Saturday, November 18, 2023

ਜੋਤੀ ਜੋਤਿ ਦਿਵਸ-ਗੁਰੂ ਗੋਬਿੰਦ ਸਿੰਘ ਜੀ

 

ਜੋਤੀ ਜੋਤਿ ਦਿਵਸ-ਗੁਰੂ ਗੋਬਿੰਦ ਸਿੰਘ ਜੀ

ਇਤਿਹਾਸ ਨੂੰ ਕੌਣ ਵਿਗਾੜ ਰਿਹਾ ਹੈ?

ਸਿੱਖ ਇਤਿਹਾਸ ਦੀਆਂ ਕਈ ਤਾਰੀਖਾਂ ਬਾਰੇ ਵਿਦਵਾਨਾਂ ਵਿੱਚ ਮੱਤ-ਭੇਦ ਹਨ; ਪਰ ਗੁਰੂ ਸਾਹਿਬ ਜੀ ਦੇ ਜੋਤੀ ਜੋਤਿ ਸਮਾਉਣ ਦੀਆਂ ਤਾਰੀਖਾਂ ਅਤੇ ਸ਼ਹੀਦੀ ਦਿਹਾੜਿਆਂ ਦੀਆਂ ਤਾਰੀਖਾਂ ਬਾਰੇ ਕੋਈ ਮੱਤ-ਭੇਦ ਨਹੀਂ ਹੈ। ਆਪਣੇ ਖਿੱਤੇ ਵਿੱਚ ਪ੍ਰਚੱਲਤ ਕੈਲੰਡਰ, ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ (ਸੂਰਜੀ ਸਿਧਾਂਤ, ਸਾਲ ਦੀ ਲੰਬਾਈ 365.2587 ਦਿਨ) ਮੁਤਾਬਕ ਗੁਰੂ ਗੋਬਿੰਦ ਸਿੰਘ ਜੀ 7 ਕੱਤਕ, ਕੱਤਕ ਸੁਦੀ 5 ਸੰਮਤ 1765 ਬਿਕ੍ਰਮੀ, ਦਿਨ ਵੀਰਵਾਰ ਨੂੰ ਜੋਤੀ ਜੋਤਿ ਸਮਾਏ ਸਨ। ਅੰਗਰੇਜਾਂ ਦੇ ਆਉਣ ਤੋਂ ਪਿਛੋਂ ਜਦੋਂ ਅੰਗਰੇਜੀ ਤਾਰੀਖਾਂ ਲਿਖਣ ਦਾ ਰਿਵਾਜ ਪਿਆ ਤਾਂ ਇਹ ਤਾਰੀਖ 7 ਅਕਤੂਬਰ 1708 ਈ: (ਜੂਲੀਅਨ) ਲਿਖੀ ਗਈ।

“ਅਗਲੇ ਦਿਨ ਕੱਤਕ ਸੁਦੀ ੫ (੭ ਕੱਤਕ ) ਸੰਮਤ ੧੭੬੫ ਮੁਤਾਬਕ ੭ ਅਕਤੂਬਰ ਸੰਨ ੧੭੦੮ ਨੂੰ ਆਪ ਜੀ ਜੋਤੀ ਜੋਤਿ ਸਮਾ ਗਏ”। (ਪ੍ਰੋ ਕਰਤਾਰ ਸਿੰਘ. ਸਿੱਖ ਇਤਿਹਾਸ ਭਾਗ ੧, ਪੰਨਾ ੪੫੬, ਪ੍ਰਕਾਸ਼ਕ, ਸਕੱਤਰ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ)

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ 10 ਸਾਲਾਂ ਦੇ ਛਾਪੇ ਗਏ, ਦੋ ਮੈਂਬਰੀ ਕੈਲੰਡਰ ਵਿਗਾੜੂ ਕਮੇਟੀ ਦੇ ਮੈਂਬਰਾਂ ਦੇ ਨਾਮ ਨਾਲ ਜਾਣੇ ਜਾਂਦੇ ‘ਧੁਮੱਕੜਸ਼ਾਹੀ ਕੈਲੰਡਰ’ ਦੀ ਜਦੋਂ ਪੜਤਾਲ ਕੀਤੀ ਤਾਂ ਬੜੀ ਹੈਰਾਨੀ ਜਨਕ ਜਾਣਕਾਰੀ ਸਾਹਮਣੇ ਆਈ ਹੈ। ਨੱਥੀ ਕੀਤੀ ਫ਼ੋਟੋ ਨੂੰ ਧਿਆਨ ਨਾਲ ਵੇਖੋ। ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਉਣ ਦੇ ਦਿਹਾੜੇ ਦਾ ਪ੍ਰਵਿਸ਼ਟਾ ਹਰ ਸਾਲ ਬਦਲ ਜਾਂਦਾ ਹੈ। ਇਹ 9 ਕੱਤਕ (25 ਅਕਤੂਬਰ) ਤੋਂ 5 ਮੱਘਰ (19 ਨਵੰਬਰ) ਦੇ ਦਰਮਿਆਨ ਘੁੰਮ ਰਿਹਾ ਹੈ। ਜਦੋਂ ਕਿ ਸਾਰੇ ਪੁਰਾਤਨ ਇਤਿਹਾਸਿਕ ਵਸੀਲਿਆਂ ਮੁਤਾਬਕ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਦਿਹਾੜਾ 7 ਕੱਤਕ, ਸੰਮਤ 1765 ਬਿਕ੍ਰਮੀ ਹੈ।

ਸ਼੍ਰੋਮਣੀ ਕਮੇਟੀ ਹਰ ਸਾਲ ਸੂਰਜੀ ਬਿਕ੍ਰਮੀ ਕੈਲੰਡਰ (ਚੇਤ ਤੋਂ ਫੱਗਣ) ਛਾਪਦੀ ਹੈ। ਸੂਰਜੀ ਕੈਲੰਡਰ ਵਿੱਚ ਹਰ ਸਾਲ, ਹਰ ਦਿਹਾੜਾ ਮੁੜ ਉਸੇ ਪ੍ਰਵਿਸ਼ਟੇ ਨੂੰ ਹੀ ਆਉਂਦਾ ਹੈ। ਜਿਵੇਂ ਇਸ ਕੈਲੰਡਰ ਵਿੱਚ ਵੈਸਾਖੀ ਹਰ ਸਾਲ 1 ਵੈਸਾਖ, ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 8 ਪੋਹ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 13 ਪੋਹ ਦਾ ਹੀ ਦਰਜ ਹੁੰਦਾ ਹੈ। ਤਾਂ ਸਵਾਲ ਪੈਦਾ ਹੁੰਦਾ ਹੈ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਦਿਵਸ ਦਾ ਪ੍ਰਵਿਸ਼ਟਾ ਹਰ ਸਾਲ ਬਦਲ ਕਿਉ ਜਾਂਦਾ ਹੈ? ਸ਼੍ਰੋਮਣੀ ਕਮੇਟੀ ਇਹ ਦਿਹਾੜਾ ਹਰ ਸਾਲ ਅਸਲ ਪ੍ਰਵਿਸ਼ਟੇ, 7 ਕੱਤਕ ਨੂੰ ਕਿਉ ਨਹੀਂ ਦਰਜ ਕਰਦੀ? ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ, ਇਤਿਹਾਸ ਨੂੰ ਵਿਗਾੜਨ ਦੀ ਇਹ ਬੜੀ ਉਘੜਵੀਂ ਮਿਸਾਲ ਹੈ।  ਖਾਲਸਾ ਜੀ, ਜਾਗੋ!