Showing posts with label ਜਨਮਸਾਖੀ-ਭਾਈ ਬਾਲਾ. Show all posts
Showing posts with label ਜਨਮਸਾਖੀ-ਭਾਈ ਬਾਲਾ. Show all posts

Monday, August 11, 2014

ਜਨਮਸਾਖੀ-ਭਾਈ ਬਾਲਾ

ਜਨਮਸਾਖੀ-ਭਾਈ ਬਾਲਾ
ਸਰਵਜੀਤ ਸਿੰਘ ਸੈਕਰਾਮੈਂਟੋ
ਜਨਮ ਅਤੇ ਸਾਖੀ ਦੇ ਮੇਲ ਤੋਂ ਬਣੇ ਜਨਮਸਾਖੀ ਦਾ ਭਾਵ ਹੈ ਜਨਮ ਦੀ ਗਵਾਹੀਸਿੱਖ ਇਤਹਾਸ ਨਾਲ ਸਬੰਧਿਤ ਜਨਮ ਸਾਖੀਆਂ, ਕੇਵਲ ਜਨਮ ਦੀ ਗਵਾਹੀ ਹੀ ਨਹੀ ਸਗੋਂ ਜੀਵਨ ਦੀ ਕਹਾਣੀ ਹੈ। ਵਿਦਵਾਨਾਂ ਦੀ ਮੱਤ ਹੈ ਕਿ ਜਨਮ ਸਾਖੀ ਗੁਰੂ ਜੀ ਦੇ ਜਨਮ ਨਾਲ ਸਬੰਧਿਤ ਸਾਖੀ ਦਾ ਸਿਰਲੇਖ ਸੀ ਜੋ ਹੌਲੀ-ਹੌਲੀ ਸਾਖੀਆਂ ਦੇ ਸਮੂਹ ਦਾ ਹੀ ਨਾਮ ਬਣ ਗਿਆ। ਸਿੱਖ ਇਤਿਹਾਸ ਦੇ ਪੁਰਾਤਨ ਵਸੀਲਿਆਂ ਵਿਚ ਜਨਮ ਸਾਖੀਆਂ ਦਾ ਮਹੱਤਵਪੂਰਨ ਅਸਥਾਨ ਹੈ। ਸਿੱਖ ਸਾਹਿਤ ਵਿਚ ਮਿਲਦੀਆਂ ਜਨਮ ਸਾਖੀਆਂ, ਪੁਰਾਤਨ ਜਨਮਸਾਖੀ ਜੋ ਹਾਫ਼ਜ਼ਾ ਵਾਦੀ, ਵਲਾਇਤ ਵਾਲੀ ਅਤੇ ਕੌਲਬਰੁਕ ਵਾਲੀ ਜਨਮਸਾਖੀ ਆਦਿ ਨਾਵਾਂ ਨਾਲ ਵੀ ਜਾਣੀ ਜਾਂਦੀ ਹੈ, ਮਿਹਰਬਾਨ ਵਾਲੀ ਜਨਮਸਾਖੀ, ਆਦਿ ਸਾਖੀਆਂ ਜਾਂ ਸ਼ੰਭੂ ਨਾਥ ਵਾਲੀ ਜਨਮ ਪਤ੍ਰੀ, ਭਾਈ ਬਾਲੇ ਵਾਲੀ ਜਨਮਸਾਖੀ ਅਤੇ ਗਿਆਨ ਰਤਨਾਵਲੀ ਜਾਂ ਭਾਈ ਮਨੀ ਸਿੰਘ ਵਾਲੀ ਜਨਮਸਾਖੀ, ਜਨਮਸਾਖੀ ਨਾਨਕ ਸ਼ਾਹ ਕੀ, ਕ੍ਰਿਤ ਸੰਤ ਦਾਸ ਛਿੱਬਰ ਵਾਲੀ ਜੋ ਭਾਈ ਬਾਲੇ ਵਾਲੀ ਦਾ ਹੀ ਕਾਵਿਕ ਰੂਪ ਹੈ, ਪ੍ਰਸਿੱਧ ਹਨ ਜਨਮ ਸਾਖੀਆਂ ਵਿੱਚ ਸਭ ਤੋਂ ਵੱਧ ਪ੍ਰਚੱਲਤ ਹੈ ਭਾਈ ਬਾਲੇ ਵਾਲੀ ਜਨਮਸਾਖੀ। ਇਸ ਦੇ ਪ੍ਰਚੱਲਤ ਹੋਣ ਦਾ ਕਾਰਨ ਹੈ ਪਿਛਲੀ ਡੇਢ ਸਦੀ ਤੋਂ ਗੁਰਦਵਾਰਿਆਂ ਵਿੱਚ ਭਾਈ ਸੰਤੋਖ ਸਿੰਘ ਦੇ ਲਿਖੇ ਸੂਰਜ ਪ੍ਰਕਾਸ਼ ਦੀ ਹੋ ਰਹੀ ਕਥਾ। ਇਸ ਜਨਮਸਾਖੀ ਦੇ ਹੱਥ ਲਿਖਤ ਉਤਾਰੇ ਬਹੁਤ ਮਿਲਦੇ ਹਨ ਅਤੇ ਨਵੇ ਜ਼ਮਾਨੇ ਵਿੱਚ ਇਸੇ ਨੂੰ ਹੀ ਛਾਪੇ ਖ਼ਾਨੇ ਵਾਲਿਆਂ ਨੇ ਛਾਪਿਆ ਹੈ। ਮੇਰੇ ਪਾਸ ਭਾਈ ਚਤਰ ਸਿੰਘ ਜੀਵਨ ਸਿੰਘ ਵੱਲੋਂ 2000 `ਚ ਛਾਪੀ ਗਈ ਭਾਈ ਬਾਲੇ ਬਾਲੀ ਜਨਮ ਸਾਖੀ ਹੈ ਜੋ 32ਵੀਂ ਐਡੀਸ਼ਨ ਹੈ। ਇਸ `ਚ ਕੋਈ ਸ਼ੱਕ ਨਹੀ ਕਿ ਭਾਈ ਬਾਲੇ ਦੇ ਨਾਮ ਨਾਲ ਜਾਣੀ ਜਾਂਦੀ ਜਨਮਸਾਖੀ ਦਾ ਹੀ ਪ੍ਰਚਾਰ ਸਭ ਤੋਂ ਵੱਧ ਹੋਇਆ ਹੈਦੂਜੇ ਪਾਸੇ ਇਹ ਵੀ ਸੱਚ ਹੈ ਕਿ ਜਨਮ ਸਾਖੀਆਂ ਦੀ ਪ੍ਰਮਾਣਿਕਤਾ ਬਾਰੇ ਵੀ ਸਭ ਤੋਂ ਵੱਧ ਪਰਖ-ਪੜਚੋਲ, ਭਾਈ ਬਾਲੇ ਵਾਲੀ ਜਨਮ ਸਾਖੀ ਦੀ ਹੀ ਹੋਈ ਹੈ।
ਜਨਮ ਸਾਖੀ ਦੀ ਪਰਖ-ਪੜਚੋਲ ਦਾ ਸਭ ਤੋਂ ਪਹਿਲ ਇਸ਼ਾਰਾ ਭਾਈ ਮਨੀ ਸਿੰਘ ਜੀ ਵਾਲੀ ਜਨਮ ਸਾਖੀ ਵਿਚ ਮਿਲਦਾ ਹੈ। ਸਿੰਘ ਸਭਾ ਦੇ ਸਮੇਂ 1884 ਵਿਚ ਪ੍ਰੋ: ਗੁਰਮੁਖ ਸਿੰਘ ਜੀ ਨੇ ‘ਜਨਮ ਕੁੰਡਲੀਆਂ’ ਲੇਖ ਆਪਣੀ ਸੁਧਾਰਕ ਨਾਂ ਦੀ ਮਾਸਿਕ ਪਤ੍ਰਿਕਾ `ਚ ਛਾਪਿਆ ਸੀ। ਪਰ ਠੋਸ ਆਲੋਚਨਾਤਮਿਕ ਅਧਿਐਨ ਦਾ ਮੁੱਢ ਸ. ਕਰਮ ਸਿੰਘ ਹਿਸਟੋਰੀਅਨ ਨੇ 1912 ਵਿਚ, ‘ਕੱਤਕ ਕਿ ਵੈਸਾਖ’ ਲਿਖ ਕੇ ਬੰਨ੍ਹਿਆਂ ਸੀ। ਵਿਦਿਅਕ ਅਦਾਰਿਆਂ ਵਿਚ ਵੱਡੀ ਪੱਧਰ ਤੇ ਇਸ ਵਿਸ਼ੇ ਤੇ ਖੋਜ ਕਾਰਜ ਦਾ ਅਰੰਭ, ਗੁਰੂ ਨਾਨਕ ਜੀ ਦੇ ਪ੍ਰਕਾਸ਼ ਦੀ ਪੰਜਵੀਂ ਸ਼ਤਾਬਦੀ ਭਾਵ 1969 ਦੇ ਆਸ-ਪਾਸ ਹੀ ਹੋਇਆ ਸੀ ਸ. ਕਰਮ ਸਿੰਘ ਹਿਸਟੋਰੀਅਨ ਜੀ ਲਿਖਦੇ ਹਨ, “ਭਾਈ ਬਾਲੇ ਵਾਲੀ ਜਨਮਸਾਖੀ ਦੀ ਪੁਰਾਣੀ ਤੋਂ ਪੁਰਾਣੀ ਕਾਪੀ ਜੋ ਮਿਲ ਸਕੀ ਹੈ ਉਹ ਜਗਰਾਵੀਂ ਇਕ ਡੇਰੇ ਵਿਚੋਂ ਮਿਲੀ ਹੈ, ਇਸ ਦੇ ਲਿਖੇ ਜਾਣ ਦਾ ਸੰਮਤ ੧੭੮੧ ਮਿਤੀ ਮੱਘਰ ਵਦੀ ਦਸਮੀ ਹੈ (18 ਨਵੰਬਰ 1725 ਯੂਲੀਅਨ) ਇਸ ਤੋਂ ਪਹਿਲਾਂ ਦੀ ਲਿਖੀ ਹੋਈ ਕਾਪੀ ਨਹੀਂ ਮਿਲਦੀ” (ਪੰਨਾ 115) ਹੁਣ ਖੋਜੀ ਵਿਦਵਾਨਾਂ ਨੂੰ ਸੰਮਤ 1715/1658 ਈ: ਦੀ ਲਿਖੀ ਹੋਈ ਹੱਥ ਲਿਖਤ ਮਿਲੀ ਹੈ ਜੋ ਸ੍ਰੀ ਪਿਆਰੇ ਲਾਲ ਕਪੂਰ, ਦਿੱਲੀ ਦੀ ਸੰਤਾਨ ਪਾਸ ਸੁਰਖਿਅਤ ਹੈ। ਹੁਣ ਤਾਈਂ ਮਿਲੀਆਂ ਹੱਥ ਲਿਖਤਾਂ `ਚ ਇਹ ਸਭ ਤੋਂ ਪੁਰਾਣੀ ਹੱਥ ਲਿਖਤ ਮੰਨੀ ਗਈ ਹੈ।
ਕੋਈ ਸਮਾਂ ਸੀ ਜਦੋਂ ਸਾਧਨਾਂ ਦੀ ਕਮੀ ਕਾਰਨ ਸਿੱਖਾਂ ਵਿੱਚ ਪੜ੍ਹਨ ਦੀ ਬਹੁਤੀ ਰੁਚੀ ਨਹੀ ਸੀਆਪ ਪੜ੍ਹਨ ਅਤੇ ਪਰਖ ਪੜਚੋਲ ਦੀ ਬਜਾਏ, ਅਨਪੜ੍ਹ ਪ੍ਰਚਾਰਕਾਂ ਵੱਲੋਂ ਸੁਣਾਈਆਂ ਸਾਖੀਆਂ ਨੂੰ ਹੀ ਸੱਚ ਮੰਨ ਲਿਆ ਜਾਂਦਾ ਸੀ ਅੱਜ ਸਾਡੇ ਪਾਸ ਬਹੁਤ ਸਾਰੇ ਸਾਧਨ ਹਨ ਅਤੇ ਪ੍ਰਚਾਰਕਾਂ ਦੀ ਨਵੀਂ ਪੀੜ੍ਹੀ, ਕੁਝ ਇਕ ਨੂੰ ਛੱਡ ਕੇ, ਪੜ੍ਹੀ ਲਿਖੀ ਹੈ ਜੋ ਇਤਿਹਾਸ `ਚ ਦਰਜ ਸਾਖੀਆਂ ਨੂੰ ਗੁਰਬਾਣੀ ਦੀ ਕਸਵੱਟੀ ਅਤੇ ਵਿਗਿਆਨਕ ਨਿਯਮਾ ਨਾਲ ਪਰਖ ਪੜਚੋਲ ਕੇ ਪੇਸ਼ ਕਰਦੇ ਹਨ। ਪੜ੍ਹਨ-ਲਿਖਣ ਦੀ ਰੁਚੀ ਰੱਖਣ ਵਾਲਾ ਹਰ ਸੱਜਣ ਇਹ ਜਾਣਦਾ ਹੈ ਕਿ ਬਾਲੇ ਵਾਲੀ ਜਨਮਸਾਖੀ ਜੋ ਅੱਜ ਪ੍ਰਚਲਿਤ ਹੈ, ਇਹ ਗੁਰੂ ਅੰਗਦ ਦੇਵ ਜੀ ਵੱਲੋਂ ਲਿਖਾਈ, ਜਨਮਸਾਖੀ ਨਹੀ ਹੈ ਸਾਰੇ ਵਿਦਵਾਨ ਇਸ ਗੱਲ ਨਾਲ ਸਹਿਮਤ ਹਨ ਕਿ ਭਾਈ ਬਾਲੇ ਨਾਲ ਜਾਣੀ ਜਾਂਦੀ ਜਨਮ ਸਾਖੀ ਹੰਦਾਲੀਆਂ ਦੀ ਲਿਖੀ ਹੋਈ ਹੈ। ਇਸ ਵਿੱਚ ਹੰਦਾਲ ਨੂੰ ਗੁਰੂ ਜੀ ਤੋਂ ਵੱਡਾ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੋਈ ਹੈ। ਇਸ ਜਨਮਸਾਖੀ ਵਿੱਚ ਬੇਅੰਤ ਭੁੱਲਾਂ ਦੇ ਨਾਲ-ਨਾਲ  ਗੁਰੂ ਜੀ ਦਾ ਨਿਰਾਦਰ ਕਰਨ ਵਾਲੀਆਂ ਸਾਖੀਆਂ ਵੀ ਦਰਜ ਹਨ।
ਹੰਦਾਲ ਦਾ ਜਨਮ, ਸੰਮਤ 1630/1573 ਈ: ਵਿਚ ਹੋਇਆ ਸੀ। “ਸੰਮਤ ੧੬੩੦ ਵਿਸਾਖ ਸੁਦੀ ਪੂਰਨਮਾਸ਼ੀ ਸੁਵਾਂਤੀ ਨਿਛੱਤ੍ਰ ਡੇਢ ਪਹਿਰ ਰਾਤ ਰਹਿੰਦੀ ਐਤਵਾਰ ਗੁਰੂ ਜੀ ਦਾ ਜਨਮ ਹੋਇਆ” (ਸ੍ਰੀ ਗੁਰੂ ਹੰਦਾਲ ਪ੍ਰਕਾਸ਼, ਪੰਨਾ 31) ਇਸ ਦੀ ਮੌਤ ਸੰਮਤ 1705/1648 ਈ: ਨੂੰ ਹੋਈ ਸੀ। ਇਸ ਦੇ ਪੁੱਤਰ ਬਿਧੀ ਚੰਦ ਦਾ ਜਨਮ ਸੰਮਤ 1660/1603 ਈ: ਅਤੇ ਮੌਤ ਸੰਮਤ 1715/1658 ਈ: ਨੂੰ ਹੋਈ ਸੀ। ਬਾਲ ਚੰਦ, ਬਿਧੀ ਚੰਦ ਤੋਂ 3 ਸਾਲ ਪਹਿਲਾ ਜਨਮਿਆ ਸੀ। ਵਿਦਵਾਨਾਂ ਦਾ ਵਿਚਾਰ ਹੈ ਕਿ ਇਹ ਬਾਲ ਚੰਦ ਹੀ ਬਾਲਾ ਹੈ।
ਡਾ. ਗੁਰਬਚਨ ਕੌਰ ਜੀ ਲਿਖਦੇ ਹਨ, “ਬਾਲਾ, ਇਸ ਜਨਮਸਾਖੀ ਦਾ ਵਿਸ਼ੇਸ਼ ਪਾਤਰ ਹੈ ਜੋ ਗੁਰੂ ਨਾਨਕ ਜੀ ਦਾ ਸਾਥੀ ਹੋਣ ਦਾ ਦਾਅਵਾ ਕਰਦਾ ਹੈ ਤੇ ਆਪਣੇ ਆਪ ਨੂੰ ਗੁਰੂ ਅੰਗਦ ਸਾਹਿਬ ਦੀ ਹਜ਼ੂਰੀ ਵਿਚ ਗੁਰੂ ਨਾਨਕ ਦੀ ਜੀਵਨੀ ਲਿਖਾਉਣ ਵਾਲਾ ਸਿੱਧ ਕਰਦਾ ਹੈ। ਪਰ ਜਨਮਸਾਖੀ ਦੀਆਂ ਅੰਦਰਲੀਆਂ ਗਵਾਈਆਂ ਦੇ ਅਧਾਰ ਉੱਤੇ ਸਿੱਧ ਕੀਤਾ ਗਿਆ ਹੈ ਕਿ ਇਹੋ ਜਿਹਾ ਕੋਈ ਇਤਿਹਾਸਿਕ ਵਿਅਕਤੀ ਨਹੀਂ ਹੋਇਆ, ਸਗੋਂ ਇਸ ਸਾਰੇ ਖੜਜੰਤਰ ਨੂੰ ਰਚਣ ਦਾ ਕੰਮ, ਬੜੀ ਚਤਰਾਈ ਨਾਲ, ਹੰਦਾਲ ਦੇ ਜੇਠੇ ਲੜਕੇ ‘ਬਾਲ ਚੰਦ ਨੇ ਕੀਤਾ ਹੈ। ਇਹ ਇਕ ਨਵੀਂ ਲੱਭਤ ਹੈ”(ਜਨਮ ਸਾਖੀ ਭਾਈ ਬਾਲਾ ਦਾ ਪਾਠ-ਪ੍ਰਮਾਣੀਕਰਣ ਤੇ ਆਲੋਚਨਾਤਮਿਕ ਸੰਪਾਦਨ, ਪੰਨਾ 146)
ਕਵੀ ਭਾਈ ਸੰਤੋਖ ਸਿੰਘ ਨੇ ਆਪਣੇ ਗ੍ਰੰਥ ਸ੍ਰੀ ਗੁਰੂ ਨਾਨਕ ਪ੍ਰਕਾਸ਼  ਪੂਰਬਾਰਦ’ (1823 ਈ.) ਦੇ 37ਵੇ ਅਧਿਆਇ “ਨਾਨਕ ਪ੍ਰਕਾਸ਼ ਕਿਨ੍ਹਾਂ ਪੁਸਤਕਾਂ ਤੋਂ ਬਣਿਆ” ਵਿੱਚ ਆਪਣੇ ਸਰੋਤਾਂ ਦਾ ਜਿਕਰ ਕਰਦੇ ਲਿਖਦੇ ਹਨ:
ਪੂਰਬ ਪੋਥੀ ਜੋ ਲਿਖੀ ਸ੍ਰੀ ਨਾਨਕ ਇਤਿਹਾਸ। ਲਿਖਵਾਈ ਅੰਗਦ ਗੁਰੂ ਬਾਲੇ ਬਦਨ ਪ੍ਰਕਾਸ਼।੧੩।।
ਉਪ੍ਰੋਕਤ ਪੰਗਤੀ ਤੋਂ ਸਪੱਸ਼ਟ ਹੈ ਕਿ ਕਵੀ ਭਾਈ ਸੰਤੋਖ ਸਿੰਘ ਭਾਈ ਬਾਲੇ ਵਾਲੀ ਜਨਮਸਾਖੀ ਦਾ ਜਿਕਰ ਕਰ ਰਹੇ ਹਨ ਜੋ ਇਨ੍ਹਾਂ ਦੀ ਲਿਖਤ ਦਾ ਸਰੋਤ ਹੈ। ਇਸ ਤੋਂ ਅੱਗੇ ਕਵੀ ਜੀ, ਹੰਦਾਲ ਦਾ ਜਿਕਰ ਕਰਦੇ ਹੋਏ ਲਿਖਦੇ ਹਨ ਕਿ ਹੰਦਾਲ ਦੇ ਘਰ ਇਕ ਨੀਚ ਪੈਦਾ ਹੋ ਗਿਆ।  ਜਿਸ ਦੇ ਹੱਥ ਗੁਰੂ ਅੰਗਦ ਜੀ ਵੱਲੋਂ ਲਿਖਵਾਈ ਪੋਥੀ ਆ ਗਈ। ਉਸ ਨੇ ਇਕ ਕਬੀਰ ਪੰਥੀ ਨਾਲ ਮਿਲ ਕੇ ਮਨ `ਚ ਵਿਚਾਰ ਕੀਤੀ ਅਤੇ ਮਿਲਾਵਟੀ ਪੋਥੀ ਤਿਆਰ ਕਰ ਦਿੱਤੀ ਜਿਸ ਵਿੱਚ ਉਸ ਹੰਦਾਲ ਦੀ ਵਡਿਆਈ ਕੀਤੀ ਅਤੇ ਗੁਰੂ ਨਾਨਕ ਜੀ ਸਬੰਧੀ ਅਯੋਗ ਸਾਖੀਆਂ ਇਸ ਆਸ ਨਾਲ ਲਿਖ ਦਿੱਤੀਆਂ ਕਿ ਗੁਰੂ ਦੇ ਸਿੱਖ ਸਾਨੂੰ ਮੰਨਣ ਲੱਗ ਪੈਣਗੇ। ਅਸਲ ਪੋਥੀ ਨੂੰ ਪਾੜ ਕੇ ਬਿਆਸ ਦਰਿਆ ਦੇ ਸਪੁਰਦ ਕਰ ਦਿੱਤਾ।
ਹਮਕੋ ਮਨਹਿਂਗੇ ਬਹੁ ਮਾਨਵ। ਲਿਖੀ ਅਧਿਕਤਾ ਉਰ ਆਨਵ।
ਪੂਰਬ ਪੋਥੀ ਹੁਤੀ ਜੋ ਸੋਈ ਦਈ ਬਿਆਸ ਬੀਚ ਡਬੋਇ।।੨੭।।
ਪੰਨੇ ਛੇਦੇ ਦਈ ਬਹਾਈ। ਜੋ ਸ੍ਰੀ ਗੁਰੂ ਅੰਗਦ ਲਿਖਵਾਈ।
ਤਿਹਕੋ ਤਾਤਪਰਜ ਸਭਿ ਚੀਨੇ। ਅਧਿਕ ਬਚਨ ਅਪਨੇ ਲਿਖਿ ਦੀਨੇ।।੨੮।।
ਕਵੀ ਸੰਤੋਖ ਸਿੰਘ ਜੀ ਦੀ ਉਪ੍ਰੋਕਤ ਲਿਖਤ ਤੋਂ ਇਹ ਸਪੱਸ਼ਟ ਹੈ, ਕਵੀ ਜੀ ਦੀ ਜਾਣਕਾਰੀ ਦਾ ਵਸੀਲਾ ਭਾਈ ਬਾਲੇ ਵਾਲੀ ਮਿਲਾਵਟੀ ਜਨਮ ਸਾਖੀ ਹੈ। “ਕਰਿ ਕੁਕਰਮ ਅਨਸ਼ੋਧ ਬਨਾਈ ਅਪਨ ਵਡਿਨ ਕੀ ਕੀਰਤਿ ਪਾਈ”ਕਵੀ ਜੀ ਲਿਖਦੇ ਹਨ ਕਿ ਹੰਦਾਲੀਆਂ ਨੇ ਅਸਲ ਜਨਮ ਸਾਖੀ ਨੂੰ ਪਾੜ ਕੇ ਬਿਆਸ ਦਰਿਆ `ਚ ਡੋਬ ਦਿੱਤਾ ਸੀ। ਜੇ ਇਹ ਸੱਚ ਹੈ ਤਾਂ ਇਹ ਘਟਨਾ ਸੰਮਤ 1715/1658 ਈ: ਤੋਂ ਪਹਿਲਾ ਦੀ ਹੀ ਹੋ ਸਕਦੀ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜਦੋਂ ਕਵੀ ਜੀ ਖ਼ੁਦ ਮੰਨਦੇ ਹਨ ਕਿ ਉਨ੍ਹਾਂ ਦਾ ਵਸੀਲਾ ਹੰਦਾਲੀਆਂ ਵਾਲੀ ਮਿਲਾਵਟੀ ਜਨਮ ਸਾਖੀ ਹੈ ਤਾ ਉਨ੍ਹਾਂ ਦੀ ਲਿਖਤ ‘ਸ੍ਰੀ ਗੁਰੂ ਨਾਨਕ ਪ੍ਰਕਾਸ਼’  ਵਿਸ਼ਵਾਸ ਯੋਗ ਕਿਵੇਂ ਮੰਨੀ ਜਾ ਸਕਦੀ ਹੈ?
ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਭਾਈ ਮਰਦਾਨਾ ਜੀ ਦਾ ਤਾਂ ਜ਼ਿਕਰ ਕੀਤਾ ਹੈ ਬਾਲੇ ਦਾ ਨਹੀ।
ਫਿਰਿ ਬਾਬਾ ਗਿਆ ਬਗਦਾਦ ਨੋ ਬਹਾਰ ਜਾਇ ਕੀਆ ਅਸਾਥਨਾ॥
ਇਕ ਬਾਬਾ ਅਕਾਲ ਰੂਪ
, ਦੂਜਾ ਰਬਾਬੀ ਮਰਦਾਨਾ”
ਇਸ ਜਨਮਸਾਖੀ ਬਾਰੇ ਕਰਮ ਸਿੰਘ ਹਿਸਟੋਰੀਅਨ ਦੀ ਖੋਜ ਦਾ ਤੱਤ ਸਾਰ, “ਪਾਠਕ ਜੀ! ਮੈਂ ਭਾਈ ਗੁਰਮੁਖ ਸਿੰਘ ਜੀ ਸਵਰਗਵਾਸੀ ਨਾਲ ਇਕ ਸੁਰ ਹੋ ਦੁਹਾਈ ਦੇ ਕੇ ਆਖਦਾ ਹਾਂ ਕਿ ਇਹ ਸਾਖੀ ਸ਼ੁਰੂ ਤੋਂ ਲੈ ਕੇ ਅਖੀਰ ਤਕ ਜਾਲੀ ਹੈ, ਝੂਠੀ ਹੈ,  ਬਨਾਉਟੀ ਹੈ, ਨਿੰਦਿਆ ਨਾਲ ਭਰੀ ਪਈ ਹੈ, ਸੁਨਣ ਦੇ ਯੋਗ ਨਹੀ, ਦੇਖਣ ਦੇ ਕੰਮ ਨਹੀਂ, ਮੰਨਣ ਦੇ ਲੈਕ ਨਹੀਂ, ਏਸ ਨੂੰ ਬੰਨ੍ਹ ਕੇ ਅਜਿਹੇ ਥਾਂ ਪੁਚਾਉਣਾ ਚਾਹੀਏ ਜਿਥੋਂ ਇਸ ਦਾ ਖੁਰਾ ਖੋਜ ਨਾ ਮਿਲੇ”। (ਕੱਤਕ ਕਿ ਵਿਸਾਖ- ਪੰਨਾ 131)

ਪੁਰਾਤਨ ਜਨਮਸਾਖੀ, ਜਿਸ ਦੇ ਲਿਖਣ ਦਾ ਸਮਾ ਵਿਦਵਾਨਾਂ ਨੇ ਸੰਮਤ 1692/1635 ਈ: ਅਤੇ ਮਿਹਰਬਾਨ ਵਾਲੀ ਜਨਮਸਾਖੀ ਜਿਸ ਦੇ ਲਿਖਣ ਦਾ ਸਮਾ ਵਿਦਵਾਨਾਂ ਨੇ ਸੰਮਤ 1708/1651 ਈ: ਸਿੱਧ ਕੀਤਾ ਹੈ, ਵਿੱਚ ਕਿਤੇ ਵੀ ਬਾਲੇ ਦਾ ਗੁਰੂ ਜੀ ਦੇ ਨਿਕਟਵਰਤੀ ਵਜੋਂ ਜਿਕਰ ਨਹੀ ਹੈ। ਸਪੱਸ਼ਟ ਹੈ ਕਿ ਭਾਈ ਬਾਲੇ ਨਾਮ ਦਾ ਕੋਈ ਵਿਅਕਤੀ ਗੁਰੂ ਨਾਨਕ ਦੇਵ ਜੀ ਦਾ ਨਿਕਰਵਰਤੀ ਨਹੀ ਸੀ ਅਤੇ ਮੌਜੂਦਾ ਜਨਮਸਾਖੀ, ਗੁਰੂ ਅੰਗਦ ਦੇਵ ਜੀ ਵੱਲੋਂ ਲਿਖਵਾਈ ਹੋਈ ਨਹੀਂ ਹੈ। ਬਾਲਾ ਇਕ ਕਾਲਪਨਿਕ ਪਾਤਰ ਹੈ ਅਤੇ ਉਸ ਦੇ ਨਾਮ ਨਾਲ ਜਾਣੀ ਜਾਂਦੀ ਜਨਮਸਾਖੀ ਝੂਠੀ ਅਤੇ ਜਾਹਲੀ ਹੈ। ਸਾਡਾ ਇਹ ਦਾਵਾ ਉਨ੍ਹਾਂ ਚਿਰ ਕਾਇਮ ਰਹੇਗਾ, ਜਿੰਨਾ ਚਿਰ ਸਬੰਧਿਤ ਧਿਰਾਂ ਸੰਮਤ 1697/ 1540 ਈ: ਦੀ ਲਿਖੀ ਹੋਈ ਭਾਈ ਬਾਲੇ ਦੀ ਅਸਲ ਲਿਖਤ ਪੇਸ਼ ਨਹੀ ਕਰਦੀਆਂ।