ਜੋਤੀ ਜੋਤਿ ਦਿਵਸ
ਗੁਰੂ ਨਾਨਕ ਸਾਹਿਬ ਜੀ
8 ਅੱਸੂ ਬਨਾਮ ਅੱਸੂ
ਵਦੀ 10
ਸਰਵਜੀਤ ਸਿੰਘ ਸੈਕਰਾਮੈਂਟੋ
ਗੁਰੂ ਨਾਨਕ ਸਾਹਿਬ ਜੀ ਦੀ ਜਨਮ
ਤਾਰੀਖ ਬਾਰੇ ਹੀ ਨਹੀਂ, ਗੁਰੂ ਨਾਨਕ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ ਬਾਰੇ ਵੀ
ਵਿਦਵਾਨਾਂ ਵਿੱਚ ਮੱਤ ਭੇਦ ਹਨ। ਗੁਰੂ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਦੀਆਂ ਵੀ ਦੋ ਤਾਰੀਖਾਂ
ਮਿਲਦੀਆਂ ਹਨ। ਅੱਸੂ ਵਦੀ 10 ਅਤੇ ਅੱਸੂ ਸੁਦੀ 10, ਸੰਮਤ 1596 ਬਿਕ੍ਰਮੀ। ਅੱਸੂ ਵਦੀ 10 ਵਾਲੇ
ਦਿਨ ਦਾ ਜੇ ਪ੍ਰਵਿਸ਼ਟਾ (ਸੰਗਰਾਂਦੀ ਤਾਰੀਖ) ਵੇਖੀਏ ਤਾਂ ਇਹ 8 ਅੱਸੂ ਦਿਨ ਐਤਵਾਰ ਸੀ। ਜਦੋਂ ਇਸ
ਨੂੰ ਅੰਗਰੇਜੀ ਕੈਲੰਡਰ ਵਿੱਚ ਲਿਖਿਆ ਗਿਆ ਤਾਂ ਇਹ 7 ਸਤੰਬਰ 1539 ਈ: (ਜੂਲੀਅਨ) ਲਿਖੀ ਗਈ। ਅੱਸੂ
ਸੁਦੀ 10 ਵਾਲੇ ਦਿਨ 23 ਅੱਸੂ ਦਿਨ ਸੋਮਵਾਰ ਅਤੇ 22 ਸਤੰਬਰ (ਜੂਲੀਅਨ) ਸੀ। ਇਨ੍ਹਾਂ ਦੋਵਾਂ
ਤਾਰੀਖਾਂ ਵਿੱਚ 15 ਦਿਨਾਂ ਦਾ ਫ਼ਰਕ ਹੈ। ਬਿਕ੍ਰਮੀ ਕੈਲੰਡਰ ਦੀਆਂ ਤਾਰੀਖਾਂ ਬਾਰੇ ਇਹ ਮੰਨਿਆ
ਜਾਂਦਾ ਹੈ ਕਿ ਜੇ ਕਿਸੇ ਇਕ ਦਿਹਾੜੇ ਦੀ ਤਾਰੀਖ ਵਿੱਚ 15 ਦਿਨ੍ਹਾਂ ਦਾ ਫ਼ਰਕ ਹੋਵੇ ਤਾਂ ਇਹ
ਵਦੀ-ਸੁਦੀ ਦਾ ਭੁਲੇਖਾ ਹੋ ਸਕਦਾ ਹੈ। ਗੁਰੂ ਜੀ ਦੇ ਜੋਤੀ ਜੋਤ ਸਮਾਉਣ ਦੀ ਅਸਲ ਤਾਰੀਖ ਅੱਸੂ ਵਦੀ
10 ਨੂੰ ਕਿਸੇ ਇਕ ਲਿਖਾਰੀ ਨੇ ਭੁਲੇਖੇ ਨਾਲ ਅੱਸੂ ਸੁਦੀ 10 ਲਿਖ ਦਿੱਤਾ ਤਾਂ ਪਿਛੋਂ ਲਿਖਣ ਵਾਲੇ
ਲਿਖਾਰੀਆਂ ਨੇ ਬਿਨਾ ਸੋਚੇ-ਸਮਝੇ ਇਹ ਤਾਰੀਖ ਪ੍ਰਚੱਲਤ ਕਰ ਦਿੱਤੀ। ਜਦੋਂ ਬਿਕ੍ਰਮੀ ਕੈਲੰਡਰ ਦੀਆਂ
ਤਾਰੀਖਾਂ ਨੂੰ ਅੰਗਰੇਜੀ ਤਾਰੀਖਾਂ ਵਿੱਚ ਲਿਖਣ ਦਾ ਰਿਵਾਜ ਪਿਆ ਤਾਂ ਤਾਰੀਖਾਂ ਬਦਲੀ ਕਰਨ ਵੇਲੇ
ਲਿਖਾਰੀਆਂ ਤੋਂ ਜਾਣੇ-ਅਣਜਾਣੇ ਹੋਰ ਗਲਤੀਆਂ ਹੋ ਗਈਆਂ।
ਡਾ ਹਰਜਿੰਦਰ ਸਿੰਘ ਦਿਲਗੀਰ ਵੀ
ਇਸ ਭੁਲੇਖੇ ਦਾ ਸ਼ਿਕਾਰ ਹੋ ਗਿਆ। “22 ਸਤੰਬਰ 1539 ਦੇ ਦਿਨ ਗੁਰੂ ਨਾਨਕ ਸਾਹਿਬ ਕਰਤਾਰਪੁਰ ਵਿੱਚ ਜੋਤੀ ਜੋਤ ਸਮਾ ਗਏ” (ਸਿੱਖ ਤਵਾਰੀਖ਼
ਪਹਿਲਾ ਹਿੱਸਾ 1469 ਤੋਂ 1708, ਪੰਨਾ 177 ) 22 ਸਤੰਬਰ ਮੁਤਾਬਕ ਇਹ ਅੱਸੂ ਸੁਦੀ 10 ਬਣਦੀ ਹੈ।
ਡਾ ਸੁਖਦਿਆਲ ਸਿੰਘ ਨੇ ਅੱਸੂ ਵਦੀ 10 ਤਾਂ ਠੀਕ ਲਿਖੀ ਹੈ ਪਰ ਅੰਗਰੇਜੀ ਤਾਰੀਖ ਲਿਖਣ ਵੇਲੇ ਗਲਤੀ
ਕਰ ਗਏ। “ਅੱਸੂ ਵਦੀ ਦਸਮੀ ਸੰਮਤ 1596 ਬਿ: ਮੁਤਾਬਕ 22 ਸਤੰਬਰ, 1539 ਈ: ਵਿਚ ਜੋਤੀ ਜੋਤ ਸਮਾ
ਗਏ”, (ਪੰਜਾਬ ਦਾ ਇਤਿਹਾਸ, ਗੁਰ ਕਾਲ 1469-1708, ਪੰਨਾ 48)। ਅੱਸੂ ਵਦੀ 10 ਮੁਤਾਬਕ ਤਾਂ 7
ਸਤੰਬਰ (ਜੂਲੀਅਨ) ਬਣਦੀ ਹੈ। ‘ਗੁਰਬਾਣੀ ਪਾਠ ਦਰਪਣ’ ਵਿੱਚ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਦੀ
ਤਾਰੀਖ, “1596 ਬਿ: ਅੱਸੂ ਵਦੀ ਦਸਮੀ, ਸ੍ਰੀ ਕਰਤਾਰਪੁਰ ਸਾਹਿਬ, 10 ਅਕਤੂਬਰ 1596 ਈ:” ਦਰਜ ਹੈ।
(ਪੰਨਾ 11) ਇਥੇ ਵੀ ਅੱਸੂ ਵਦੀ ਦਸਮੀ ਤਾਂ ਠੀਕ ਹੈ ਪਰ ਅੰਗਰੇਜੀ ਤਾਰੀਖ 10 ਅਕਤੂਬਰ ਗਲਤ ਹੈ। 10
ਅਕਤੂਬਰ ਨੂੰ ਤਾਂ ਕੱਤਕ ਵਦੀ ਚੌਦਸ ਸੀ। ਹੱਥ ਲਿਖਤ ਬੀੜਾ ਵਿੱਚ ਗੁਰੂ ਜੀ ਦੇ ਜੋਤੀ ਜੋਤ
ਸਮਾਉਣ ਦੀ ਤਾਰੀਖ ਅੱਸੂ ਵਦੀ 10 ਸੰਮਤ 1596 ਬਿ:
ਦਰਜ ਹੈ। ਇਹ ਹੀ ਪ੍ਰਮਾਣਿਕ ਤਾਰੀਖ ਹੈ।
ਗੁਰੂ ਕਾਲ ਵੇਲੇ
ਆਪਣੇ ਦੇਸ਼ ਵਿੱਚ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ (ਸੂਰਜੀ ਸਿਧਾਂਤ) ਪ੍ਰਚੱਲਤ ਸੀ। ਇਸ ਕੈਲੰਡਰ
ਵਿੱਚ ਦੋਵੇਂ ਤਰ੍ਹਾਂ ਹੀ (ਵਦੀ-ਸੁਦੀ ਅਤੇ ਪ੍ਰਵਿਸ਼ਟੇ) ਤਾਰੀਖਾਂ ਲਿਖੀਆਂ ਜਾਂਦੀਆਂ ਸਨ। ਜਿਵੇ
ਚੰਦ ਦੇ ਕੈਲੰਡਰ ਮੁਤਾਬਕ ਗੁਰੂ ਨਾਨਕ ਸਾਹਿਬ ਜੀ ਦੇ ਜੋਤੀ
ਜੋਤ ਸਮਾਉਣ ਦੀ ਤਾਰੀਖਾਂ ਅੱਸੂ ਵਦੀ 10 ਅਤੇ ਸੂਰਜੀ ਕੈਲੰਡਰ
ਮੁਤਾਬਕ ਖਾਲਸਾ ਸਾਜਨਾ ਦਿਵਸ 1 ਵੈਸਾਖ। ਹੁਣ ਜੇ ਇਨ੍ਹਾਂ ਦੋਵਾਂ ਤਾਰੀਖ ਨੂੰ, ਦੋਵਾਂ ਵਿਧੀਆਂ
ਨਾਲ ਲਿਖੀਏ ਤਾਂ ਇਹ 8 ਅੱਸੂ/ ਅੱਸੂ ਵਦੀ 10 ਅਤੇ 1 ਵੈਸਾਖ/ ਚੇਤ ਸੁਦੀ 9, ਲਿਖੀਆਂ
ਜਾਣਗੀਆਂ ।
ਅੱਸੂ ਵਦੀ 10
ਚੰਦ ਦੇ ਕੈਲੰਡਰ ਦੀ ਤਾਰੀਖ ਹੈ। ਚੰਦ ਦੇ ਕੈਲੰਡਰ ਮੁਤਾਬਕ ਸਾਲ ਵਿੱਚ 354.37 ਦਿਨ ਹੁੰਦੇ ਹਨ। ਦੂਜੇ ਪਾਸੇ ਸਾਲ ਦੀ ਪ੍ਰੀਭਾਸ਼ਾ, ਧਰਤੀ ਦਾ ਸੂਰਜ ਦੁਵਾਲੇ ਇਕ ਚੱਕਰ
ਹੈ ਨਾਕਿ ਚੰਦ ਦੇ ਧਰਤੀ ਦੁਵਾਲੇ 12 ਚੱਕਰ। ਧਰਤੀ ਸੂਰਜ ਦੁਵਾਲੇ ਇਕ ਚੱਕਰ 365.2422 ਦਿਨਾਂ
ਵਿੱਚ ਪੂਰਾ ਕਰਦੀ ਹੈ। ਇਥੋਂ
ਇਹ ਸਪੱਸ਼ਟ ਹੋ ਗਿਆ ਹੈ ਕਿ ਚੰਦ ਦਾ ਸਾਲ ਸੂਰਜੀ ਸਾਲ ਤੋਂ 11 ਦਿਨ ਛੋਟਾ ਹੈ। ਇਹ ਹੈ ਸਾਡੀ ਸਮੱਸਿਆ ਦੀ ਅਸਲ ਜੜ੍ਹ।
ਹੁਣ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਜੀ ਦਾ ਜੋਤੀ ਜੋਤ ਸਮਾਉਣ ਦਾ ਦਿਹਾੜਾ ਚੰਦ ਦੇ ਕੈਲੰਡਰ ਮੁਤਾਬਕ, ਅੱਸੂ ਵਦੀ 10 ਨੂੰ ਮਨਾਉਂਦੇ ਹਾਂ ਤਾਂ ਇਹ ਹਰ ਸਾਲ ਪਿਛਲੇ ਸਾਲ ਤੋਂ ਆਮ ਤੌਰ ਤੇ 11 ਦਿਨ ਪਹਿਲਾ ਆ ਜਾਂਦਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਛਾਪੇ ਜਾਂਦੇ ਕੈਲੰਡਰਾਂ ਨੂੰ ਧਿਆਨ ਵਾਲ ਵੇਖੋ। ਸੰਮਤ 553 ਨਾਨਕਸ਼ਾਹੀ (2021-22 ਈ:) ਵਿੱਚ ਇਹ ਦਿਹਾੜਾ 16 ਅੱਸੂ ਦਾ ਦਰਜ ਸੀ। ਸੰਮਤ 554 ਨਾਨਕਸ਼ਾਹੀ (2022-23 ਈ:) ਵਿੱਚ ਇਹ ਦਿਹਾੜਾ 4 ਅੱਸੂ ਦਾ ਦਰਜ ਸੀ। ਇਸ ਹਿਸਾਬ ਨਾਲ ਤਾਂ, ਇਸ ਸਾਲ ਭਾਵ ਸੰਮਤ 555 ਨਾਨਕਸ਼ਾਹੀ (2023-24 ਈ:) 24 ਭਾਦੋਂ ਦਾ ਦਰਜ ਹੋਣਾ ਚਾਹੀਦਾ ਸੀ ਪਰ ਨਹੀਂ, ਇਸ ਸਾਲ ਇਹ ਦਿਹਾੜਾ 23 ਅੱਸੂ ਦਾ ਦਰਜ ਹੈ ।ਅਜੇਹਾ ਕਿਉਂ?
ਇਸ ਦਾ ਕਾਰਨ ਇਹ
ਹੈ ਕਿ ਜਦੋਂ ਚੰਦ ਦਾ ਸਾਲ ਸੂਰਜੀ ਸਾਲ ਨਾਲੋਂ ਇਕ ਸਾਲ ਵਿਚ 11 ਦਿਨ, ਦੋ ਸਾਲਾਂ ਵਿੱਚ 22 ਦਿਨ ਪਿਛੇ ਰਹਿ ਜਾਵੇ ਤਾਂ ਇਸ ਨੂੰ ਸੂਰਜੀ ਸਾਲ ਦੇ ਨੇੜੇ-ਤੇੜੇ
ਰੱਖਣ ਲਈ ਇਸ ਵਿਚ ਇਕ ਮਹੀਨਾ ਹੋਰ ਜੋੜ ਦਿੱਤਾ ਜਾਂਦਾ ਹੈ ਅਤੇ ਚੰਦ ਦੇ ਸਾਲ ਦੇ 13 ਮਹੀਨੇ ਅਤੇ 384-85 ਦਿਨ ਹੁੰਦੇ ਹਨ। ਇਸ ਸਾਲ ਭਾਵ ਸੰਮਤ 2080
ਬਿਕ੍ਰਮੀ (2023-24 ਈ:) ਵਿੱਚ ਚੰਦ ਦੇ ਸਾਲ ਦੇ 13 ਮਹੀਨੇ ਹਨ । ਸਾਵਣ ਦਾ ਮਹੀਨਾ ਦੋ ਵਾਰ ਆਇਆ
ਹੈ। ਇਹ ਤੇਰਵਾਂ ਮਹੀਨਾ ਜਿਸ ਨੂੰ ਲੌਂਦ ਦਾ
ਮਹੀਨਾ ਜਾਂ ਮਲ ਮਾਸ ਕਿਹਾ ਜਾਂਦਾ ਹੈ। ਹਿੰਦੂ ਮਤ ਅਨੁਸਾਰ ਇਹ ਮਹੀਨਾ ਮਾੜਾ ਹੁੰਦਾ ਹੈ। ਇਸ ਵਿੱਚ
ਕੋਈ ਸ਼ੁੱਭ ਕੰਮ ਨਹੀਂ ਕੀਤਾ ਜਾਂਦਾ। ਮਲ ਮਾਸ ਤੋਂ ਪਿਛੋਂ ਆਉਣ ਵਾਲੇ ਦਿਨ ਤਿਉਹਾਰ, ਪਿਛਲੇ ਸਾਲ ਨਾਲੋਂ 11 ਦਿਨ ਪਹਿਲਾ ਆਉਣ ਦੀ ਬਿਜਾਏ 18/19 ਦਿਨ ਪੱਛੜ ਕੇ
ਆਉਂਦੇ ਹਨ। ਸ਼੍ਰੋਮਣੀ ਕਮੇਟੀ ਦੇ ਕੈਲੰਡਰ ਮੁਤਾਬਕ ਜਿਹੜਾ ਦਿਹਾੜਾ, ਇਸ ਸਾਲ ਭਾਵ
ਸੰਮਤ 555 ਨਾਨਕਸ਼ਾਹੀ (2023-24 ਈ:) 24 ਭਾਦੋਂ
ਦਾ ਦਰਜ ਹੋਣਾ ਚਾਹੀਦਾ ਸੀ ਉਹ ਦਿਹਾੜਾ 23 ਅੱਸੂ ਦਾ ਦਰਜ ਹੈ।
ਸ਼੍ਰੋਮਣੀ
ਗੁਰਦਵਾਰਾ ਪ੍ਰਬੰਧਕ ਕਮੇਟੀ, ਕੈਲੰਡਰ ਤਾਂ ਸੂਰਜੀ ਬਿਕ੍ਰਮੀ (ਦ੍ਰਿਕ ਗਿਣਤ ਸਿਧਾਂਤ) ਛਾਪਦੀ ਹੈ,
ਪਰ ਕੁਝ ਦਿਹਾੜੇ ਵਦੀ-ਸੁਦੀ ਭਾਵ ਚੰਦ ਦੇ ਕੈਲੰਡਰ ਮੁਤਾਬਕ ਨਿਰਧਾਰਤ ਕਰਦੀ ਹੈ। ਇਸ ਕਾਰਨ ਹਰ ਸਾਲ
ਉਨ੍ਹਾਂ ਦਿਹਾੜਿਆਂ ਦਾ ਪ੍ਰਵਿਸ਼ਟਾ ਬਦਲ ਜਾਂਦਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਜਿਹੜੇ ਦਿਹਾੜੇ
ਸੂਰਜੀ ਕੈਲੰਡਰ ਮੁਤਾਬਕ ਮਨਾਏ ਜਾਂਦੇ ਹਨ ਉਨ੍ਹਾਂ ਦਾ ਪ੍ਰਵਿਸ਼ਟਾ ਹਰ ਸਾਲ ਉਹੀ ਰਹਿੰਦਾ ਹੈ।
ਜਿਵੇਂ ਵੈਸਾਖੀ ਹਰ ਸਾਲ ਇਕ ਵੈਸਾਖ ਦੀ ਹੀ ਦਰਜ ਹੁੰਦੀ ਹੈ। ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ
ਦਿਹਾੜਾ 8 ਪੋਹ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 13 ਪੋਹ ਆਦਿ। ਜੇ ਗੁਰੂ ਨਾਨਕ ਜੀ
ਦਾ ਜੋਤੀ ਜੋਤ ਦਿਹਾੜਾ ਵੀ ਪ੍ਰਵਿਸ਼ਟਿਆਂ ਮੁਤਾਬਕ ਹੀ ਮਨਾਇਆ ਜਾਵੇ ਤਾਂ ਇਹ ਹਰ ਸਾਲ 8 ਅੱਸੂ ਨੂੰ
ਹੀ ਆਵੇਗਾ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਦਾ ਜੋਤੀ ਜੋਤ ਦਿਵਸ ਹਰ ਸਾਲ
8 ਅੱਸੂ ਨੂੰ ਕਿਉਂ ਨਹੀਂ ਮਨਾਇਆ ਜਾਂਦਾ? ਇਹ ਦਿਹਾੜਾ ਜਾਂ ਹੋਰ ਦਿਹਾੜੇ ਜੋ ਚੰਦ ਦੇ ਕੈਲੰਡਰ
ਮੁਤਾਬਕ ਹਰ ਸਾਲ ਬਦਲਵੇਂ ਪ੍ਰਵਿਸ਼ਟੇ ਨੂੰ ਮਨਾਏ ਜਾਂਦੇ ਹਨ, ਉਹ ਸਾਰੇ ਦਿਹਾੜੇ ਹਰ ਸਾਲ ਸੂਰਜੀ
ਕੈਲੰਡਰ ਮੁਤਾਬਕ ਮਨਾਉਣ ਨਾਲ ਗੁਰਮਤਿ ਦੇ ਕਿਹੜੇ ਸਿਧਾਂਤ ਦੀ ਅਵੱਗਿਆ ਹੁੰਦੀ ਹੈ?
“ਅਨੇਕਾਂ ਸਿਆਣੇ
ਸੱਜਣਾਂ ਦਾ ਵਿਚਾਰ ਹੈ ਕਿ ਗੁਰਪੁਰਬ ਸਾਰੇ ਸੂਰਜ-ਸੰਮਤ ਵਿੱਚ, ਪ੍ਰਵਿਸ਼ਟਿਆਂ ਦੇ ਅਧਾਰ ਪੁਰ ਮਨਾਏ
ਜਾਣੇ ਚਾਹੀਦੇ ਹਨ। ਸੋ, ਸਾਰੀਆਂ ਮੁਖੀ-ਸੋਸਾਇਟੀਆਂ ਨੂੰ ਇਸ ਮਸਲੇ `ਤੇ ਪੂਰੇ ਗਹੁ ਨਾਲ ਵਿਚਾਰ
ਕਰਕੇ, ਦੋ-ਟੁਕ ਫੈਸਲਾ ਕਰਨਾ ਚਾਹੀਦਾ ਹੈ; ਤਾਂ ਜੋ ਅੱਗੋਂ ਲਈ ਝਗੜੇ-ਝਮੇਲੇ ਮਿਟ ਜਾਣ, ਤੇ
ਸਹੀ-ਸਿੱਧੀ ਤੇ ਸੋਖੀ ਪ੍ਰਪਾਟੀ ਪੈ ਜਾਵੇ।” (ਗੁਰ-ਪ੍ਰਣਾਲੀਆਂ, ਸ਼੍ਰੋਮਣੀ ਗੁ: ਪ੍ਰ: ਕਮੇਟੀ ,
ਪੰਨਾ 279)