ਗੁਰੂ ਨਾਨਕ ਜੀ ਦਾ ਪ੍ਰਕਾਸ਼ ਦਿਹਾੜਾ
ਕੱਤਕ ਕਿ ਮੱਘਰ
ਪਿਛਲੇ ਕਈ ਦਿਨਾਂ ਤੋਂ ਇਹ ਸਵਾਲ ਵਾਰ-ਵਾਰ ਸਾਹਮਣੇ ਆ ਰਿਹਾ ਹੈ ਕਿ ਇਸ ਸਾਲ ਗੁਰੂ ਨਾਨਕ ਜੀ ਦਾ ਜਨਮ ਦਿਹਾੜਾ ਮੱਘਰ ਦੀ ਪੁੰਨਿਆ ਨੂੰ ਹੈ, ਕੱਤਕ ਦੀ ਪੁੰਨਿਆ ਤਾਂ ਲੰਘ ਚੁੱਕੀ ਹੈ, ਇਸ ਸਾਲ ਇਹ ਦਿਹਾੜਾ ਮੱਘਰ `ਚ ਕਿਉ ਮਨਾਇਆ ਜਾ ਰਿਹਾ ਹੈ? ਆਦਿ। ਕਈ ਸੱਜਣਾਂ ਨਾਲ ਇਸ ਬਾਰੇ ਨਿੱਜੀ ਤੌਰ ਤੇ ਜਾਣਕਾਰੀ ਸਾਂਝੀ ਕੀਤੀ ਹੈ। ਅੱਜ ਫੇਰ ਇਹ ਸਵਾਲ ਆਇਆ ਹੈ, ਅਤੇ ਇਕ ਸੱਜਣ ਦਾ ਸੁਝਾਓ ਵੀ ਆਇਆ ਹੈ ਕਿ ਇਸ ਸਵਾਲ ਦਾ ਜਵਾਬ ਲਿਖ ਕੇ ਹੀ ਪਾ ਦਿਓ। ਆਓ ਇਸ ਬਾਰੇ ਵਿਚਾਰ ਸਾਂਝੇ ਕਰੀਏ।
ਭਾਵੇ ਇਹ ਘੋੜੇ ਚੜ੍ਹੀ ਸਚਾਈ ਹੈ ਕਿ ਗੁਰੂ ਨਾਨਕ ਜੀ ਦਾ ਜਨਮ ਵੈਸਾਖ ਵਿੱਚ ਹੋਇਆਂ ਸੀ, ਪਰ
ਪ੍ਰਚੱਲਤ ਰਵਾਇਤ ਮੁਤਾਬਕ ਇਹ ਦਿਹਾੜਾ ਕੱਤਕ ਦੀ ਪੁੰਨਿਆ ਨੂੰ ਮਨਾਇਆ ਜਾਂਦਾ ਹੈ। ਭਾਈ ਬਾਲੇ ਦੇ
ਨਾਮ ਨਾਲ ਜਾਣੀ ਜਾਂਦੀ ਜਨਮ ਸਾਖੀ, ਜਿਹੜੀ ਕਿ 1658-59 ਈ: ਵਿੱਚ ਬਾਬਾ ਹੰਦਾਲ ਦੇ ਛੋਟੇ ਪੁੱਤਰ
ਬਿਧੀ ਚੰਦ ਵੱਲੋਂ, ਲਾਹੌਰ ਨਿਵਾਸੀ ਗੋਰਖ ਦਾਸ ਤੋਂ ਲਿਖਵਾਈ ਗਈ ਸੀ, ਵਿੱਚ ਪਹਿਲੀ ਵਾਰ ਗੁਰੂ ਨਾਨਕ ਜੀ ਦੀ ਜਨਮ ਤਾਰੀਖ ਕੱਤਕ ਦੀ ਪੁੰਨਿਆ
ਲਿਖੀ ਗਈ ਸੀ। ਇਹ ਚੰਦ ਦੇ ਕੈਲੰਡਰ ਦੀ ਤਾਰੀਖ ਹੈ।
ਗੁਰੂ ਕਾਲ ਵੇਲੇ, ਆਪਣੇ ਖਿੱਤੇ ਵਿੱਚ ਬਿਕ੍ਰਮੀ ਕੈਲੰਡਰ ਪ੍ਰਚੱਲਤ ਸੀ। ਇਸ ਦਾ ਸਹੀ ਨਾਮ
‘ਚੰਦਰ-ਸੂਰਜੀ ਬਿਕ੍ਰਮੀ (ਸੂਰਜੀ ਸਿਧਾਂਤ) ਕੈਲੰਡਰ ਹੈ। ਇਸ ਵਿੱਚ ਚੰਦ ਦਾ ਮਹੀਨਾ ਅਤੇ ਸੂਰਜੀ
ਮਹੀਨਾ ਦੋਵੇਂ ਇਕੱਠੇ ਚਲਦੇ ਹਨ। ਅੱਜ-ਕਲ ਸੂਰਜੀ ਸਾਲ 1 ਚੇਤ (14 ਮਾਰਚ) ਤੋਂ ਆਰੰਭ ਹੁੰਦਾ ਹੈ
ਅਤੇ 30 ਫੱਗਣ (13 ਮਾਰਚ) ਨੂੰ ਖਤਮ ਹੁੰਦਾ ਹੈ। ਸੂਰਜੀ ਸਾਲ ਵਿੱਚ 365 ਦਿਨ ਹੁੰਦੇ ਹਨ। ਚੰਦ ਦਾ
ਸਾਲ ਚੇਤ ਸੁਦੀ ਏਕਮ ਤੋਂ ਆਰੰਭ ਹੁੰਦਾ ਹੈ ਅਤੇ ਚੇਤ ਦੀ ਮੱਸਿਆ ਨੂੰ ਖਤਮ ਹੁੰਦਾ ਹੈ। ਚੇਤ ਦਾ
ਅੱਧਾ ਮਹੀਨਾ ਪਿਛਲੇ ਸਾਲ ਦੇ ਅਖੀਰ ਵਿੱਚ ਅਤੇ ਅੱਧਾ ਮਹੀਨਾ ਨਵੇਂ ਸਾਲ ਦੇ ਆਰੰਭ ਵਿੱਚ ਆਉਂਦਾ
ਹੈ। ਚੰਦ ਦੇ ਸਾਲ ਵਿੱਚ 354 ਦਿਨ ਹੁੰਦੇ ਹਨ। ਇਹ ਸਾਲ ਸੂਰਜੀ ਸਾਲ ਤੋਂ 11 ਦਿਨ ਛੋਟਾ ਹੋਣ ਕਾਰਨ
ਇਸ ਦੇ ਆਰੰਭ ਦੀ ਤਾਰੀਖ ਹਰ ਸਾਲ ਬਦਲ ਜਾਂਦੀ ਹੈ। ਆਮ ਤੌਰ ਤੇ ਇਹ ਪਿਛਲੇ ਸਾਲ ਤੋਂ 11 ਦਿਨ ਪਹਿਲਾ ਆਰੰਭ ਹੁੰਦਾ ਹੈ। ਚੰਦ ਦੇ ਸਾਲ ਨੂੰ
ਸੂਰਜੀ ਸਾਲ ਦੇ ਨੇੜੇ-ਤੇੜੇ ਰੱਖਣ ਲਈ ਤੀਜੇ-ਚੌਥੇ
ਸਾਲ (19 ਸਾਲਾਂ ਵਿੱਚ 7 ਵਾਰ) ਇਸ ਵਿੱਚ ਇਕ ਹੋਰ ਮਹੀਨਾ ਜੋੜ ਦਿੱਤਾ ਜਾਂਦਾ ਹੈ ਜਿਸ ਨੂੰ ਮਲ
ਮਾਸ (ਅਸ਼ੁਭ ਮਹੀਨਾ) ਕਹਿੰਦੇ । ਇਸ ਸਾਲ (ਸੰਮਤ 2080 ਬਿਕ੍ਰਮੀ, 2023-24 ਈ:) ਸਾਵਣ ਦਾ ਮਹੀਨਾ
ਮਲ ਮਾਸ ਸੀ। ਇਸ ਕਾਰਨ ਸਾਲ ਦੇ ਦਿਨ੍ਹਾਂ ਦੀ ਗਿਣਤੀ 385 ਹੋ ਗਈ ਹੈ। ਮਲ ਮਾਸ ਤੋਂ ਪਿਛੋਂ ਆਉਣ
ਵਾਲੇ ਸਾਰੇ ਦਿਨ-ਤਿਉਹਾਰ, ਪਿਛਲੇ ਸਾਲ ਤੋਂ 18-19 ਦਿਨ ਪੱਛੜ ਕੇ ਆਉਂਦੇ ਹਨ।
ਗੁਰੂ ਨਾਨਕ ਜੀ ਦਾ ਜਨਮ ਦਿਹਾੜਾ, ਕੱਤਕ ਦੀ ਪੁੰਨਿਆ ਅਨੁਸਾਰ ਪਿਛਲੇ ਸਾਲ 23 ਕੱਤਕ (8
ਨਵੰਬਰ) ਨੂੰ ਆਇਆ ਸੀ। ਇਸ ਸਾਲ ਮਲ ਮਾਸ ਆਉਣ ਕਾਰਨ ਇਹ 12 ਮੱਘਰ (27 ਨਵੰਬਰ) ਨੂੰ ਆਵੇਗਾ। ਅਗਲੇ
ਸਾਲ ਇਹ 2 ਮੱਘਰ (15 ਨਵੰਬਰ) ਨੂੰ ਅਤੇ 2025 ਈ: ਵਿੱਚ 20 ਕੱਤਕ (5 ਨਵੰਬਰ) ਅਤੇ 2026 ਈ:
ਵਿੱਚ ਜੇਠ ਦਾ ਮਹੀਨਾ ਮਲ ਮਾਸ (ਅਸ਼ੁਭ) ਆਉਣ ਕਾਰਨ ਇਹ ਦਿਹਾੜਾ 8 ਮੱਘਰ (24 ਨਵੰਬਰ) ਨੂੰ ਆਵੇਗਾ।
ਚੰਦ ਦੇ ਕੈਲੰਡਰ ਮੁਤਾਬਕ ਇਹ ਦਿਹਾੜਾ ਹਰ ਸਾਲ ਕੱਤਕ ਦੀ ਪੁੰਨਿਆ ਨੂੰ ਹੀ ਆਉਂਦਾ ਹੈ। ਪ੍ਰਵਿਸ਼ਟਾ
ਅਤੇ ਤਾਰੀਖ ਹਰ ਸਾਲ ਬਦਲ ਜਾਂਦੀ ਹੈ। ਇਸ ਸਾਲ ਵੀ ਇਹ ਦਿਹਾੜਾ ਕੱਤਕ ਦੀ ਪੁੰਨਿਆ ਮੁਤਾਬਕ 27
ਨਵੰਬਰ ਨੂੰ ਆ ਰਿਹਾ ਹੈ। ਇਸ ਦਿਨ ਸੂਰਜੀ ਮਹੀਨੇ ਮੱਘਰ ਦੀ 12 ਤਾਰੀਖ ਹੋਵੇਗੀ। ਚੰਦ ਦੇ ਮੱਘਰ
ਮਹੀਨੇ ਦਾ ਆਰੰਭ (ਮੱਘਰ ਵਦੀ ਏਕਮ) 28 ਨਵੰਬਰ ਨੂੰ ਹੋਵੇਗਾ। ਇਸ ਲਈ ਇਹ ਸਮਝਣਾ ਕਿ ਇਸ ਸਾਲ ਗੁਰੂ
ਨਾਨਕ ਜੀ ਦਾ ਜਨਮ ਦਿਹਾੜਾ ਮੱਘਰ ਦੀ ਪੁੰਨਿਆ ਨੂੰ ਆ ਰਿਹਾ ਹੈ, ਠੀਕ ਨਹੀਂ ਹੈ।
ਸ਼੍ਰੋਮਣੀ ਗੁਰਦਵਾਰਾ
ਪ੍ਰਬੰਧਕ ਕਮੇਟੀ ਦੀ ਪਤਾ ਨਹੀਂ ਕੀ ਮਜ਼ਬੂਰੀ ਹੈ ਕਿ ਉਹ ਤਾਰੀਖਾਂ ਸਬੰਧੀ ਭੰਵਲਭੂਸਾ ਪਾਈ ਰੱਖਣਾ
ਚਾਹੁੰਦੀ ਹੈ। ਗੁਰੂ ਸਾਹਿਬ ਨਾਲ
ਸਬੰਧਿਤ ਦਿਹਾੜੇ ਮਨਾਉਂਦੀ ਤਾਂ ਵਦੀ-ਸੁਦੀ ਮੁਤਾਬਕ ਹੈ ਪਰ ਦਰਜ ਪ੍ਰਵਿਸ਼ਟਿਆਂ ਵਿੱਚ ਕਰਦੀ ਹੈ।
ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਤਾਂ ਸਾਰੇ ਦਿਹਾੜੇ ਅਸਲ ਪ੍ਰਵਿਸ਼ਟਿਆਂ ਮੁਤਾਬਕ ਹੀ ਮਨਾਵੇ
ਜਾਂ ਮੁੜ ਚੰਦਰ- ਸੂਰਜੀ ਕੈਲੰਡਰ ( (Lunisolar Calendar) ਛਾਪਣਾ ਆਰੰਭ ਕਰੇ,
ਜਿਵੇ ਪਿਛਲੀ ਸਦੀ ਵਿੱਚ ਛਾਪਦੀ ਸੀ। ਪਰ ਬੜੇ ਅਫ਼ਸੋਸ ਨਾਲ ਲਿਖਣਾ ਪੈ ਰਿਹਾ ਹੈ ਸ਼੍ਰੋਮਣੀ ਕਮੇਟੀ
ਤੋਂ ਅਜੇਹੀ ਕੋਈ ਆਸ ਕਰਨੀ ‘ਇੱਲ ਦੇ ਆਲ੍ਹਣੇ ਤੋਂ ਮਾਸ’ ਭਾਲਣ ਵਾਂਗ ਹੀ ਹੈ।