋਂ। ਇਥੇ ਇਕ ਹੋਰ ਨੁਕਤਾ ਵੀ
ਸਾਂਝਾ ਕਰਨਾ ਜਰੂਰੀ ਸਮਝਦਾ ਹਾਂ, ਉਹ ਇਹ ਹੈ ਕਿ ਉੱਤਰੀ ਭਾਰਤ ਵਿਚ ਚੰਦ ਦੇ ਕੈਲੰਡਰ ਦਾ ਮਹੀਨਾ
ਪੂਰਨਮੰਤਾ, ਭਾਵ ਪੁੰਨਿਆ ਤੋਂ ਪੁੰਨਿਆ ਗਿਣਿਆ ਜਾਂਦਾ ਹੈ। ਪਰ, ਸਾਲ ਦਾ ਆਰੰਭ ਮੱਸਿਆ ਤੋਂ ਅਗਲੇ
ਦਿਨ ਭਾਵ ਸੁਦੀ ਏਕਮ ਤੋਂ ਹੁੰਦਾ ਹੈ। ਇਹ ਹੀ ਕਾਰਨ ਹੈ ਕਿ ਚੇਤ ਦੇ ਮਹੀਨੇ ਦਾ ਪਹਿਲਾ ਅੱਧ ਖਤਮ
ਹੋ ਰਹੇ ਸਾਲ ਵਿੱਚ ਆਉਂਦਾ ਹੈ ਅਤੇ ਦੂਜਾ ਅੱਧ, ਨਵੇ ਸਾਲ ਵਿੱਚ ਆਉਂਦਾ ਹੈ। ਭਾਵ ਨਵਾ ਸਾਲ ਦਾ ਆਰੰਭ ਚੇਤ ਦੇ ਸੁਦੀ ਏਕਮ ਤੋਂ ਆਰੰਭ ਹੁੰਦਾ ਹੈ।
ਕਰਨਲ ਨਿਸ਼ਾਨ ਦੀ ਕਿਤਾਬ ਦੇ ਪੰਨਿਆਂ ਨੂੰ ਧਿਆਨ ਨਾਲ ਵੇਖੋ। ਸੰਮਤ 549 ਨਾਨਕਸ਼ਾਹੀ ਦਾ ਆਰੰਭ ਚੇਤ ਸੁਦੀ ਇਕ, 29 ਮਾਰਚ 2017 ਈ: ਦਿਨ ਬੁੱਧਵਾਰ (ਪੰਨਾ 84) ਦਾ ਦਰਜ ਹੈ। ਅਸਲ ਵਿੱਚ ਇਸ ਦਿਨ ਸੰਮਤ 2074 ਬਿਕ੍ਮੀ ਦਾ ਆਰੰਭ ਹੋਇਆ ਸੀ। ਸੰਮਤ 550 ਨਾਨਕਸ਼ਾਹੀ ਦਾ ਆਰੰਭ ਚੇਤ ਸੁਦੀ ਇਕ, 18 ਮਾਰਚ 2018 ਈ: ਦਿਨ ਐਤਵਾਰ (ਪੰਨਾ 85) ਅਤੇ ਸੰਮਤ 551 ਨਾਨਕਸ਼ਾਹੀ ਦਾ ਆਰੰਭ ਚੇਤ ਸੁਦੀ ਇਕ, 6 ਅਪ੍ਰੈਲ 2019 ਈ: ਦਿਨ ਸ਼ਨਿੱਚਰਵਾਰ (ਪੰਨਾ 87) ਨੂੰ ਹੁੰਦਾ ਦਰਸਾਇਆ ਗਿਆ ਹੈ। ਜਦੋਂ ਕਿ ਨਾਨਕਸ਼ਾਹੀ ਸੰਮਤ ਦਾ ਆਰੰਭ, ਹਰ ਸਾਲ 1 ਚੇਤ (14 ਮਾਰਚ) ਤੋਂ ਹੁੰਦਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ਨਾਮ ਹੇਠ ਛਾਪਿਆ ਜਾਂਦਾ ਬਿਕ੍ਰਮੀ ਕੈਲੰਡਰ ਵੀ ਸੂਰਜੀ ਹੈ। ਇਸ ਦੇ ਨਵੇਂ ਸਾਲ ਦਾ ਆਰੰਭ ਵੀ ਅੱਜ ਕੱਲ 1 ਚੇਤ/ 14 ਮਾਰਚ ਤੋਂ ਹੀ ਹੁੰਦਾ ਹੈ ਪਰ 2027 ਈ: ਵਿੱਚ ਇਸ ਦਾ ਆਰੰਭ 1 ਚੇਤ/15 ਮਾਰਚ ਨੂੰ ਹੋਵੇਗਾ।
ਇਥੇ ਇਕ ਹੋਰ ਨੁਕਤਾ ਵੀ ਧਿਆਨ ਦੀ ਮੰਗ ਕਰਦਾ ਹੈ। ਕਰਨਲ ਨਿਸ਼ਾਨ ਮੁਤਾਬਕ, ਚੇਤ ਸੁਦੀ ਏਕਮ 29 ਮਾਰਚ 2017 ਈ:, ਦਿਨ ਬੁੱਧਵਾਰ ਦਰਜ ਹੈ। ਜਦੋਂ ਕਿ ਜੰਤਰੀਆਂ ਮੁਤਾਬਕ 29 ਮਾਰਚ ਦਿਨ ਬੁੱਧਵਾਰ ਨੂੰ ਚੇਤ ਸੁਦੀ ਦੂਜ ਸੀ। ਬਿਕ੍ਰਮੀ ਕੈਲੰਡਰ ਵਿੱਚ ਦਿਨ ਦਾ ਆਰੰਭ ਸੂਰਜ ਚੜਨ ਵੇਲੇ ਤੋਂ ਹੁੰਦਾ ਹੈ। ਚੰਦ ਦੀ ਜੋ ਤਿੱਥ ਸਵੇਰੇ ਸੂਰਜ ਚੜਨ ਵੇਲੇ ਹੁੰਦੀ ਹੈ, ਉਹ ਹੀ ਗਿਣੀ ਜਾਂਦੀ ਹੈ। 28 ਮਾਰਚ 2017 ਈ: ਦਿਨ ਮੰਗਲਵਾਰ ਨੂੰ ਸਵੇਰੇ 6:25 ਤੇ ਸੂਰਜ ਚੜਿਆ ਸੀ। ਇਸ ਵੇਲੇ ਚੇਤ ਵਦੀ ਮੱਸਿਆ ਸੀ। ਜੋ ਲੱਗ ਭੱਗ 8.27 ਮਿੰਟ ਤੇ ਖਤਮ ਹੋ ਗਈ ਸੀ। ਅਤੇ ਚੇਤ ਸੁਦੀ ਏਕਮ ਆਰੰਭ ਹੋ ਗਈ ਸੀ। ਜੋ ਬੁੱਧਵਾਰ ਸਵੇਰੇ ਸੂਰਜ ਚੜਨ ਤੋਂ ਪਹਿਲਾ ਹੈ, ਲੱਗ ਭੱਗ 5.45 ਤੇ ਖਤਮ ਹੋ ਗਈ ਸੀ ਜਦੋਂ ਕਿ ਬੁੱਧਵਾਰ ਨੂੰ ਸੂਰਜ ਲੱਗ ਭੱਗ 6.23 ਮਿੰਟ ਤੇ ਚੜਿਆ ਸੀ ਉਸ ਵੇਲੇ ਚੇਤ ਸੁਦੀ ਦੂਜ ਸੀ। ਚੇਤ ਸੁਦੀ ਏਕਮ ਤਾਂ ਆਈ ਹੀ ਨਹੀ, ਇਸ ਕਾਰਨ ਚੰਦ ਦੇ ਨਵੇਂ ਸਾਲ ਦਾ ਆਰੰਭ 28 ਮਾਰਚ ਦਿਨ ਮੰਗਲਵਾਰ ਨੂੰ ਹੋਇਆ ਸੀ। ਪੰਚਾਂਗ ਦਿਵਾਕਰ, ਸ਼੍ਰੋਮਣੀ ਤਿੱਥ ਪਤ੍ਰਿਕਾ, ਅਤੇ ਮੁਫੀਦ ਆਲਮ ਜੰਤਰੀ, ਆਦਿ ਤਾਂ ਗੁੰਝਲਦਾਰ ਹਨ। ਮੰਨਿਆ, ਕੋਈ ਗਲਤੀ ਹੋ ਸਕਦੀ ਹੈ। ਨਾਨਕਸ਼ਾਹੀ ਕੈਲੰਡਰ ਦੇ ਕੱਟੜ ਅਲੋਚਕ ਨੂੰ, ਘੱਟੋ ਘੱਟ ਖਾਲਸਾ ਹੀਰਾ ਜੰਤਰੀ ਤਾਂ ਪੜ੍ਹਨੀ ਆਉਣੀ ਚਾਹੀਦੀ ਹੈ। 29 ਮਾਰਚ ਦਿਨ ਬੁੱਧਵਾਰ ਨੂੰ ਚੇਤ ਸੁਦੀ ਏਕਮ, ਸੂਰਜੀ ਸਿਧਾਂਤ ਮੁਤਾਬਕ ਆਈ ਸੀ ਨਾਕਿ ਦ੍ਰਿਕਗਿਣਤ ਸਿਧਾਂਤ ਮੁਤਾਬਕ।
ਕਰਨਲ ਨਿਸ਼ਾਨ ਵੱਲੋਂ ਸੰਮਤ 549 ਦਾ ਆਰੰਭ ਚੇਤ ਸੁਦੀ ਇਕ, 29 ਮਾਰਚ ਦਿਨ ਬੁੱਧਵਾਰ ਨੂੰ ਲਿਖਣਾ ਇਹ ਸਾਬਿਤ ਕਰਦਾ ਹੈ ਕਿ ਇਨ੍ਹਾਂ ਨੇ ਇਹ ਤਾਰੀਖ਼ “Calendrical Tabulations 1900-2200” ਤੋਂ ਨਕਲ ਕੀਤੀ ਹੈ। ਯਾਦ ਰਹੇ ਜੁਲਾਈ 2018 ਈ: ਦੇ ਆਖਰੀ ਹਫ਼ਤੇ ਵੈਨਕੂਵਰ ਵਿਖੇ Canadian Sikh Study and Teaching Society ਵੱਲੋਂ ਕਰਵਾਏ ਗਏ ਸੈਮੀਨਾਰ ਵਿੱਚ ਕਰਨਲ ਨਿਸ਼ਾਨ ਨੇ ਕਿਹਾ ਸੀ, “ਮੈਂ ਹਾਲੇ ਤੱਕ ਇਹ ਕਿਤਾਬ ਨਹੀਂ ਵੇਖੀ”। ਅਤੇ ਇਹ ਵੀ ਕਿਹਾ ਸੀ ਕਿ ਗਣਿਤ ਮੈਂ ਆਪ ਕੀਤੀ ਹੈ। ਉਹ ਵੀ ਦ੍ਰਿਗ ਗਣਿਤ ਸਿਧਾਂਤ ਮੁਤਾਬਕ ਕੀਤੀ ਹੈ। ਇਥੇ ਕਰਨਲ ਨਿਸ਼ਾਨ ਦਾ ਇਹ ਝੂਠ ਵੀ ਫੜਿਆ ਗਿਆ ਹੈ। ਮੈਂ ਪੂਰੀ ਜਿੰਮੇਵਾਰੀ ਨਾਲ ਲਿਖ ਰਿਹਾ ਹਾਂ ਕਿ ਕਰਨਲ ਨਿਸ਼ਾਨ ਨੂੰ ਗਣਿਤ ਕਰਨੀ ਨਹੀਂ ਆਉਂਦੀ। ਇਨ੍ਹਾਂ ਨੇ ਸਾਰੀਆਂ ਤਾਰੀਖਾਂ, “Calendrical Tabulations 1900-2200” ਤੋਂ ਨਕਲ ਕੀਤੀਆਂ ਹਨ। ਉਸ ਕਿਤਾਬ ਵਿੱਚ ਸਾਰੀ ਗਣਿਤ ਸੂਰਜੀ ਸਿਧਾਂਤ ਮੁਤਾਬਕ ਹੈ। “For the Hindu lunar calendar, we follow the rules of the Surya-Siddhanta, as amended by Ganesa Daivajna.” (xxvi) ਕਰਨਲ ਨਿਸ਼ਾਨ ਨੇ, ਬਿਨਾ ਸੋਚੇ ਸਮਝੇ ਉਥੋਂ ਨਕਲ ਮਾਰ ਕੇ ਆਪਣੀ ਕਿਤਾਬ ਵਿੱਚ ਤਾਰੀਖ਼ਾਂ ਲਿਖ ਦਿੱਤੀਆਂ ਹਨ।
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੇ ਗਏ, ਨਾਨਕਸ਼ਾਹੀ ਸੰਮਤ 549, 550 ਅਤੇ 551 ਦੇ ਕੈਲੰਡਰਾਂ ਨੂੰ ਵੇਖੋ। ਹਰ ਨਵੇਂ ਸਾਲ ਦਾ ਆਰੰਭ 14 ਮਾਰਚ ਤੋਂ ਹੁੰਦਾ ਹੈ। ਕਰਨਲ ਨਿਸ਼ਾਨ ਦੀ ਕਿਤਾਬ ਦੇ ਪੰਨਾ 84 ਦੀ ਫ਼ੋਟੋ ਨੂੰ ਵੇਖੋ। “ਚੇਤ ਗੋਬਿੰਦ ਅਰਾਧੀਏ” ਭਾਵ ਚੇਤ ਦੀ ਸੰਗਰਾਂਦ ਦੇ ਸਾਹਮਣੇ ਨਾਨਕਸ਼ਾਹੀ 548, ਮੰਗਲਵਾਰ, 14 ਮਾਰਚ 2017 ਈ: ਦਰਜ ਹੈ। ਸੰਮਤ 548 ਤੋਂ 549, ਚੇਤ ਸੁਦੀ 1, ਦਿਨ ਬੁੱਧਵਾਰ 29 ਮਾਰਚ 2017 ਨੂੰ ਹੁੰਦਾ ਹੈ। ਇਸ ਦਿਨ ਤਾਂ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਮੁਤਾਬਕ ਤਾਂ ਉਸ ਦਿਨ 16 ਚੇਤ ਸੀ। ਇਸੇ ਤਰ੍ਹਾਂ ਹੀ, ਸੰਮਤ 550 ਦਾ ਆਰੰਭ (ਪੰਨਾ 85) 18 ਮਾਰਚ ਦਾ ਦਰਜ ਹੈ। ਸ਼੍ਰੋਮਣੀ ਕਮੇਟੀ ਦਾ ਕੈਲੰਡਰ ਵੇਖੋ, 18 ਮਾਰਚ ਨੂੰ 5 ਚੇਤ ਸੀ। ਸੰਮਤ 551 ਦਾ ਆਰੰਭ, (ਪੰਨਾ 86) ਚੇਤ ਸੁਦੀ ਏਕਮ, 6 ਅਪ੍ਰੈਲ ਦਿਨ ਸ਼ਨਿੱਚਰਵਾਰ ਦਾ ਦਰਜ ਹੈ। ਚੇਤ ਸੁਦੀ ਏਕਮ, 6 ਅਪ੍ਰੈਲ ਨੂੰ ਸੰਮਤ 551 ਨਾਨਕਸ਼ਾਹੀ ਦਾ ਨਹੀਂ, ਸੰਮਤ 2075 ਬਿਕ੍ਰਮੀ ਦਾ ਆਰੰਭ ਹੋਇਆ ਸੀ। ਸੰਮਤ 551 ਨਾਨਕਸ਼ਾਹੀ ਦਾ ਤਾਂ ਉਸ ਦਿਨ 24 ਚੇਤ ਸੀ।
ਇਸ ਤੋਂ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਨਾਨਕਸ਼ਾਹੀ ਕੈਲੰਡਰ ਦੇ ਕੱਟੜ
ਵਿਰੋਧੀ ਅਤੇ ਸੰਤ ਸਮਾਜ ਦੇ ਸਲਾਹਕਾਰ, ਲੈ: ਕਰਨਲ ਸੁਰਜੀਤ ਸਿੰਘ ਨਿਸ਼ਾਨ ਨੂੰ, ਕਿਤਾਬ ਲਿਖਣ ਵੇਲੇ
ਤੱਕ (2016 ਈ:) ਇਹ ਜਾਣਕਾਰੀ ਨਹੀਂ ਸੀ ਕਿ ਨਾਨਕਸ਼ਾਹੀ ਸੰਮਤ ਦਾ ਆਰੰਭ 1 ਚੇਤ ਤੋਂ ਹੁੰਦਾ ਹੈ
ਜਾਂ ਚੇਤ ਸੁਦੀ ਏਕਮ ਤੋਂ? ਬੜੇ ਦੁੱਖ ਨਾਲ ਲਿਖਣਾ ਪੈ ਰਿਹਾ ਹੈ ਕਿ ਜਿਸ ਨੂੰ ਕੰਧ ਉੱਤੇ ਟੰਗਿਆ
ਕੈਲੰਡਰ ਵੀ ਵੇਖਣਾ ਨਹੀਂ ਆਉਂਦਾ, ਉਹ ਨਾਨਕਸ਼ਾਹੀ
ਕੈਲੰਡਰ ਅਤੇ ਉਸ ਦੇ ਨਿਰਮਾਤਾ ਸ. ਪਾਲ ਸਿੰਘ ਪੁਰੇਵਾਲ ਦੀ ਅਲੋਚਨਾ ਕਰ ਰਿਹਾ ਹੈ। “ਅਖੇ, ਮੈਂ
1999 ਈ: ਵਿੱਚ ਸਿੰਘ ਸਾਹਿਬ ਨੂੰ ਨਾਨਕਸ਼ਾਹੀ ਕੈਲੰਡਰ ਦੀਆਂ ਖ਼ਾਮੀਆਂ ਤੋਂ ਜਾਣੂ ਕਰਵਾ ਦਿੱਤਾ
ਸੀ”।