Thursday, July 2, 2026

ਸ਼੍ਰੋਮਣੀ ਕਮੇਟੀ ਦਾ ਕੈਲੰਡਰ ਵਿਗਿਆਨ

 

ਸ਼੍ਰੋਮਣੀ ਕਮੇਟੀ ਦਾ ਕੈਲੰਡਰ ਵਿਗਿਆਨ

ਸਰਬਜੀਤ ਸਿੰਘ ਸੈਕਰਾਮੈਂਟੋ

ਸਿੱਖ ਪੰਥ ਦੇ ਕੇਦਰੀ ਅਸਥਾਨ, ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ, ਜਿਨ੍ਹਾਂ ਦੀ ਉਸਾਰੀ ਗੁਰੂ ਸਾਹਿਬ ਜੀ ਨੇ ਆਪਣੀ ਦੇਖ-ਰੇਖ ਹੇਠ ਕਰਵਾਈ ਸੀ। ਦਰਬਾਰ ਸਾਹਿਬ ਜੀ ਦੀ ਨੀਂਹ 1 ਮਾਘ, ਮਾਘ ਵਦੀ 5, ਸੰਮਤ 1645 ਬਿਕ੍ਰਮੀ (28 ਦਸੰਬਰ 1588 ਈ: ਜੂਲੀਅਨ) ਦਿਨ ਸ਼ਨਿਚਰਵਾਰ ਨੂੰ ਰੱਖੀ ਗਈ ਸੀ। ਅੱਜ ਵੀ ਇਹ ਦਿਹਾੜਾ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਵਿੱਚ 1 ਮਾਘ (12 ਜਨਵਰੀ) ਦਾ ਹੀ ਦਰਜ ਹੈ। ਸਪੱਸ਼ਟ ਹੈ ਕਿ ਸ਼੍ਰੋਮਣੀ ਕਮੇਟੀ ਇਹ ਦਿਹਾੜਾ ਪ੍ਰਵਿਸ਼ਟਿਆਂ ਮੁਤਾਬਕ ਹੀ ਦਰਜ ਕਰਦੀ ਅਤੇ ਮਨਾਉਂਦੀ ਹੈ। ਨਾਨਕਸ਼ਾਹੀ ਕੈਲੰਡਰ ਵਿੱਚ ਵੀ ਇਸੇ ਪ੍ਰਵਿਸ਼ਟੇ ਭਾਵ 1 ਮਾਘ ਨੂੰ ਮੁੱਖ ਰੱਖਿਆ ਗਿਆ ਹੈ। ਅਕਾਲ ਤਖਤ ਸਾਹਿਬ ਜੀ ਦਾ ਸਿਰਜਣਾ ਦਿਵਸ, ਭਾਵ ਥੜ੍ਹਾ ਸਾਹਿਬ ਦੀ ਉਸਾਰੀ ਦਾ ਆਰੰਭ 18 ਹਾੜ, ਹਾੜ ਵਦੀ 5, ਸੰਮਤ 1663 ਬਿਕ੍ਰਮੀ ਦਿਨ ਐਤਵਾਰ (15 ਜੂਨ 1606 ਈ: ਜੂਲੀਅਨ) ਨੂੰ ਹੋਇਆ ਸੀ। ਨਾਨਕਸ਼ਾਹੀ ਕੈਲੰਡਰ ਵਿੱਚ ਅੱਜ ਵੀ ਇਹ ਦਿਹਾੜਾ 18 ਹਾੜ ਦਾ ਹੀ ਦਰਜ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਵੇਲੇ ਤੋਂ (ਸੰਮਤ 535 ਨਾਨਕਸ਼ਾਹੀ/ ਮਾਰਚ 2003 ਈ:) ਅੱਜ ਤਾਂਈ, ਹਰ ਸਾਲ ਦਰਬਾਰ ਸਾਹਿਬ ਦਾ ਨੀਂਹ  ਪੱਥਰ ਰੱਖਣ ਦਾ ਦਿਹਾੜਾ 1 ਮਾਘ ਨੂੰ ਹੀ ਮਨਾਇਆ ਜਾਂਦਾ ਹੈ। ਇਸੇ ਤਰ੍ਹਾਂ ਹੀ ਅਕਾਲ ਤਖਤ ਸਾਹਿਬ ਜੀ ਦਾ ਸਿਰਜਣਾ ਦਿਵਸ 535 ਨਾਨਕਸ਼ਾਹੀ (2003-04 ਈ:) ਤੋਂ ਸੰਮਤ 554 ਨਾਨਕਸ਼ਾਹੀ (2022-23) ਤੀਕ 18 ਹਾੜ ਨੂੰ ਮਨਾਇਆ ਜਾਂਦਾ ਰਿਹਾ ਹੈ। ਯਾਦ ਰਹੇ ਸ਼੍ਰੋਮਣੀ ਕਮੇਟੀ ਨੇ ਨਾਨਕਸ਼ਾਹੀ ਕੈਲੰਡਰ ਨੂੰ ਸੰਮਤ 542 ਨਨਾਕਸ਼ਾਹੀ ਵਿੱਚ (ਮਾਰਚ 2010 ਈ:) ਰੱਦ ਕਰਕੇ, ਧੁਮੱਕੜਸ਼ਾਹੀ ਕੈਲੰਡਰ ਲਾਗੂ ਕਰ ਦਿੱਤਾ ਸੀ। ਪਰ ਸਿਰਜਣਾ ਦਿਵਸ ਸ੍ਰੀ ਅਕਾਲ ਤਖਤ ਸਾਹਿਬ ਦਾ ਪ੍ਰਵਿਸ਼ਟਾ ਨਾਨਕਸ਼ਾਹੀ ਕੈਲੰਡਰ ਮੁਤਾਬਕ 18 ਹਾੜ ਹੀ ਰੱਖਿਆ ਸੀ।

ਅਕਾਲ ਤਖਤ ਸਾਹਿਬ ਜੀ ਨਾਲ ਸਬੰਧਿਤ ਹੀ ਇਕ ਹੋਰ ਦਿਹਾੜਾ ਹੈ ਉਹ ਹੈ, ਮੀਰੀ-ਪੀਰੀ ਦਿਵਸ। ਇਤਿਹਾਸਿਕ ਵਸੀਲਿਆਂ ਮੁਤਾਬਕ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਦੋ ਤਲਵਾਰਾਂ, 6 ਸਾਵਣ, ਹਾੜ ਸੁਦੀ 10, ਸੰਮਤ 1663 ਬਿਕ੍ਰਮੀ  (5 ਜੁਲਾਈ 1606 ਈ: ਜੂਲੀਅਨ) ਦਿਨ ਸ਼ਨਿਚਰਵਾਰ ਨੂੰ ਧਾਰਨ ਕੀਤੀਆ ਗਈਆ ਸਨ। ਨਾਨਕਸ਼ਾਹੀ ਕੈਲੰਡਰ ਵਿੱਚ  ਇਹ ਦਿਹਾੜਾ 6 ਸਾਵਣ (21 ਜੁਲਾਈ) ਦਾ ਹੀ ਦਰਜ ਹੈ। ਸ਼੍ਰੋਮਣੀ ਕਮੇਟੀ ਨੇ ਮਾਰਚ 2010 ਈ: ਵਿੱਚ ਧੁਮੱਕੜਸ਼ਾਹੀ ਕੈਲੰਡਰ ਲਾਗੂ ਕਰਨ ਵੇਲੇ ਇਹ ਦਿਹਾੜਾ 6 ਸਾਵਣ ਦਾ ਹੀ ਰੱਖਿਆ ਸੀ। ਪਰ ਮਾਰਚ 2015 ਈ: ਵਿੱਚ ਛਾਪੇ ਕੈਲੰਡਰ (547 ਨ: ਸ:) ਵਿੱਚ ਇਹ ਦਿਹਾੜਾ 11 ਸਾਵਣ (26 ਜੁਲਾਈ) ਦਾ ਦਰਜ ਕਰ ਦਿੱਤਾ। ਪੜਤਾਲ ਕਰਨ ਤੇ ਪਤਾ ਲੱਗਾ ਕਿ ਇਸ ਦਿਨ ਹਾੜ ਸੁਦੀ 10 ਸੀ। ਭਾਵ ਕਿ ਬਿਨਾ ਕਿਸੇ  ਸਲਾਹ-ਮਸ਼ਵਰੇ ਦੇ, ਮੀਰੀ ਪੀਰੀ ਦਿਵਸ ਦੀ ਤਾਰੀਖ 6 ਸਾਵਣ ਤੋਂ ਬਦਲ ਕੇ ਹਾੜ ਸੁਦੀ 10 ਲਿਖ ਦਿੱਤੀ ਗਈ। ਇਸ ਦਾ ਕਾਰਨ ਜਾਨਣ ਲਈ, ਮੇਰੇ ਵੱਲੋਂ ਸ੍ਰੋਮਣੀ ਕਮੇਟੀ ਨੂੰ ਲਿਖੇ ਪੱਤਰ ਦਾ ਜਵਾਬ ਅੱਜ ਤਾਂਈ ਨਹੀਂ ਆਇਆ।

 

ਹੁਣ ਇਕ ਨਵੀ ਸਮੱਸਿਆ ਸਾਹਮਣੇ ਆ ਖੜੀ ਹੋਈ। ਅਕਾਲ ਤਖਤ ਸਾਹਿਬ ਦਾ ਸਿਰਜਣਾ ਦਿਵਸ ਪ੍ਰਵਿਸ਼ਟਿਆਂ ਮੁਤਾਬਕ 18 ਹਾੜ ਅਤੇ ਮੀਰੀ ਪੀਰੀ ਦਿਵਸ ਵਦੀ-ਸੁਦੀ ਮੁਤਾਬਕ, ਹਾੜ ਸੁਦੀ 10 ਹੋਣ ਕਾਰਨ, ਹਰ ਸਾਲ ਇਨ੍ਹਾਂ ਦੋਵਾਂ ਦਿਹਾੜਿਆਂ ਦੇ ਦਿਨਾਂ ਦਾ ਅੰਤਰ ਵੱਖ-ਵੱਖ ਹੋਣਾ ਸੁਭਾਵਕ ਹੀ ਸੀ। ਹੈਰਾਨੀ ਤਾਂ ਕਮੇਟੀ ਵੱਲੋਂ ਛਾਪੇ ਗਏ ਸੰਮਤ 552 ਨਾਨਕਸ਼ਾਹੀ ( ਮਾਰਚ 2020 ਈ: ) ਦੇ ਕੈਲੰਡਰ ਨੂੰ ਵੇਖ ਕੇ ਹੋਈ, ਜਿਸ ਵਿੱਚ ਮੀਰੀ ਪੀਰੀ ਦਿਵਸ 17 ਹਾੜ ਅਤੇ ਸਿਰਜਣਾ ਦਿਵਸ ਸ੍ਰੀ ਅਕਾਲ ਤਖਤ ਸਾਹਿਬ 18 ਹਾੜ ਦਾ ਦਰਜ ਸੀ।

ਸ਼੍ਰੋਮਣੀ ਕਮੇਟੀ ਵੱਲੋਂ ਸੰਮਤ 554 ਨਾਨਕਸ਼ਾਹੀ ਦਾ ਕੈਲੰਡਰ ਜਾਰੀ ਕਰਨ ਪਿੱਛੋਂ, ਮੇਰੇ ਵੱਲੋਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਇਕ ਪੱਤਰ (14 ਮਾਰਚ 2022) ਲਿਖਿਆ ਗਿਆ ਸੀ। ਜਿਸ ਵਿੱਚ ਕਈ ਹੋਰ ਨੁਕਤਿਆਂ ਦੇ ਨਾਲ ਨਾਲ ਉਪ੍ਰੋਕਤ ਪ੍ਰਵਿਸ਼ਟਿਆਂ (17 ਹਾੜ ਅਤੇ 18 ਹਾੜ) ਦਾ ਜਿਕਰ ਵੀ ਕੀਤਾ ਗਿਆ ਸੀ, ਅਤੇ ਇਹ ਵੀ ਲਿਖਿਆ ਗਿਆ ਸੀ ਕਿ, “ਜੇ ਅਜੇ ਵੀ ਨਾ ਜਾਗੇ ਤਾਂ ਧਰਮ ਪ੍ਰਚਾਰ ਕਮੇਟੀ ਨੇ ਅਗਲੇ ਸਾਲ (ਸੰਮਤ 555 ਨਾਨਕਸ਼ਾਹੀ) ਦੇ ਕੈਲੰਡਰ ਵਿੱਚ ਮੀਰੀ-ਪੀਰੀ ਦਾ ਦਿਹਾੜਾ, ਥੜ੍ਹਾ ਸਾਹਿਬ ਦੀ ਉਸਾਰੀ (18 ਹਾੜ) ਤੋਂ 4 ਦਿਨ ਪਹਿਲਾ ਦਾ (14 ਹਾੜ) ਦਰਜ ਕਰ ਦੇਣਾ ਹੈ।  ਦੱਸੋ, ਨਵੀਂ ਪੀੜੀ ਇਸ ਤੋਂ ਕੀ ਸੇਧ ਲਵੇਗੀ?”। ਮੈਨੂੰ ਆਸ ਸੀ ਕਿ ਆਪਣੇ ਆਪ ਨੂੰ ਸ਼੍ਰੋਮਣੀ ਅਖਵਾਉਣ ਵਾਲੀ ਕਮੇਟੀ ਅਗਲੇ ਸਾਲ ਤੋਂ ਮੀਰੀ-ਪੀਰੀ ਦਿਵਸ ਨੂੰ ਅਸਲ ਪ੍ਰਵਿਸ਼ਟੇ ਮੁਤਾਬਕ 6 ਸਾਵਣ ਦਾ ਦਰਜ ਕਰੇਗੀ। ਪਰ ਹੋਇਆ ਇਸ ਤੋਂ ਉਲਟ, ਕਮੇਟੀ ਨੇ ਅਕਾਲ ਤਖਤ ਸਾਹਿਬ ਦਾ ਸਿਰਜਣਾ ਦਿਵਸ 18 ਹਾੜ ਤੋਂ ਬਦਲ ਕੇ ਵਦੀ-ਸੁਦੀ ਮੁਤਾਬਕ ਹਾੜ ਵਦੀ 5 ਦਾ ਦਰਜ ਕਰ ਦਿੱਤਾ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 14 ਮਾਰਚ 2010 ਈ: ਤੋਂ ਲਾਗੂ ਕੀਤੇ ਗਏ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ (ਦ੍ਰਿਕ ਗਿਣਤ ਸਿਧਾਂਤ), ਜਿਸ ਨੂੰ ਦੋ ਮੈਂਬਰੀ ਕੈਲੰਡਰ ਵਿਗਾੜੂ ਕਮੇਟੀ (ਭਾਈ ਹਰਨਾਮ ਸਿੰਘ ਧੁੰਮਾ ਅਤੇ ਜਥੇਦਾਰ ਅਵਤਾਰ ਸਿੰਘ ਮੱਕੜ) ਦੇ ਨਾਮ ਨਾਲ (ਧੁਮੱਕੜਸ਼ਾਹੀ ਕੈਲੰਡਰ) ਯਾਦ ਕੀਤਾ ਜਾਂਦਾ ਹੈ, ਵਿੱਚ ਕੁਝ ਦਿਹਾੜੇ ਵਦੀ-ਸੁਦੀ ਮੁਤਾਬਕ (ਸਾਲ ਦੀ ਲੰਬਾਈ 354.37 ਦਿਨ, ਚਥੇ ਸਾਲ 385 ਦਿਨ) ਕੁਝ ਦਿਹਾੜੇ ਪ੍ਰਵਿਸ਼ਟਿਆਂ ਮੁਤਾਬਕ (ਸਾਲ ਦੀ ਲੰਬਈ 1964 ਈ: ਤੋਂ ਪਹਿਲਾਂ 365.2587 ਦਿਨ ਅਤੇ 1964 ਈ: ਤੋਂ ਪਿਛੋਂ 365.2563 ਦਿਨ) ਅਤੇ ਕੁਝ ਦਿਹਾੜੇ ਅੰਗਰੇਜੀ ਕੈਲੰਡਰ (ਸਾਲ ਦੀ ਲੰਬਾਈ 1752 ਈ: ਤੋਂ  ਪਹਿਲਾਂ 365.25 ਦਿਨ, ਪਿੱਛੋਂ 365.2425 ਦਿਨ) ਦਰਜ ਕੀਤੇ ਜਾਂਦੇ ਹਨ। ਯਾਦ ਰਹੇ ਜੂਲੀਅਨ ਕੈਲੰਡਰ ਕਦੇਂ ਵੀ ਆਪਣੇ ਦੇਸ਼ ਵਿੱਚ ਲਾਗੂ ਨਹੀਂ ਰਿਹਾ। ਅੰਗਰੇਜਾਂ ਦੇ ਆਉਣ ਪਿਛੋਂ ਆਪਣੇ ਦੇਸ਼ ਵਿੱਚ ਗਰੈਗੋਰੀਅਨ ਕੈਲੰਡਰ (365.2425 ਦਿਨ) ਹੀ ਆਇਆ ਸੀ।

 ਹੁਣ ਇਸ ਸਵਾਲ ਦਾ ਜਵਾਬ ਕੌਣ ਦੇਵੇਗਾ, ਕਿ ਹਰ ਸਾਲ ਦਰਬਾਰ ਸਾਹਿਬ ਦਾ ਨੀਂਹ ਪੱਥਰ ਰੱਖਣ ਦਾ ਦਿਹਾੜਾ ਪ੍ਰਵਿਸ਼ਟਿਆ ਮੁਤਾਬਕ 1 ਮਾਘ ਨੂੰ ਮਨਾਉਣ ਨਾਲ ਜੇ ਕੋਈ ਮਰਯਾਦਾ ਭੰਗ ਨਹੀਂ ਹੋਈ ਤਾਂ ਸਿਰਜਣਾ ਦਿਵਸ ਅਕਾਲ ਤਖਤ ਸਾਹਿਬ 18 ਹਾੜ, ਅਤੇ ਮੀਰੀ ਪੀਰੀ ਦਿਵਸ 6 ਸਾਵਣ ਨੂੰ ਮਨਾਉਣ ਨਾਲ ਗੁਰਮਤਿ ਅਤੇ ਇਤਿਹਾਸ ਦੇ ਕਿਹੜੇ ਸਿਧਾਂਤ ਦੀ ਅਵੱਗਿਆ ਹੋਵੇਗੀ? ਖਾਲਸਾ ਜੀ ਜਾਗੋਂ !

 

 

Monday, June 29, 2026

ਕਰਨਲ ਨਿਸ਼ਾਨ ਦੀਆਂ ਤਾਰੀਖਾਂ 100% ਗਲਤ

 

ਲਕਸ਼ਮੀ ਪੂਜਾ ਬਨਾਮ ਬੰਦੀ ਛੋੜ ਦਿਵਸ

ਕਰਨਲ ਨਿਸ਼ਾਨ ਦੀਆਂ ਤਾਰੀਖਾਂ 100% ਗਲਤ

ਸਰਬਜੀਤ ਸਿੰਘ ਸੈਕਰਾਮੈਂਟੋ

ਦੁਨੀਆਂ ਦੇ ਹੋਰ ਹਿੱਸਿਆ ਵਾਂਗ ਆਪਣੇ ਦੇਸ਼ ਵਿੱਚ ਵੀ ਮੁੱਢ ਕਦੀਮ ਤੋਂ ਵੱਖ-ਵੱਖ ਦਿਨ-ਤਿਉਹਾਰ ਮਨਾਏ ਜਾਂਦੇ ਹਨ। ਜਿਨ੍ਹਾਂ ਦਾ ਸਬੰਧ ਧਰਮ,  ਇਤਿਹਾਸ, ਮਿਥਿਹਾਸ ਅਤੇ ਮੌਸਮਾਂ ਆਦਿ ਨਾਲ ਹੈ। ਇਨ੍ਹਾਂ ਤਿਉਹਾਰਾਂ ਦਾ ਆਰੰਭ ਮੌਸਮ ਦੀ ਤਬਦੀਲੀ ਵੇਲੇ, ਮਨੋਰੰਜਨ ਲਈ,  ਕੁਦਰਤੀ ਆਫਤਾਂ ਦੀ ਕਰੋਪੀ ਤੋਂ ਬਚਣ ਲਈ ਪੂਜਾ ਆਦਿ ਦੇ ਰੂਪ ਵਿੱਚ ਹੋਇਆਂ ਹੋਵੇਗਾ। ਵੇਲੇ ਦੇ ਮੁੱਖੀਆਂ, ਪੁਜਾਰੀਆਂ ਜਾਂ ਸ਼ੈਤਾਨ ਕਿਸਮ ਦੇ ਲੋਕਾਂ ਨੇ ਆਪਣੀ ਸਹੂਲਤ ਲਈ ਵੱਖ-ਵੱਖ ਤਿਉਹਾਰਾਂ ਲਈ ਵੱਖ-ਵੱਖ ਮਰਯਾਦਾ ਜਾਂ ਰੀਤੀ-ਰਿਵਾਜਾਂ ਦਾ ਵਿਕਾਸ ਕੀਤਾ। ਸਮੇਂ-ਸਮੇਂ ਇਨ੍ਹਾਂ ਦਿਨਾਂ ਨਾਲ ਹੋਰ ਘਟਨਾਵਾਂ ਵੀ ਜੁੜਦੀਆਂ ਗਈਆਂ। ਇਨ੍ਹਾਂ ਤਿਉਹਾਰਾਂ ਵਿੱਚੋਂ ਇਕ ਹੈ ਦੀਵਾਲੀ ਦਾ ਤਿਉਹਾਰ।

ਦੀਵਾਲੀ:- ਜੋ ਅਸਲ ਵਿੱਚ ਧੰਨ-ਦੌਲਤ, ਖੁਸ਼ਹਾਲੀ, ਕਿਸਮਤ, ਅਤੇ ਸੁੰਦਰਤਾ ਦੀ ਦੇਵੀ  ਲਕਸ਼ਮੀ ਜਾਂ ਲੱਛਮੀ ਦੀ ਪੂਜਾ ਦਾ ਤਿਉਹਾਰ ਹੈ। ਹਿੰਦੂ ਮਿਥਿਹਾਸ ਮੁਤਾਬਕ ਲਕਸ਼ਮੀ, ਆਦਿ ਦੇਵਤੇ ਵਿਸ਼ਨੂੰ ਦੀ ਪਤਨੀ ਹੈ। ਸਮੇਂ ਸਮੇਂ ਇਸ ਤਿਉਹਾਰ ਨਾਲ ਹੋਰ ਪਾਤਰ ਵੀ ਜੁੜਦੇ ਗਏ, ਜਿਵੇ ਗਣੇਸ਼ ਅਤੇ ਬਾਬਾ ਵਿਸ਼ਵਕਰਮਾ ਆਦਿ। ਸਭ ਤੋਂ ਅਹਿਮ ਪਾਤਰ ਹੈ ਅਯੁੱਧਿਆ ਦੇ ਰਾਜੇ ਦਸ਼ਰਥ ਦਾ ਜੇਠਾਂ ਪੁੱਤਰ ਰਾਮ। ਜਿਸ ਬਾਰੇ ਆਮ ਧਾਰਨਾ ਹੈ ਕਿ ਭਗਵਾਨ ਰਾਮ ਜੀ, ਘਰੇਲੂ ਕਾਰਨਾਂ ਕਾਰਕੇ ਮਿਲੇ 14 ਸਾਲ ਦੇ ਬਣਵਾਸ ਉਪ੍ਰੰਤ, ਕੱਤਕ ਦੀ ਮੱਸਿਆ ਵਾਲੇ ਦਿਨ ਆਪਣੇ ਪ੍ਰਵਾਰ ਸਮੇਤ ਅਯੁੱਧਿਆ ਵਿੱਚ ਵਾਪਸ ਆਏ ਸਨ ਉਨ੍ਹਾਂ ਦੇ ਵਾਪਸ ਆਉਂਣ ਦੀ ਖੁਸ਼ੀ ਵਿੱਚ, ਅਯੁੱਧਿਆ ਵਾਸੀਆਂ ਨੇ ਦੀਵੇ ਬਾਲ ਕੇ ਖੁਸ਼ੀ ਮਨਾਈ ਸੀ। ਇਸ ਨੁਕਤੇ ਨਾਲ ਕਰਨਲ ਸੁਰਜੀਤ ਸਿੰਘ ਨਿਸ਼ਾਨ ਵੀ ਸਹਿਮਤ ਹਨ। ਉਹ ਆਪਣੇ ਲੇਖ, “ਬੰਦੀ ਛੋੜ ਦਿਵਸ ਅਤੇ ਦੀਵਾਲੀ” ਵਿੱਚ ਲਿਖਦੇ ਹਨ, “ਇਹ ਮੰਨਿਆ ਜਾਂਦਾ ਹੈ ਕਿ ਸ੍ਰੀ ਰਾਮ ਚੰਦਰ ਜੀ 14 ਸਾਲਾਂ ਦਾ ਬਨਵਾਸ ਪੂਰਾ ਕਰ ਕੇ ਇਸ ਦਿਨ ਅਯੋਧਿਆ ਨਗਰੀ ਵਿੱਚ ਪਹੁੰਚੇ ਸਨ ਤੇ ਨਗਰੀ ਦੇ ਲੋਕਾਂ ਨੇ ਦੀਵੇ ਬਾਲ ਕੇ ਖ਼ੁਸ਼ੀਆਂ ਮਨਾਈਆਂ ਸਨ”।

ਬੰਦੀ ਛੋੜ ਦਿਵਸ:- ਸਿੱਖ ਇਤਿਹਾਸ ਦੇ ਮੁਤਾਬਕ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮੌਕੇ ਦੀ ਮੁਗਲ ਹਕੂਮਤ ਨੇ, ਕੁਝ ਸਮਾਂ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕਰ ਦਿੱਤਾ ਸੀ। ਇਸ ਕੈਦ ਦੇ ਸਮੇਂ ਸਬੰਧੀ ਵਿਦਵਾਨਾਂ ਵਿੱਚ ਕਾਫੀ ਮੱਤਭੇਦ ਹਨ। ਗੁਰੂ ਜੀ ਦੀ ਰਿਹਾਈ ਬਾਰੇ ਕਿਹਾ ਜਾਂਦਾ ਹੈ ਕਿ ਦੀਵਾਲੀ ਵਾਲੇ ਦਿਨ ਉਨ੍ਹਾ ਨੂੰ ਰਿਹਾ ਕੀਤਾ ਗਿਆ ਸੀ। ਗੁਰੂ ਜੀ ਨੇ ਆਪਣੇ ਨਾਲ 52 ਪਹਾੜੀ ਰਾਜਿਆਂ ਨੂੰ ਵੀ, ਜੋ ਉਸੇ ਕਿਲ੍ਹੇ ਵਿੱਚ ਕੈਂਦ ਸਨ, ਆਪਣੇ ਨਾਲ ਹੀ ਰਿਹਾ ਕਰਵਾਇਆਂ ਸੀ। ਇਸ ਕਾਰਨ ਹੀ ਗੁਰੂ ਜੀ ਨੂੰ ‘ਦਾਤਾ ਬੰਦੀ ਛੋੜ’ ਦੇ ਨਾਮ ਨਾਲ ਵੀ ਯਾਦ ਕੀਤਾ ਜਾਂਦਾ ਹੈ। ਦੂਜੀ ਧਾਰਨਾ ਇਹ ਹੈ ਕਿ, ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਰਿਹਾਈ ਤੋਂ ਪਿਛੋਂ ਦੀਵਾਲੀ ਵਾਲੇ ਦਿਨ ਅੰਮ੍ਰਿਤਸਰ ਸਾਹਿਬ ਪਹੁੰਚੇ ਸਨ। ਗੁਰੂ ਸਾਹਿਬ ਜੀ ਦੇ ਆਉਣ ਦੀ ਖੁਸ਼ੀ ਵਿੱਚ ਸੰਗਤਾਂ ਨੇ ਘਿਓ ਦੇ ਦੀਵੇ ਜਗਾਏ ਸਨ ਸਵਾਲ ਪੈਦਾ ਹੁੰਦਾ ਹੈ ਕਿ ਗੁਰੂ ਜੀ, ਦੀਵਾਲੀ ਵਾਲੇ ਦਿਨ ਕਿਲ੍ਹੇ ਵਿੱਚੋਂ ਰਿਹਾ ਹੋਏ ਸਨ ਜਾਂ ਦੀਵਾਲੀ ਵਾਲੇ ਦਿਨ ਗੁਰੂ ਸਾਹਿਬ ਜੀ ਅੰਮ੍ਰਿਤਸਾਰ ਸਾਹਿਬ ਵਿਖੇ ਪੁੱਜੇ ਸਨ?

ਕਰਨਲ ਨਿਸ਼ਾਨ ਜੀ ਲਿਖਦੇ ਹਨ, “ਸਿੱਖ ਧਰਮ ਅੰਦਰ ਬੰਦੀਛੋੜ ਦਿਵਸ ਦਾ ਪਿਛੋਕੜ ਅਤੇ ਮਹੱਤਵ ਗੁਰੂ ਹਰਿਗੋਬਿੰਦ ਮਹਾਰਾਜ ਦਾ ਗਵਾਲੀਅਰ ਦੇ ਕਿਲ੍ਹੇ ਅੰਦਰ ਕੈਦ ਹਿੰਦੁਸਤਾਨ ਦੇ 52 ਹਿੰਦੂ ਰਾਜਿਆਂ ਦੀ ਕਿਲ੍ਹੇ 'ਚੋਂ ਬੰਦ ਖ਼ਲਾਸੀ ਕਰਵਾਉਣ ਵਾਲੀ ਇਤਿਹਾਸਕ ਘਟਨਾ ਨਾਲ ਜੁੜਿਆ ਹੋਇਆ ਹੈ। ਕਿਲ੍ਹੇ ਵਿਚੋਂ 52 ਰਾਜਿਆਂ ਦੀ ਬੰਦ ਖ਼ਲਾਸੀ ਕਰਵਾਉਣ ਕਾਰਨ ਗੁਰੂ ਹਰਿ ਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਬੰਦੀ ਛੋੜ ਦਾਤਾ ਕਿਹਾ ਜਾਣ ਲੱਗ ਪਿਆ ਅਤੇ ਉਸ ਦਿਨ ਨੂੰ ਬੰਦੀ ਛੋੜ ਦਿਵਸ ਕਿਹਾ ਜਾਣ ਜਾਂਦਾ ਹੈ। ਗੁਰ ਇਤਿਹਾਸ ਅਨੁਸਾਰ ਗਵਾਲੀਅਰ ਦੇ ਕਿਲ੍ਹੇ ਵਿਚੋਂ 52 ਰਾਜਿਆਂ ਨੂੰ ਮੁਕਤ ਕਰਵਾ ਕੇ ਜਦੋਂ ਗੁਰੂ ਹਰਿ ਗੋਬਿੰਦ ਸਾਹਿਬ ਜੀ ਕਿਲ੍ਹੇ ਵਿਚੋਂ ਬਾਹਰ ਆਏ ਤਾਂ ਗਵਾਲੀਅਰ ਦੇ ਕਿਲ੍ਹੇ ਦੇ ਦਰੋਗੇ ਹਰਿਦਾਸ ਨੇ ਦੀਵਾਲੀ ਮਨਾਈ। ਉਸ ਦਿਨ ਕੱਤਕ ਦੀ ਮੱਸਿਆ ਹੋਣ ਕਾਰਨ ਵੀ ਗਵਾਲੀਅਰ ਵਿੱਚ ਹੋਰ ਹਿੰਦੂ ਘਰਾਂ ਵਿੱਚ ਵੀ ਦਲੇਰੀ ਨਾਲ ਦੀਵਾਲੀ ਮਨਾਈ ਗਈ ਅਤੇ ਇਸ ਲਈ ਬੰਦੀਛੋੜ ਦਿਵਸ ਤੇ ਦੀਵਾਲੀ ਆਪਸ ਵਿੱਚ ਰਲ ਮਿਲ ਗਏ”। 

ਆਓ, ਕਰਨਲ ਨਿਸ਼ਾਨ ਦੇ ਲਿਖਤੀ ਦਾਵੇ ਦੀ ਪੜਤਾਲ ਕਰੀਏ।

ਭਾਵੇ ਕਰਨਲ ਨਿਸ਼ਾਨ ਜੀ ਨੇ ਕਿਸੇ ਇਤਿਹਾਸਿਕ ਵਸੀਲੇ ਦਾ ਜਿਕਰ ਨਹੀਂ ਕੀਤਾ, ਪਰ ਕਿਤਾਬਾਂ ਨਾਲ ਵਾਹ-ਵਾਸਤਾ ਰੱਖਣ ਵਾਲੇ ਸੱਜਣ ਜਾਣਦੇ ਹਨ ਕਿ ਇਹ ਸਾਖੀ ਭੱਟ ਵੱਹੀਆਂ ਵਿੱਚ ਦਰਜ ਹੈ। ਪਿਆਰਾ ਸਿੰਘ ਪਦਮ ਵੱਲੋਂ ਸੰਪਾਦਿਤ ਕੀਤੀ ਕਿਤਾਬ ‘ਗੁਰੂ ਕੀਆਂ ਸਾਖੀਆਂ” ਵਿੱਚ ਇਹ ਸਾਖੀ ਇਵੇ ਦਰਜ ਹੈ, “ਗੁਰੂ ਹਰਿਗੋਬਿੰਦ ਜੀ ਮਹਲ ਛਟਾ ਬੇਟਾ ਗੁਰੂ ਅਰਜਨ ਜੀ ਕਾ, ਸੋਢੀ ਖਤ੍ਰੀ ਚੱਕ ਗੁਰੂ ਕਾ, ਪਰਗਣਾ ਨਿਝਰਆਲਾ, ਸੰਮਤ ਸੋਲਾਂ ਸੈ ਛਿਹਤ੍ਰਾ ਕੱਤਕ ਮਾਸੇ ਕ੍ਰਿਸ਼ਨਾ ਪੱਖੇ ਚੌਦਸ ਕੇ ਦਿਹੁੰ ਗੁਰੂ ਜੀ ਬਾਵਨ ਰਾਜਯੋਂ ਕੇ ਗੈਲ ਗੜ੍ਹ ਗੁਆਲੀਅਰ ਸੇ ਬੰਧਨ ਮੁਕਤ ਹੂਏ”। (ਪੰਨਾ 30) ਇਥੇ ਗੁਰੂ ਜੀ ਦੇ ਕਿਲ੍ਹੇ ਵਿੱਚੋਂ ਬਾਹਰ ਆੳਣ ਦੀ ਤਿੱਥ ਕੱਤਕ ਵਦੀ ਚੌਦਸ, ਸੰਮਤ 1676 ਬਿ: (26 ਅਕਤੂਬਰ 1619 ਈ: ਜੂਲੀਅਨ) ਦਰਜ ਹੈ।

“ਨਾਇਕ ਹਰੀ ਰਾਮ ਦਰੋਗਾ ਬੇਟਾ ਹਰਿ ਬੰਸ ਲਾਲ ਕਾ ਪੋਤਾ ਠਾਕਰ ਦਾਸ ਕਾ ਪੜਪੋਤਾ ਧਰਮ ਚੰਦ ਕਾ ਬੰਸ ਰਾਧਾ ਕ੍ਰਿਸ਼ਨ ਕੀ ਚੰਦ੍ਰ ਬੰਸੀ ਜਾਦਵ ਬੜਤੀਆ ਕਨਾਵਤ ਨੇ ਸੰਮਤ 1676 ਕਤਿਕ ਬਦੀ ਚਉਦਸ ਕੇ ਦਿਹੁ ਬੰਦੀ ਛੋਰ ਗੁਰੂ ਹਰਿ ਗੋਬਿੰਦ ਜੀ ਕੇ ਬਾਵਨ ਰਾਜਯੋਂ ਕੇ ਸਾਥ ਬੰਧਨ ਮੁਕਤ ਹੋਇ ਕੇ ਆਨੇ ਕੀ ਖੁਸ਼ੀ ਮੇਂ ਦੀਪ ਮਾਲਾ ਕੀ-ਸਾਰੀ ਨਗਰੀ ਮੇਂ ਖੁਸ਼ੀਆਂ ਕੇ ਬਾਦਲ ਛਾਇ ਗਏ । ਗੁਰੂ ਜੀ ਏਕ ਦਿਬਸ ਨਾਇਕ ਹਰੀ ਰਾਮ ਕੇ ਗ੍ਰਹਿ ਮੇਂ ਨਿਵਾਸ ਕਰਕੇ ਬਦਾਇਗੀ ਲੀ ਰਾਸਤੇ ਕਾ ਪੰਧ ਮੁਕਾਇ ਆਗਰੇ ਬਾਦਸ਼ਾਹ ਜਹਾਂਗੀਰ ਕੇ ਪਾਸ ਜਾਇ ਨਿਵਾਸ ਕੀਆ “। (ਗਿਆਨੀ ਗਰਜਾ ਸਿੰਘ ਦੀ ਇਤਿਹਾਸਕ ਖੋਜ, ਪੰਨਾ 78)

ਪੜਤਾਲ ਕਰਨ ਤੇ ਜਾਣਕਾਰੀ ਮਿਲੀ ਹੈ ਕਿ ਸੰਮਤ 1676 ਬਿ: ਵਿੱਚ ਲਕਸ਼ਮੀ ਪੂਜਾ (ਦੀਵਾਲੀ) ਕੱਤਕ ਦੀ ਚੌਦਸ ਨੂੰ ਸੀ ਨਾ ਕਿ ਕੱਤਕ ਦੀ ਮੱਸਿਆ ਨੂੰ। ਕੱਤਕ ਦੀ ਮੱਸਿਆ ਦਾ ਆਰੰਭ 26 ਅਕਤੂਬਰ ਨੂੰ 11:21 AM ਤੇ ਹੋਇਆ ਸੀ ਅਤੇ ਸਮਾਪਤੀ 27 ਤਾਰੀਖ ਨੂੰ 12:03 PM ਤੇ ਹੋਈ ਸੀ। ਕਿਉਂਕਿ 27 ਤਾਰੀਖ ਨੂੰ ਸਵੇਰੇ ਸੂਰਜ ਚੜਨ ਵੇਲੇ (6:51 AM) ਮੱਸਿਆ ਦੀ ਤਿੱਥ ਸੀ ਇਸ ਲਈ, ਮੱਸਿਆ 27 ਅਕਤੂਬਰ ਦੀ ਹੀ ਸੀ। ਪਰ ਲਕਸ਼ਮੀ ਪੂਜਾ ਦਾ ਮਹੂਰਤ, ਸ਼ਾਮ ਵੇਲੇ (ਸੂਰਜ ਛਿੱਪਣ ਤੋਂ ਪਿਛੋਂ) ਦਾ ਹੋਣ ਕਾਰਨ, ਇਹ ਪੂਜਾ ਪਹਿਲੇ ਦਿਨ ਕੀਤੀ ਜਾਣ ਦਾ ਵਿਧਾਨ ਹੈ। ਇਸ ਲਈ ਦੀਵਾਲੀ 26 ਅਕਤੂਬਰ ਨੂੰ ਮਨਾਈ ਗਈ ਸੀ।

ਕਰਨਲ ਨਿਸ਼ਾਨ ਨੇ ਆਪਣੀ ਕਿਤਾਬ ‘ਗੁਰਪੁਰਬ ਦਰਪਣ” ਦੇ ਪੰਨਾ 79 ਉੱਪਰ ‘ਬੰਦੀ ਛੋੜ ਪੁਰਬ (ਦੀਵਾਲੀ) ਕੱਤਕ ਦੀ ਮੱਸਿਆ” ਦੇ ਸਿਰਲੇਖ ਹੇਠ ਆਉਣ ਵਾਲੇ ਸਾਲਾਂ (2015-2100) ਦੀਆਂ ਦੀਵਾਲੀ ਦੀਆਂ ਤਾਰੀਖਾਂ ਦਰਜ ਕੀਤੀਆਂ ਹਨ। ਜਿਨ੍ਹਾਂ ਬਾਰੇ ਸਰਦਾਰ ਪਾਲ ਸਿੰਘ ਪੁਰੇਵਾਲ ਨੇ ਸਿਆਟਲ ਵਿਖੇ ਹੋਏ ਸੈਮੀਨਾਰ (15 ਜੁਲਾਈ 2017 ਈ:) ਵਿੱਚ ਕਿਹਾ ਸੀ, ਜੇ ਕਰਨਲ ਨਿਸ਼ਾਨ, ਆਪਣੀਆਂ ਲਿਖੀਆਂ ਤਾਰੀਖਾਂ ਨੂੰ 100% ਸਹੀ ਸਾਬਿਤ ਕਰ ਦੇਣ ਤਾਂ ਮੇਰੇ ਵੱਲੋਂ 5 ਲੱਖ ਰ: ਦਾ ਇਨਾਮ ਦਿੱਤਾ ਜਾਵੇਗਾ। 90% ਤੇ 4 ਲੱਖ, 80% ਤੇਂ 3 ਲੱਖ 70% ਤੇ 2 ਲੱਖ ਅਤੇ 60% ਤਾਰੀਖਾਂ ਸਹੀ ਸਾਹਿਬ ਕਰਨ ਤੇ 1 ਇਕ ਲੱਖ ਰ: ਦਾ ਇਨਾਮ ਦਿੱਤਾ ਜਵੇਗਾ। ਯਾਦ ਰਹੇ ਕਰਨਲ ਨਿਸ਼ਾਨ ਨੇ ਨਾਨਕਸ਼ਾਹੀ ਕੈਲੰਡਰ ਦੀ ਇਕ ਤਾਰੀਖ ਸਹੀ ਸਾਹਿਬ ਕਰਨ ਤੇ 1 ਲੱਖ ਰ: ਦਾ ਇਨਾਮ ਰੱਖਿਆ ਹੋਇਆ ਹੈ। (ਪੰਨਾ 95) ਆਪਣੇ ਨਵੇਂ ਲੇਖ, “ਬੰਦੀ ਛੋੜ ਦਿਵਸ ਅਤੇ ਦੀਵਾਲੀ” ਵਿੱਚ ਕਰਨਲ ਨਿਸ਼ਾਨ ਨੇ ਗੁਰੂ ਜੀ ਦੇ ਕਿਲ੍ਹੇ `ਚ ਬਾਹਰ ਆਉਣ ਦੀ ਤਾਰੀਖ ਕੱਤਕ ਦੀ ਮੱਸਿਆ ਲਿਖੀ ਹੈ। ਜੋ ਕਿ ਸਹੀ ਨਹੀਂ ਹੈ। ਅਸਲ ਵਿੱਚ, ਭੱਟ ਵਹੀ ਮੁਤਾਬਕ ਇਹ ਤਾਰੀਖ ਕੱਤਕ ਵਦੀ ਚੌਦਸ ਹੈ। “ਸੰਮਤ ਸੋਲਾਂ ਸੈ ਛਿਹਤ੍ਰਾ ਕੱਤਕ ਮਾਸੇ ਕ੍ਰਿਸ਼ਨਾ ਪੱਖੇ ਚੌਦਸ ਕੇ ਦਿਹੁੰ ਗੁਰੂ ਜੀ ਬਾਵਨ ਰਾਜਯੋਂ ਕੇ ਗੈਲ ਗੜ੍ਹ ਗੁਆਲੀਅਰ ਸੇ ਬੰਧਨ ਮੁਕਤ ਹੂਏ”।  ਇਸ ਕਾਰਨ ਕਰਨਲ ਨਿਸ਼ਾਨ ਵੱਲੋਂ ਆਪਣੀ ਕਿਤਾਬ ਵਿੱਚ ਲਿਖੀਆਂ ਤਾਰੀਖਾਂ (ਪੰਨਾ 79) 100% ਗਲਤ ਸਾਬਿਤ ਹੋ ਜਾਂਦੀਆਂ ਹਨ।  

 

ਕਰਨਲ ਸੁਰਜੀਤ ਸਿੰਘ ਨਿਸ਼ਾਨ ਵੱਲੋ ਆਪਣੀ ਕਿਤਾਬ ਵਿੱਚ ਦਰਜ ਕੀਤੀਆਂ ‘ਕੱਤਕ ਦੀ ਮੱਸਿਆ’ ਮੁਤਾਬਕ ਤਾਰੀਖਾਂ (ਪੰਨਾ 79), ਜੇ ਕਰ ਤਾਂ ਲਕਸ਼ਮੀ ਪੂਜਾ (ਦੀਵਾਲੀ) ਦੀਆਂ ਹਨ ਤਾਂ ਲੱਗ-ਭੱਗ 50% ਗਲਤ ਹਨ ਅਤੇ ਜੇ ਕਰ ਇਹ ਤਾਰੀਖਾਂ ਬੰਦੀ ਛੋੜ ਦਿਵਸ ਦੀਆਂ ਹਨ ਤਾਂ 100% ਗਲਤ ਹਨ।

ਕਰਨਲ ਨਿਸ਼ਾਨ ਨੂੰ ਅੱਜ ਦਾ ਸਵਾਲ, ਦਰਬਾਰ ਸਾਹਿਬ ਵਿਖੇ ਦੀਪ ਮਾਲ ਕਿਹੜੇ ਦਿਨ, ਭਾਵ ਜਦੋਂ ਗੁਰੂ ਜੀ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਬਾਹਰ ਆਏ ਸਨ ਜਾਂ ਜਿਸ ਦਿਨ ਗੁਰੂ ਜੀ ਦਰਬਾਰ ਸਾਹਿਬ ਪੁੱਜੇ ਸਨ, ਕੀਤੀ ਗਈ ਗਈ ਸੀ?

Wednesday, May 27, 2026

ਦੋ ਸਰਦਾਰ-ਦੋ ਕੈਲੰਡਰ

 

ਦੋ ਸਰਦਾਰ-ਦੋ ਕੈਲੰਡਰ

ਸਰਬਜੀਤ ਸਿੰਘ ਸੈਕਰਾਮੈਂਟੋ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਰੀ ਕੀਤੇ ਗਏ  ਧੁਮੱਕੜਸ਼ਾਹੀ ਕੈਲੰਡਰ (ਸੰਮਤ ਨਾਨਕਸ਼ਾਹੀ 558) ਵਿੱਚ ਇਕੋ ਨਾਮ ਵਾਲੇ, ਦੋ ਸਿੱਖ ਸਰਦਾਰਾਂ ਦੇ ਜਨਮ ਦਿਹਾੜੇ ਦਰਜ ਹਨ। ਰਾਮਗੜ੍ਹੀਆ ਮਿਸਲ ਦੇ ਬਾਨੀ, ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਹਾੜਾ 22 ਵੈਸਾਖ (5 ਮਈ) ਅਤੇ ਆਹਲੂਵਾਲੀਆ ਮਿਸਲ ਦੇ ਸੰਸਥਾਪਕ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦਾ ਜਨਮ ਦਿਹਾੜਾ 5 ਜੇਠ (19 ਮਈ) ਦਾ ਦਰਜ ਹੈ। ਜਦੋਂ ਇਨ੍ਹਾਂ ਦੋਵਾਂ ਸਰਦਾਰਾਂ ਦੀਆਂ ਜਨਮ ਤਾਰੀਖਾਂ ਦੀ ਭਾਲ ਕੀਤੀ ਗਈ ਤਾਂ,  ਸ. ਜੱਸਾ ਸਿੰਘ ਆਹਲੂਵਾਲੀਆ ਦੀ ਜਨਮ ਤਾਰੀਖ ਤਾਰੀਖ 5 ਜੇਠ ਸੰਮਤ 1775 ਬਿਕ੍ਰਮੀ (3 ਮਈ 1718 ਈ ਜੂਲੀਅਨ) ਦਿਨ ਸ਼ਨਿਚਰਵਾਰ ਅਤੇ ਸਰਦਾਰ  ਜੱਸਾ ਸਿੰਘ ਰਾਮਗੜ੍ਹੀਆ  ਦੀ ਜਨਮ ਤਾਰੀਖ 7 ਜੇਠ ਸੰਮਤ 1780 ਬਿਕ੍ਰਮੀ ਦਿਨ ਐਤਵਾਰ (5 ਮਈ 1723 ਜੂਲੀਅਨ) ਮਿਲਦੀਆਂ ਹਨ।  ਇਨ੍ਹਾਂ ਤਾਰੀਖਾਂ ਬਾਰੇ ਵਿਦਵਾਨਾਂ ਵਿੱਚ ਕੋਈ ਮੱਤਭੇਦ ਨਹੀਂ ਹੈ। ਅਸਲ ਤਾਰੀਖਾਂ ਮੁਤਾਬਕ ਦੋਵਾਂ ਸਰਦਾਰਾਂ ਦੇ ਜਨਮ ਦਿਹਾੜੇ ਵਿੱਚ ਦੋ ਦਿਨ੍ਹਾਂ (5 ਜੇਠ/3 ਮਈ-7 ਜੇਠ/5 ਮਈ) ਦਾ ਫਰਕ ਹੈ। ਪਰ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਮੁਤਾਬਕ 14 ਦਿਨਾਂ (22 ਵੈਸਾਖ-5 ਜੇਠ) ਦਾ  ਫਰਕ ਹੈ ਅਜੇਹਾ ਕਿਓ? ਆਓ ਇਸ ਦੇ ਕਾਰਨ ਨੂੰ ਜਾਣੀਏ!

 

ਸ਼੍ਰੋਮਣੀ ਕਮੇਟੀ ਵੱਲੋ ਜਾਰੀ ਕੀਤੇ ਗਏ ਪਿਛਲੇ ਸਾਲਾਂ ਦੇ ਕੈਲੰਡਰਾਂ ਦੀ ਪੜਤਾਲ ਕਰਨ ’ਤੇ ਜਾਣਕਾਰੀ  ਮਿਲੀ ਹੈ ਕਿ ਸ. ਜੱਸਾ ਸਿੰਘ ਆਹਲੂਵਾਲੀਆ ਦਾ ਜਨਮ ਦਿਹਾੜਾ ਸੰਮਤ 553 ਨ.ਸ. (2021 ਈ:) ਤੋਂ ਦਰਜ ਕਰਨਾ ਆਰੰਭ ਕੀਤਾ ਹੈਇਹ ਅਸਲ ਪ੍ਰਵਿਸ਼ਟੇ ਮੁਤਾਬਕ 5 ਜੇਠ ਦਾ ਦਰਜ ਕੀਤਾ ਗਿਆ ਹੈ। ਸੰਮਤ 1775 ਬਿਕ੍ਰਮੀ ਵਿੱਚ 5 ਜੇਠ ਵਾਲੇ ਦਿਨ 3 ਮਈ (ਜੂਲੀਅਨ) ਸੀ। ਅੱਜ 5 ਜੇਠ (ਬਿਕ੍ਰਮੀ) ਵਾਲੇ ਦਿਨ 18-19 ਮਈ (ਗਰੈਗੋਰੀਅਨ) ਆਉਂਦੀ ਹੈ। ਸ. ਜੱਸਾ ਸਿੰਘ ਰਾਮੜ੍ਹੀਆ ਦਾ ਜਨਮ ਦਿਹਾੜਾ ਕਮੇਟੀ ਨੇ ਆਪਣੇ ਕੈਲੰਡਰ ਵਿੱਚ, ਸੰਮਤ 555 ਨਾ.ਸ਼ਾ. (2023 ਈ:) ਤੋਂ ਦਰਜ ਕਰਨਾ ਆਰੰਭ ਕੀਤਾ ਹੈ। ਇਥੇ ਪ੍ਰਵਿਸ਼ਟੇ ਨੂੰ ਮੁੱਖ ਰੱਖਣ ਦੀ ਬਿਜਾਏ, ਜੂਲੀਅਨ ਕੈਲੰਡਰ ਦੀ ਤਾਰੀਖ (5 ਮਈ) ਨੂੰ ਮੁੱਖ ਰੱਖਿਆ ਹੈ।  ਅੱਜ-ਕੱਲ 5 ਮਈ ਨੂੰ 22-23 ਵੈਸਾਖ ਆਉਂਦੀ ਹੈ

ਪਾਠਕਾਂ ਦੀ ਜਾਣਕਾਰੀ ਲਈ ਇਹ ਦੱਸਣਾ ਜਰੂਰੀ ਹੈ ਕਿ ਜੂਲੀਅਨ ਕੈਲੰਡਰ ਕਦੇਂ ਵੀ ਆਪਣੇ ਦੇਸ਼ ਵਿੱਚ ਲਾਗੂ ਨਹੀਂ ਹੋਇਆ। ਇਹ ਠੀਕ ਹੈ ਕਿ ਜੂਲੀਅਨ ਕੈਲੰਡਰ ਵਿੱਚ ਸੋਧ ਅਕਤੂਬਰ 1582 ਈ: ਕੀਤੀ ਗਈ ਸੀ। ਪਰ ਇੰਗਲੈਡ ਨੇ ਇਸ ਸੋਧ ਨੂੰ ਪ੍ਰਵਾਨ ਨਹੀਂ ਸੀ ਕੀਤਾਇੰਗਲੈਂਡ ਨੇ ਇਸ ਸੋਧ ਨੂੰ 170 ਸਾਲ ਪਿਛੋਂ,  ਭਾਵ ਸਤੰਬਰ 1752 ਈ: ਵਿੱਚ ਪ੍ਰਵਾਨ ਕੀਤਾ ਸੀ। ਆਪਣੇ ਦੇਸ਼ ਵਿੱਚ ਅੰਗਰੇਜਾਂ ਦੇ ਆਉਂਣ ਨਾਲ ਗਰੈਗੋਰੀਅਨ ਕੈਲੰਡਰ ਹੀ ਆਇਆ ਸੀ। ਸ਼੍ਰੋਮਣੀ ਕਮੇਟੀ ਨੇ ਇਕ ਤਾਰੀਖ ਪ੍ਰਵਿਸ਼ਟਿਆਂ ਮੁਤਾਬਕ (5 ਜੇਠ) ਅਤੇ ਦੂਜੀ ਤਾਰੀਖ ਜੂਲੀਅਨ ਕੈਲੰਡਰ ਮੁਤਾਬਕ (5 ਮਈ) ਦਰਜ ਕੀਤੀ ਹੈ। ਸਵਾਲ ਪੈਂਦਾ ਹੁੰਦਾ ਹੈ ਕਿ ਦੋਵਾਂ ਸਰਦਾਰਾਂ ਦੇ ਜਨਮ ਦਿਹਾੜੇ ਇਕੋ ਕੈਲੰਡਰ ਮੁਤਾਬਕ (3 ਜੇਠ ਅਤੇ 5  ਜੇਠ) ਨੂੰ ਕਿਉਂ ਨਹੀਂ ਮਨਾਏ ਜਾ ਸਕਦੇ?

ਆਪਣੇ ਆਪ ਨੂੰ ਸ਼੍ਰੋਮਣੀ ਅਖਵਾਉਣ ਵਾਲੀ ਕਮੇਟੀ, ਆਪਣੇ ਕੈਲੰਡਰ ਵਿੱਚ ਕੁਝ ਦਿਹਾੜੇ ਵਦੀ-ਸੁਦੀ ਮੁਤਾਬਕ ਭਾਵ ਚੰਦ ਦੇ ਕੈਲੰਡਰ ਮੁਤਾਬਕ (ਸਾਲ ਦੀ ਲੰਬਾਈ 354 ਦਿਨ, ਕਦੇਂ-ਕਦੇਂ 384 ਦਿਨ) ਕੁਝ ਦਿਹਾੜੇ ਪ੍ਰਵਿਸ਼ਟਿਆਂ ਮੁਤਾਬਕ (ਸਾਲ ਦੀ ਲੰਬਾਈ 365.2563 ਦਿਨ) ਅਤੇ  ਕੁਝ ਦਿਹਾੜੇ ਅੰਗਰੇਜੀ ਤਾਰੀਖਾਂ ਮੁਤਾਬਕ (ਸਾਲ ਦੀ ਲੰਬਾਈ 365.2425 ਦਿਨ) ਦਰਜ ਕਰਦੀ ਹੈ। ਤਿੰਨ ਬੇੜੀਆਂ ਦੀ ਸਵਾਰੀ ਕਰਨ ਦਾ ਕੀ ਕਾਰਨ ਹੈ? ਜੇ ਸਾਰੇ ਦਿਹਾੜੇ ਅਸਲ ਪ੍ਰਵਿਸ਼ਟਿਆਂ ਮੁਤਾਬਕ ਹੀ ਮਨਾਏ ਜਾਣ ਤਾਂ ਇਤਿਹਾਸ ਅਤੇ ਗੁਰਮਤਿ ਦੇ ਕਿਹੜੇ ਸਿਧਾਂਤ ਦੀ ਅਵੱਗਿਆ ਹੁੰਦੀ ਹੈ?

  

 

 

 

 

 

Wednesday, January 14, 2026

ਅੰਮਤਾ, ਪੂਰਨਮੰਤਾ ਅਤੇ ਮਲਮਾਸ

 

ਅੰਮਤਾ, ਪੂਰਨਮੰਤਾ ਅਤੇ ਮਲਮਾਸ

ਸਰਬਜੀਤ ਸਿੰਘ ਸੈਕਰਾਮੈਂਟੋ

ਲੱਗ-ਭੱਗ 8 ਸਾਲ ਪਹਿਲਾਂ, ਅਨੁਰਾਗ ਸਿੰਘ ਦੀਆਂ ਪੋਸਟਾਂ ਵਿੱਚ ਮੈਂ ਪਹਿਲੀ ਵਾਰ ਪੜ੍ਹਿਆ ਸੀ ਕਿ ਗੁਰੂ ਸਾਹਿਬ ਜੀ ਨੇ ਪ੍ਰਚੱਲਤ ਬਿਕ੍ਰਮੀ ਕੈਲੰਡਰ ਵਿੱਚ ਸੋਧ ਕਰਕੇ ‘ਮੂਲ ਸਿੱਖ ਕੈਲੰਡਰ’ ਸਥਾਪਿਤ ਕੀਤਾ ਸੀ। ਇਹ ਜਾਣਕਾਰੀ ਮੇਰੇ ਵਾਸਤੇ ਨਵੀਂ ਸੀ। ਮੈਂ ਅਨੁਰਾਗ ਸਿੰਘ ਨੂੰ ਲਿਖਤੀ ਬੇਨਤੀ ਕੀਤੀ ਕਿ ਇਸ ਕੈਲੰਡਰ ਬਾਰੇ ਹੋਰ ਜਾਣਕਾਰੀ ਦੇ ਨਾਲ, ਉਹ ਕੈਲੰਡਰ ਵੀ ਸਾਝਾ ਕੀਤਾ ਜਾਵੇ। ਉਸ ਵੱਲੋਂ ਕੋਈ ਜਵਾਬ ਨਾ ਆਉਣ ਕਾਰਨ, ਮੇਰਾ ਸ਼ੱਕ ਯਕੀਨ ਵਿੱਚ ਬਦਲ ਗਿਆ ਕਿ ਇਹ ਝੂਠ ਬੋਲ/ਲਿਖ ਰਿਹਾ ਹੈਫੇਰ ਇਹ ਆਉਣ ਵਾਲੀ ਕਿਤਾਬ ਬਾਰੇ ਪ੍ਰਚਾਰ ਕਰਨ ਲੱਗ ਪਿਆ। ਅਸੀਂ ਸੋਚਿਆ ਕਿ ਕਿਤਾਬ ਵਿੱਚ ਤਾਂ ਕੈਲੰਡਰ ਬਾਰੇ ਜਾਣਕਾਰੀ ਦੇਣਗੇ ਹੀਇਕ ਦਿਨ ਸਤਿੰਦਰ ਸਿੰਘ ਦੀ ਪੋਸਟ ਨੇ ਮੇਰਾ ਧਿਆਨ ਖਿੱਚਿਆ, “ਉਡੀਕ ਖਤਮ ਹੋਈ, ਪੁਸਤਕ ਹੁਣ ਕਨੇਡਾ-ਅਮਰੀਕਾ ਵਿਚ ਵੀ ਉਪਲੱਭਦ ਹੈ”। ਕਿਤਾਬ ਦਾ ਨਾਮ, “ਗੁਰੂ ਸਾਹਿਬ ਵੱਲੋਂ ਸਥਾਪਤ ਕੀਤਾ ਮੂਲ ਸਿੱਖ ਕੈਲੰਡਰ”, ਪੜ੍ਹ ਕੇ ਆਸ ਦੀ ਕਿਰਨ ਵਿਖਾਈ ਦਿੱਤੀ ਕਿ ਹੁਣ ਤਾਂ ਗੁਰੂ ਸਾਹਿਬ ਜੀ ਵੱਲੋਂ ਸਥਾਪਤ ਕੀਤੇ ‘ਮੂਲ ਸਿੱਖ ਕੈਲੰਡਰ’ ਦੇ ਦਰਸ਼ਨ ਹੋ ਹੀ ਜਾਣਗੇ। ਪਰ ਕਿੱਥੇ? ਕੈਲੰਡਰ ਦੇ ਦਰਸ਼ਨ ਤਾਂ ਹੁੰਦੇ ਜੇ ਕੋਈ ਅਜਿਹਾ ਕੈਲੰਡਰ ਹੁੰਦਾ?

ਹੁਣ ਅਸੀਂ ਇਹ ਵੇਖਣਾ ਹੈ ਕਿ ਅਨੁਰਾਗ ਸਿੰਘ ਨੂੰ ਅਜਿਹਾ ਸ਼ੋਸ਼ਾ ਛੱਡਣ ਦਾ ਖਿਆਲ ਕਿਵੇਂ ਆਇਆ ਹੋਵੇਗਾ? ਇਸ ਦੀ ਜੜ੍ਹ ਹੈ Oxford Dictionary of World Religions’ ਵਿੱਚ। ਜਿਸ ਦੇ ਹਵਾਲੇ ਨਾਲ, ਆਪਣੀ ਹਰ ਦੂਜੀ-ਤੀਜੀ ਪੋਸਟ ਵਿੱਚ ਆਹ ਪੰਗਤੀ, “ਪਾਲ ਸਿੰਘ ਪੁਰੇਵਾਲ ਦੀ ਮਿਸ਼ਰਤ ਜੰਤਰੀ ਤੋਂ ਪਹਿਲਾਂ ਸਿੱਖਾਂ ਦਾ ਮੂਲ ਸਿੱਖ ਕੈਲੰਡਰ ਸੀ ਜਿਸ ਦਾ ਜਿਕਰ John Bowker ਇਸ ਤਰ੍ਹਾਂ ਕਰਦੇ ਹਨ: “The Sikh Religious Calendar is a modified form of the Bikrami Calendar”, ਪੇਸਟ

ਕਰਦਾ ਰਿਹਾ ਹੈ। ਆਪਣੀ ਕਿਤਾਬ “ਮੂਲ ਸਿੱਖ ਕੈਲੰਡਰ” ਵਿੱਚ ਵੀ ਇਹ ਪੰਗਤੀ ਦਰਜ ਕਰਨਾ ਨਹੀਂ ਭੁਲੇ (ਪੰਨਾ 19)

 ਪਰ ਜਦੋਂOxford Dictionary of World Religions’  ਦਾ ਹਵਲਾ ਦੇ ਕੇ, “Sikhism;  The Sikhs’ religious calendar is a modified form of the Bikrami calendar. The year is solar (23 minutes 44 seconds shorter than the Christian year) and the months are lunar. Lunar month dates, varying within fifteen days, are used for *gurpurbs. So in 1984 Guru *Gobind Singh’s birthday fell on both 10 Jan. and 29 Dec. Solar months, based on the twelve zodiac signs, are also used, e.g. for *Sangrands, *Baisakhi, and Lohri. The anniversaries of the battle of Chamkaur, martyrdom of the younger *Sahibzada, and battle of *Muktsar are solar dates. Because of the discrepancy between the Bikrami and Christian solar year these dates advance one day in sixty-seven years. (page 188) ਸਵਾਲ ਕੀਤ ਤਾਂ ਇਨ੍ਹਾਂ ਨੇ ‘ਇਕ ਚੁੱਪ ਸੌ ਸੁੱਖ’ ਦੀ ਨੀਤੀ ਤੇ ਅਮਲ ਕਰਨ ਵਿੱਚ ਹੀ ਭਲਾਈ ਸਮਝੀ।

ਸਵਾਲ ਪੈਦਾ ਹੁੰਦਾ ਹੈ ਕਿ ਕੀ ਕਿਸੇ ਸ਼ਬਦ ਕੋਸ਼ ਵਿੱਚ ਲਿਖਿਆ, ਪੱਥਰ ’ਤੇ ਲਕੀਰ ਹੁੰਦੀ ਹੈ? ਕੀ ਉਸ ਨੂੰ ਅੱਖਾਂ ਬੰਦ ਕਰਕੇ ਮੰਨ ਲੈਣਾ ਚਾਹੀਦਾ ਹੈ? ਜੇ ਅਜੇਹਾ ਹੈ ਤਾਂ, “23 minutes 44 seconds shorter than the Christian year  ਦਾ ਕੀ ਕੀਤਾ ਜਾਵੇ? ਇਸ਼ੇ ਸ਼ਬਦ ਕੋਸ਼ ਦੇ ਇਸੇ ਪੰਨੇ (188) ਉੱਪਰ  ਹਿੰਦੂ ਧਾਰਮਿਕ ਕੈਲੰਡਰ’ ਵੀ ਦਿੱਤਾ ਹੋਇਆ ਹੈ। ਦੱਸੋ, ਇਨ੍ਹਾਂ ਦੋਵਾਂ ਵਿੱਚ ਕੀ ਅੰਤਰ ਹੈ?  ਗੁਰੂ ਸਾਹਿਬ ਜੀ ਵੱਲੋਂ ਸੋਧ ਕੇ ਲਾਗੀ ਕੀਤਾ ‘ਮੂਲ ਸਿੱਖ ਕੈਲੰਡਰ’ ਕਿੱਥੇ ਹੈ? ਅਨੁਰਾਗ ਸਿੰਘ ਨੂੰ ਇਹ ਕੈਲੰਡਰ ਕਦੋਂ ਅਤੇ ਕਿਥੋਂ ਪ੍ਰਾਪਤ ਹੋਇਆ ਸੀ? ਜੇ ਇਸ ਨੂੰ, ਇਸ ਕੈਲੰਡਰ ਬਾਰੇ, ਨਾਨਕਸ਼ਾਹੀ ਕੈਲੰਡਰ ਬਨਣ ਤੋਂ ਪਹਿਲਾ ਜਾਣਕਾਰੀ ਸੀ ਤਾਂ ਇਸ ਨੇ ਉਸ ਵੇਲੇ ਕਿਉਂ ਨਹੀਂ ਦੱਸਿਆ ਜਦੋਂ ਇਹ ਮੀਟਿੰਗਾਂ ਵਿੱਚ ਸ਼ਾਮਿਲ ਹੁੰਦਾ ਸੀਯਾਦ ਰਹੇ ਇਹ ਕਿਤਗਬ 1996 ਈ: ਵਿੱਚ ਛਪੀ ਸੀ। ਜੇ ਇਹ ਕੈਲੰਡਰ ਉਸ ਤੋਂ ਪਿਛੋਂ ਲੱਭਾ ਹੈ ਤਾਂ ਵਾਰ-ਵਾਰ ਬੇਨਤੀਆਂ ਕਰਨ ਤੇ ਵੀ ਸੰਗਤਾਂ ਦੀ ਕਚਿਹਰੀ ਵਿੱਚ ਕਿਉਂ ਨਹੀਂ ਰੱਖਿਆ ਗਿਆ? ਕੀ ਇਹ ਕੈਲੰਡਰ, ਇਨ੍ਹਾਂ ਦੀ ਨਿੰਜੀ ਸੰਪਤੀ ਹੈ ਜਾਂ ਪੰਥਕ ਵਿਰਾਸਤ?

20 ਦਸੰਬਰ 2025 ਈ: ਨੂੰ ਬਠਿੰਡਾ ਵਿਖੇ ਹੋਣ ਵਾਲੀ ਵਿਚਾਰ-ਚਰਚਾ ਸਬੰਧੀ ਜਦੋਂ ਸਤਿੰਦਰ ਸਿੰਘ ਦਾ ਫੋਨ (12 ਦਸੰਬਰ) ਆਇਆ ਤਾਂ ਮੈਂ ਉਸ ਮੀਟਿੰਗ ਦੇ ਏਜੰਡੇ ਬਾਰੇ ਜਾਨਣ ਦੇ ਨਾਲ-ਨਾਲ ‘ਗੁਰੂ ਸਾਹਿਬ ਜੀ ਵੱਲੋਂ ਸਥਾਪਿਤ ਕੀਤਾ ਗਿਆ ਮੂਲ ਸਿੰਘ ਕੈਲੰਡਰ’ ਦੀ ਵੀ ਮੰਗ ਕੀਤੀ ਤਾਂ ਸਤਿੰਦਰ ਸਿੰਘ ਨੇ ਕੋਈ ਤਸੱਲੀਬਖਸ਼ ਜਵਾਬ ਨਹੀਂ ਸੀ ਦਿੱਤਾ। ਇਨ੍ਹਾਂ ਦੀ ਕਿਤਾਬ ਪੜ੍ਹ ਕੇ ਮੈਂ 4 ਦਸੰਬਰ 2023 ਈ: ਨੂੰ ਈ ਮੇਲ ਕਰਕੇ ਕੈਲੰਡਰ ਦੀ ਮੰਗ ਕੀਤੀ ਸੀ, ਜਿਸ ਦਾ ਜਵਾਬ ਅੱਜ ਤਾਂਈ ਨਹੀਂ ਆਇਆ। ਬਠਿੰਡੇ ਵਾਲੀ ਮੀਟਿੰਗ ਵਿੱਚ ਵੀ ਸ. ਕਿਰਪਾਲ ਸਿੰਘ ਨੇ ਕੈਲੰਡਰ ਦੀ ਮੰਗ ਕੀਤੀ ਤਾਂ ਜਵਾਬ ਮਿਲਿਆ ਕਿ ਕੈਲੰਡਰ ਕਿਤਾਬ ਵਿੱਚ ਹੀ ਹੈ। ਸਰਬਜੀਤ ਸਿੰਘ ਸਿੰਘ ਸੈਕਰਾਮੈਂਟੋ ਅਤੇ ਕਿਰਪਾਲ ਸਿੰਘ ਬਠਿੰਡਾ ਨੂੰ ਕੈਲੰਡਰ ਸਮਝ ਨਹੀਂ ਆਇਆ, ਪਰ ਹੋਰ ਸਾਰਿਆਂ ਨੂੰ ਸਮਝ ਆ ਗਿਆ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਉਹ, ‘ਹੋਰ ਸਾਰੇ’ ਕੌਣ ਹਨ? ਜਿਨ੍ਹਾਂ ਨੂੰ ਕਿਤਾਬ ਪੜ੍ਹ ਕੇ ਕੈਲੰਡਰ ਦੇ ਦਰਸ਼ਨ ਹੋ ਗਏ ਹਨ? ਖੈਰ...। ਆਓ ਹੁਣ ਇਹ ਵੇਖੀਏ ਕਿ ਗੁਰਚਰਨ ਸਿੰਘ ਸੇਖੋਂ ਨੇ ਕਿਤਾਬ ਵਿੱਚ ਕੀ ਲਿਖਿਆ ਹੈ?

“ਗੁਰੂ ਨਾਨਕ ਦੇਵ ਜੀ ਨੇ ਚੰਦਮਾਂ ਦੇ ਮਹੀਨਿਆਂ ਦੀ ਸ਼ੁਰੂਆਤ ਦੀ ਚੋਣ ੧ ਵਦੀ ਤੋਂ ਕਰਕੇ ਇਸ ਮਹੀਨੇ ਨਾਲ ਜੁੜਿਆ ਸਾਰਾ ਭਰਮ ਹੀ ਕੱਟ ਦਿੱਤਾ। ... ਗੁਰੂ ਨਾਨਕ ਦੇਵ ਜੀ ਨੇ ਚੰਦ੍ਰਮਾਂ ਦੇ ਮਹੀਨੇ ਦੀ ਸ਼ੁਰੂਆਤ ਦੋ ਮੱਸਿਆ ਦੇ ਅੱਧ ਵਿੱਚ, ਭਾਵ ਕਿ ਪੂਰਨਮਾਸ਼ੀ ਉਪਰੰਤ ਕਰ ਦਿੱਤੀ। ਹੁਣ ਪਹਿਲੇ ਮਹੀਨੇ ਵਿੱਚ ਵੀ ਸੰਗਰਾਂਦ ਆਵੇਗੀ ਅਤੇ ਅਗਲੇ ਵਿੱਚ ਵੀ ਆਵੇਗੀ। ਉਦਾਹਰਨ: ਅਗਰ ਭਾਦੋਂ ੧ ਨੂੰ ਸੂਰਜੀ ਮਹੀਨਾ ਸ਼ੁਰੂ ਹੋਵੇ ਅਤੇ ਦੋ ਨੂੰ ਚੰਦ੍ਰਮਾਂ ਦਾ ਮਹੀਨਾ ਸ਼ੁਰੂ ਹੋ ਜਾਵੇ ਅਤੇ ਫਿਰ ਭਾਦੋਂ ੩੧ ਨੂੰ ਮੱਸਿਆ ਸਮੇਂ ਚੰਦਮਾਂ ਦਾ ਮਹੀਨਾ ਸਮਾਪਤ ਹੋ ਜਾਵੇ ਅਤੇ ਅਗਲੇ ਦਿਨ ਅੱਸੂ ੧ ਦੀ ਸੰਗਰਾਂਦ ਵਾਲੇ ਦਿਨ ਸੂਰਜੀ ਮਹੀਨਾ ਸ਼ੁਰੂ ਹੋ ਜਾਵੇ, ਤਾਂ ਚੰਦਮਾਂ ਦੇ ਮਹੀਨੇ ਵਿੱਚ ਸੰਗਰਾਂਦ ਨਹੀਂ ਆਵੇਗੀ । ਪਰ ਜੇ ਚੰਦਮਾਂ ਦਾ ਮਹੀਨਾ ਬਦਲ ਕੇ ਪੂਰਨਮਾਸ਼ੀ ਉਪਰੰਤ ਵਦੀ ੧ ਤੋਂ ਕਰ ਦਿੱਤਾ ਜਾਵੇ ਤਾਂ ਇਹ ਸੂਰਜੀ ਭਾਦੋਂ ਮਹੀਨੇ ਦੇ ਅੱਧ ਵਿਚ, ਭਾਵ ਕਿ ੧੫ ਭਾਦੋਂ ਦੇ ਆਸ-ਪਾਸ ਦਾ ਸਮਾਂ ਬਣ ਜਾਵੇਗਾ। ਹੁਣ ਪਿਛਲੇ ੩੦ ਦਿਨਾਂ ਵਿੱਚ ਵੀ ਸੰਗਰਾਂਦ ਆਵੇਗੀ ਅਤੇ ਅਗਲੇ ੩੦ ਦਿਨਾਂ ਵਿਚ ਸੰਗਰਾਂਦ ਆਵੇਗੀ। ਇਸ ਲਈ ਗੁਰੂ ਨਾਨਕ ਦੇਵ ਜੀ ਨੇ ਇਹ ਅਸ਼ੁਭ ਵਾਲੀ ਸਾਰੀ ਵਿਚਾਰ ਹੀ ਖ਼ਤਮ ਕਰਕੇ ਇਕ ਨਿਰੋਲ-ਵਿਲੱਖਣ ਸਿੱਖ ਕੈਲੰਡਰ ਸਥਾਪਤ ਕੀਤਾਇਹ ਹੈ ਗੁਰੂ ਸਾਹਿਬਾਂ ਵਲੋਂ ਸਥਾਪਤ ਕੀਤਾ ਸਿੱਖਾਂ ਦਾ ਮੂਲ ਕਲੰਡਰ, ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਸੂਰਜੀ ਅਤੇ ਚੰਦ੍ਰਮਾਂ ਦੇ ਅਲੱਗ-ਅਲੱਗ ਸਿਧਾਂਤਾਂ ਵਿਚੋਂ ਆਪਣੇ ਸਿਧਾਂਤਾਂ ਦੀ ਚੋਣ ਕਰਕੇ, ਉਨ੍ਹਾਂ ਉਪਰ ਬਾਣੀ ਉਚਾਰੀ ਅਤੇ ਸਾਡੇ ਕਲੰਡਰ ਦੇ ਸਿਧਾਂਤ, ਆਦਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ। ਇਸ ਲਈ ਸਿੱਖ ਕੌਮ, ਕਦੇ ਵੀ ਕਲੰਡਰ ਤੋਂ ਵਾਂਝੀ ਨਹੀਂ ਸੀ, ਪਰ ਸਿੱਖਾਂ ਨੂੰ ਝੂਠ ਬੋਲ ਕੇ ਇਸ ਗੱਲ ਦਾ ਭੁਲੇਖਾ ਪਾਇਆ ਗਿਆ ਕਿ ਉਨ੍ਹਾਂ ਪਾਸ ਕੋਈ ਕਲੰਡਰ ਨਹੀਂ ਹੈ”। (ਪੰਨਾ 86)

ਗੁਰਚਰਨ ਸਿੰਘ ਸੇਖੋ ਦੇ ਲਿਖਣ ਦਾ ਭਾਵ ਜੋ ਮੈਂ ਸਮਝਿਆ ਹਾਂ ਇਹ ਹੈ ਕਿ, ਮਲ ਮਾਸ ਇਸ ਕਰਕੇ ਆਉਂਦਾ ਹੈ ਕਿ ਮਹੀਨੇ ਦਾ ਆਰੰਭ ਸੁਦੀ ਏਕਮ ਤੋਂ ਹੁੰਦਾ ਹੈ ਅਤੇ ਉਦੋਂ ਹੀ ਸੰਗਰਾਂਦ ਹੁੰਦੀ ਹੈ, ਇਸ ਕਾਰਨ ਮੱਸਿਆ ਅਤੇ ਸੰਗਰਾਂਦ ਨੂੰ ਵੱਖ-ਵੱਖ ਕਰਨ ਲਈ ਗੁਰੂ ਸਾਹਿਬ ਜੀ ਨੇ ਮਹੀਨੇ ਦਾ ਆਰੰਭ ਵਦੀ ਏਕਮ ਤੋਂ ਕਰ ਦਿੱਤਾ। ਹੁਣ ਮੱਸਿਆ ਮਹੀਨੇ ਦੇ ਮੱਧ ਵਿੱਚ ਆਉਣ ਕਰਕੇ, ਮਲ ਮਾਸ ਦੀ ਸਮੱਸਿਆ ਨਹੀਂ ਆਵੇਗੀ“ਗੁਰੂ ਨਾਨਕ ਦੇਵ ਜੀ ਨੇ ਚੰਦਮਾਂ ਦੇ ਮਹੀਨਿਆਂ ਦੀ ਸ਼ੁਰੂਆਤ ਦੀ ਚੋਣ ੧ ਵਦੀ ਤੋਂ ਕਰਕੇ ਇਸ ਮਹੀਨੇ ਨਾਲ ਜੁੜਿਆ ਸਾਰਾ ਭਰਮ ਹੀ ਕੱਟ ਦਿੱਤਾ”

ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਵਿੱਚ ਚੰਦ ਦਾ ਮਹੀਨਾ ਅਤੇ ਸੂਰਜੀ ਮਹੀਨਾ, ਦੋਵੇਂ ਇਕੱਠੇ ਚਲਦੇ ਹਨ। ਚੰਦ ਦੇ ਨਵੇਂ ਸਾਲ ਦਾ ਆਰੰਭ ਚੇਤ ਸੁਦੀ ਏਕਮ ਤੋਂ ਹੁੰਦਾ ਹੈ। ਪਰ ਮਹੀਨੇ ਦਾ ਆਰੰਭ ਚੇਤ ਵਦੀ ਏਕਮ ਤੋਂ। ਇਸ ਕਾਰਨ ਚੇਤ ਦਾ ਅੱਧਾ ਮਹੀਨਾ ( ਵਦੀ ਪੱਖ) ਪਿਛਲੇ ਸਾਲ ਵਿੱਚ ਆਉਂਦਾ ਹੈ ਅਤੇ ਅੱਧਾ ਮਹੀਨਾ (ਸੁਦੀ ਪੱਖ) ਨਵੇਂ ਸਾਲ ਵਿੱਚ ਆਉਂਦਾ ਹੈ। ਬਿਕ੍ਰਮੀ ਕੈਲੰਡਰ ਦੇ ਨਵੇਂ ਚੰਦਰ ਸਾਲ ਭਾਵ 2083 ਬਿ: ਦਾ ਆਰੰਭ 19 ਮਾਰਚ 2026 ਈ: ਨੂੰ ਹੋਵੇਗਾ। ਸੂਰਜੀ ਸਾਲ ਦਾ ਆਰੰਭ 1 ਵੈਸਾਖ/ 14 ਅਪ੍ਰੈਲ 2026 ਈ: ਨੂੰ ਹੋਵੇਗਾ। ਇਥੇ ਮਹੀਨਾ ਚੰਦ ਦਾ ਮੁੱਖ ਰੱਖਿਆ ਜਾਂਦਾ ਹੈ ਅਤੇ ਸਾਲ ਸੂਰਜੀ।

ਗੁਰੂ ਗ੍ਰੰਥ ਸਾਹਿਬ ਜੀ ਵਿੱਚ ’ਥਿਤੀ’ ਸਿਰਲੇਖ ਹੇਠ ਤਿੰਨ ਬਾਣੀਆ ਦਰਜ ਹਨ-:

੧.ਥਿਤੀ ਗਉੜੀ ਮਹਲਾ ੫  (ਪੰਨਾ 296)

੨. ਰਾਗ ਗਉੜੀ ਥਿਤੀ ਕਬੀਰ ਜੀ ਕੀ (ਪੰਨਾ 343)

੩. ਬਿਲਾਵਲ ਮਹਲਾ ੧ਥਿਤੀ ਘਰੁ ੧੦ (ਪੰਨਾ838)

ਚੰਦ ਦਾ ਮਹੀਨਾ ਪੁੰਨਿਆ ਤੋਂ ਪੁੰਨਿਆ, ਜਿਸ ਨੂੰ ਪੂਰਨਮੰਤਾ ਕਹਿੰਦੇ ਹਨ ਅਤੇ ਮੱਸਿਆ ਤੋਂ ਮੱਸਿਆ, ਜਿਸ ਨੂੰ ਅਮੰਤਾ ਕਹਿੰਦੇ ਹਨ, ਦੋਵੇਂ ਤਰ੍ਹਾਂ ਹੀ ਗਿਣਿਆ ਜਾਂਦਾ ਹੈਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ‘ਬਿਲਾਵਲ ਮਹਲਾ ੧ ਥਿਤੀ’ ਅਤੇ ‘ਥਿਤੀ ਗਉੜੀ ਮਹਲਾ ੫’ ਦੋਵੇਂ ਪਾਵਨ ਬਾਣੀਆਂ ਵਿੱਚ ਮਹੀਨਾ ‘ਪੂਰਨਮੰਤਾ’ ਹੈ। ਅਤੇ ‘ਰਾਗ ਗਉੜੀ ਥਿਤੀ ਕਬੀਰ ਜੀ ਕੀ’ ਵਿੱਚ ਮਹੀਨਾ ‘ਅਮੰਤਾ’ ਹੈ। ਤਿੰਨੇ ਹੀ ਪਾਵਨ ਬਾਣੀਆਂ ਏਕਮ ਤੋਂ ਆਰੰਭ ਹੁੰਦੀਆਂ ਹਨ ;

ਏਕਮ ਏਕੰਕਾਰੁ ਪ੍ਰਭੁ ਕਰਉ ਬੰਦਨਾ ਧਿਆਇ ॥ (ਪੰਨਾ 296)

ਪਰਿਵਾ ਪ੍ਰੀਤਮ ਕਰਹੁ ਬੀਚਾਰ ॥ (ਪੰਨਾ 343)

ਏਕਮ ਏਕੰਕਾਰੁ ਨਿਰਾਲਾ ॥ (ਪੰਨਾ 838)

ਥਿਤੀ ਗਉੜੀ ਮਹਲਾ ੫  (ਪੰਨਾ 296) ਵਿੱਚ ਚੌਦਸ ਤੋਂ ਪਿਛੋਂ ਮੱਸਿਆ ਦਾ ਜਿਕਰ ਆਉਂਦਾ ਹੈ, “ ਅਮਾਵਸ ਆਤਮ ਸੁਖੀ ਭਏ ਸੰਤੋਖੁ ਦੀਆ ਗੁਰਦੇਵ (ਪੰਨਾ 300) ਇੱਥੋਂ ਇਹ ਗਿਆਨ ਹਾਸਿਲ ਹੁੰਦਾ ਹੈ ਕਿ ਮੱਸਿਆ ਮਹੀਨੇ ਦੇ ਵਿਚਕਾਰ ਆਉਂਣ ਕਾਰਨ ਇਹ ਮਹੀਨਾ ‘ਪੂਰਨਮੰਤਾ’ ਹੈ।

ਬਿਲਾਵਲ ਮਹਲਾ ੧ਥਿਤੀ ਘਰੁ ੧੦ (ਪੰਨਾ838) ਬਾਣੀ ਵਿੱਚ ਵੀ ਚੌਦਸ ਤੋਂ ਪਿਛੋਂ ਮੱਸਿਆ ਦਾ ਜਿਕਰ ਹੀ ਆੳਦਾ ਹੈ। “ਅਮਾਵਸਿਆ ਚੰਦੁ ਗੁਪਤੁ ਗੈਣਾਰਿ”,(ਪੰਨਾ 840)  ਇਥੇ ਵੀ ਮੱਸਿਆ ਦਾ ਮਹੀਨੇ ਅੱਧ ਵਿਚਕਾਰ ਆਉਣਾ ਇਸ ਗੱਲ ਦਾ ਸਬੂਤ ਹੈ ਕਿ ਇਹ ਮਹੀਨਾ ਵੀ ‘ਪੂਰਨਮੰਤਾ’ ਹੈ।

ਰਾਗ ਗਉੜੀ ਥਿਤੀੰ ਕਬੀਰ ਜੀ ਕੀੰ (ਪੰਨਾ 343) ਸਿਰਲੇਖ ਵਾਲੀ ਬਾਣੀ ਵਿੱਚ, ਚੌਦਸ ਤੋਂ ਪਿਛੋਂ ਪੁੰਨਿਆ ਦਾ ਜਿਕਰ ਆਉਦਾ ਹੈ। “ਪੂਨਿਉ ਪੂਰਾ ਚੰਦ ਅਕਾਸ”(ਪੰਨਾ 344)  ਭਗਤ ਕਬੀਰ ਜੀ ਵੱਲੋਂ ਉਚਾਰਣ ਕੀਤੀ ਗਈ ਬਾਣੀ ਵਿੱਚ ‘ਪੁੰਨਿਆ’ ਮਹੀਨੇ ਦੇ ਅੱਧ ਵਿਚਕਾਰ ਆਉਂਦੀ ਹੈ। ਇਸ ਤੋਂ ਇਹ ਜਾਣਕਾਰੀ ਮਿਲਦੀ ਹੈ ਕਿ ਇਹ ਮਹੀਨਾ ਮੱਸਿਆ ਤੋਂ ਮੱਸਿਆ ਤਾਈਂ ਚਲਦਾ ਹੈ। ਇਸ ਮਹੀਨੇ ਨੂੰ ‘ਅਮੰਤਾ’ ਕਹਿੰਦੇ ਹਨ।

ਭਾਰਤ ਸਰਕਾਰ ਵੱਲੋਂ ਬਣਾਈ ਗਈ ਕੈਲੰਡਰ ਸੁਧਾਰ ਕਮੇਟੀ ਦੀ ਰਿਪੋਟ ਵਿੱਚ, ਦੇਸ ਵਿੱਚ ਪ੍ਰਚੱਲਤ ਵੱਖ-ਵੱਖ 32 ਕੈਲੰਡਰਾਂ ਦੀ ਸੂਚੀ ਦਰਜ ਹੈ । ਜਿਸ ਮੁਤਾਬਕ ਦੇਸ਼ ਵਿੱਚ ਅੱਜ ਵੀ ਚੰਦ ਦਾ ਮਹੀਨਾ ਦੋਵੇ ਤਰ੍ਹਾਂ ਹੀ, ਭਾਵ ਪੂਰਨਮੰਤਾਅਤੇ ਅਮੰਤਾਚਲਦਾ ਹੈ। ਇਹ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਦਾ ਵਿਧਾਨ ਹੈ। ਗੁਰੂ ਸਾਹਿਬ ਜੀ ਪੰਜਾਬ ਦੇ ਇਲਾਕੇ ਵਿੱਚ ਜਿਆਦਾ ਵਿਚਰੇ ਹਨ ਇਸ ਲਈ, ਇਸ ਖਿਤੇ ਵਿੱਚ ਪ੍ਰਚੱਲਿਤ ਕੈਲੰਡਰ, ਚੰਦਰ- ਸੂਰਜੀ ਬਿਕ੍ਰਮੀ (ਸੂਰਜੀ ਸਿਧਾਂਤ- ਪੂਰਨਮੰਤਾ) ਮੁਤਾਬਕ ਉਪਦੇਸ ਦਿੱਤਾ ਗਿਆ ਹੈ। ਭਗਤ ਕਬੀਰ ਦੀ ਦੇਸ਼ ਦੇ ਕਿਸੇ ਹੋਰ ਹਿੱਸੇ ( ਬਨਾਰਸ- ਉੱਤਰ ਪ੍ਰਦੇਸ਼) ਵਿੱਚ ਰਹਿੰਦੇ ਸਨ। ਉਨ੍ਹਾਂ ਨੇ ਉਸ ਇਲਾਕੇ ਵਿੱਚ ਪ੍ਰਚੱਲਿਤ ਕੈਲੰਡਰ ਚੰਦਰ- ਸੂਰਜੀ ਬਿਕ੍ਰਮੀ (ਸੂਰਜੀ ਸਿਧਾਤ- ਅਮੰਤਾ) ਮੁਤਾਬਕ ਉਪਦੇਸ਼ ਦਿੱਤਾ ਹੈ।

ਮਲ-ਮਾਸ:- ਚੰਦ ਦੇ ਕੈਲੰਡਰ ਮੁਤਾਬਕ ਸਾਲ ਵਿੱਚ 354.37 ਦਿਨ ਹੁੰਦੇ ਹਨ। ਜਦੋਂ ਕਿ ਸੂਰਜੀ ਸਿਧਾਂਤ ਮੁਤਾਬਕ ਸੂਰਜੀ ਕੈਲੰਡਰ ਦੇ ਸਾਲ ਦੀ ਲੰਬਾਈ 365.2587 ਦਿਨ ਮੰਨੀ ਗਈ ਹੈ। ਮੋਟੇ ਤੌਰ ’ਤੇ ਕਹਿ ਸਕਦੇ ਹਾਂ ਕਿ ਚੰਦ ਦਾ ਸਾਲ ਸੂਰਜੀ ਸਾਲ ਤੋਂ ਲਗਭਗ 11 ਦਿਨ ਛੋਟਾ ਹੁੰਦਾ ਹੈ। ਜਦੋਂ ਇਕ ਸਾਲ ਵਿੱਚ 11, ਦੋ ਸਾਲ 22 ਅਤੇ ਤੀਜੇ ਸਾਲ ਚੰਦ ਦਾ ਕੈਲੰਡਰ ਸੂਰਜੀ ਸਾਲ ਤੋਂ 33 ਦਿਨ ਪਿਛੇ ਰਹਿ ਜਾਂਦਾ ਹੈ ਤਾਂ, ਇਸ ਨੂੰ ਸੂਰਜੀ ਸਾਲ ਦੇ ਨੇੜੇ-ਤੇੜੇ ਰੱਖਣ ਲਈ, ਇਸ ਵਿੱਚ ਇਕ ਹੋਰ ਮਹੀਨਾ ਜੋੜ ਦਿੱਤਾ ਜਾਂਦਾ ਹੈ। ਇਸ ਨੂੰ ਮਲ ਮਾਸ (ਮਾੜਾ ਮਹੀਨਾ) ਕਹਿੰਦੇ ਹਨ। ਇਸ ਸਾਲ, ਚੰਦ ਦੇ ਸਾਲ ਵਿੱਚ 384 ਦਿਨ ਅਤੇ 13 ਮਹੀਨੇ ਹੁੰਦੇ ਹਨ। 19 ਸਾਲਾਂ ਵਿੱਚ, 7 ਸਾਲ ਅਜੇਹੇ ਆਉਂਦੇ ਹਨ। 

ਅਗਲੇ ਸਾਲ ਭਾਵ ਸੰਮਤ 2083 ਬਿਕ੍ਰਮੀ (2026-27 ਈ:) ਵਿੱਚ ਜੇਠ ਦਾ ਮਹੀਨਾ ਦੋ ਵਾਰ ਆਵੇਗਾ। ਇਕ ਚੰਗਾ ਦੂਜਾ ਮਾੜਾ। ਜੇਠ ਮਹੀਨੇ ਦਾ ਆਰੰਭ, ਜੇਠ ਵਦੀ ਏਕਮ, 2 ਮਈ 2026 ਈ: ਤੋਂ ਹੋਵੇਗਾ। ਜੇਠ ਦੀ ਮੱਸਿਆ 16 ਜੂਨ ਨੂੰ ਆਵੇਗੀ। ਜੇਠ ਦੀ ਪੁੰਨਿਆ 31 ਮਈ ਨੂੰ ਆਵੇਗੀ। ਦੂਜੇ ਜੇਠ ਦਾ ਆਰੰਭ (ਜੇਠ ਵਦੀ ਏਕਮ) 1 ਜੂਨ ਤੋਂ ਹੋਵੇਗਾ। ਜੇਠ ਦੀ ਮੱਸਿਆ 15 ਜੂਨ ਨੂੰ ਆਵੇਗੀ ਅਤੇ ਮਹੀਨੇ ਅੰਤ ਭਾਵ ਪੁੰਨਿਆ 29 ਜੂਨ ਨੂੰ ਆਵੇਗੀ। ਜੇਠ ਦਾ ਚੰਦਰ ਮਹੀਨਾ 2 ਮਈ ਤੋਂ 29 ਜੂਨ ਤੀਕ ਭਾਵ 59 ਦਿਨਾਂ ਦਾ ਹੋਵੇਗਾ।  

ਇਸ ਵਿੱਚੋਂ 17 ਮਈ ਤੋਂ 15 ਜੂਨ ਦੇ ਦਿਨ ਮਾੜੇ ਹੋਣਗੇ, ਭਾਵ ਮਲ-ਮਾਸ ਹੋਵੇਗਾ ਇਨ੍ਹਾਂ ਦਿਨਾਂ ਵਿੱਚ ਕੋਈ ਵੀ ਸ਼ੁਭ ਕਾਰਜ ਨਹੀਂ ਕੀਤਾ ਜਾ ਸਕਦਾ। ਪਹਿਲੇ ਮਹੀਨੇ ਦਾ ਪਹਿਲਾ ਪੱਖ (ਵਦੀ ਪੱਖ) ਚੰਗਾ, ਪਹਿਲੇ ਮਹੀਨ ਦਾ ਦੂਜਾ ਪੱਖ (ਸੁਦੀ ਪੱਖ) ਮਾੜਾ, ਦੂਜੇ ਮਹੀਨੇ ਦਾ ਪਹਿਲਾ ਪੱਖ (ਵਦੀ ਪੱਖ) ਮਾ ੜਾ ਅਤੇ ਦੂਜੇ ਮਹੀਨੇ ਦਾ ਦੂਜਾ ਪੱਖ (ਸੁਦੀ ਪੱਖ) ਚੰਗਾ ਹੁੰਦਾ ਹੈ ਯਾਦ ਰਹੇ ਚੰਦਰ- ਸੂਰਜੀ ਬਿਕ੍ਰਮੀ ਕੈਲੰਡਰ ਮੁਤਾਬਕ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਜੇਠ ਸੁਦੀ 4 ਨੂੰ ਮਨਾਇਆ ਜਾਂਦਾ ਹੈ। ਅਗਲੇ ਸਾਲ ਇਹ ਪਹਿਲੀ ਜੇਠ ਸੁਦੀ 4, ਜੋ 20 ਮਈ ਨੂੰ ਆਵੇਗੀ, ਨਹੀਂ ਮਨਾਇਆ ਜਾਵੇਗਾ, ਕਿਉਂਕਿ ਪਹਿਲੇ ਮਹੀਨੇ ਦਾ ਦੂਜਾ ਪੱਖ ਮਾੜਾ ਹੋਵੇਗਾ। ਹੁਣ ਇਹ ਦੂਜੇ ਮਹੀਨੇ ਦੇ ਦੂਜੇ ਪੱਖ ਵਿੱਚ ਆਉਣ ਵਾਲੀ ਸ਼ੁਭ ਜੇਠ ਸੁਦੀ 4 (18 ਜੂਨ) ਨੂੰ ਮਨਾਇਆ ਜਾਵੇਗਾ।  ਜੇ ਇਹ ਬਿਪਰਵਾਦ ਨਹੀਂ ਤਾਂ ਹੋਰ ਕੀ ਹੈ?

ਇਸ ਮਹੀਨੇ ਦੀ ਚੋਣ ਕਿਵੇਂ ਕੀਤੀ ਜਾਂਦੀ ਹੈ, ਇਹ ਜਾਨਣਾ ਵੀ ਦਿਲਚਸ ਹੋਵੇਗਾ। ਜਦੋਂ ਮੱਸਿਆ ਤੋਂ ਮੱਸਿਆ ਦੇ ਦਰਮਿਆਨ ਸੰਗਰਾਂਦ ਨਾ ਆਵੇ ਤਾਂ ਉਹ ਮਹੀਨਾ ਦੂਜੀ ਵਾਰ ਆ ਜਾਂਦਾ ਹੈ। ਜੇਠ ਦੀ ਸੰਗਰਾਂਦ 15 ਮਈ 2026 ਈ:  ਨੂੰ ਆਵੇਗੀ। ਜੇਠ ਮਹੀਨੇ ਦੀ ਮੱਸਿਆ 16 ਮਈ ਨੂੰ ਆਵੇਗੀ। ਹੁਣ ਅਗਲੀ ਸੰਗਰਾਂਦ ਅਤੇ ਮੱਸਿਆ ਦੋਵੇਂ 15 ਜੂਨ ਨੂੰ ਆ ਰਹੀਆ ਹਨ। ਅਜੇਹੀ ਸਥਿਤੀ ਵਿੱਚ ਵੇਖਣਾ ਪਵੇਗਾ ਕਿ ਦੋਵਾਂ `ਚ ਪਹਿਲਾਂ ਕਿਹੜੀ (ਮੱਸਿਆ ਜਾਂ ਸੰਗਰਾਂਦ) ਆ ਰਹੀ ਹੈ? 15 ਜੂਨ 2026 ਈ: ਦਿਨ ਸੋਮਵਾਰ ਨੂੰ ਸੂਰਜ 5:25 AM  ਤੇ ਚੜ੍ਹੇਗਾ। ਮੱਸਿਆ ਦੀ ਤਿੱਥ ਜਿਹੜੀ 14 ਜੂਨ ਨੂੰ 12:20 PM  ਤੇ ਆਰੰਭ ਹੋਈ ਸੀ, 15 ਤਾਰੀਖ ਨੂੰ 8:24 AM ਖਤਮ ਹੋਵੇਗੀ। 15 ਤਾਰੀਖ ਨੂੰ ਸੂਰਜ ਚੜ੍ਹਨ ਵੇਲੇ ਮੱਸਿਆ ਹੋਣ ਕਾਰਨ ਅਗਲੇ ਸੂਰਜ ਚੜ੍ਹਨ ਤੀਕ ਇਹ ਮੱਸਿਆ ਹੀ ਮੰਨੀ ਜਾਵੇਗੀ। ਸੂਰਜ, 15 ਜੂਨ ਨੂੰ  12:53 PM  ’ਤੇ ਮਿਥਨ ਰਾਸ਼ੀ ਵਿੱਚ ਪ੍ਰਵੇਸ਼ ਕਰੇਗਾ। ਇਸ ਦਾ ਭਾਵ ਇਹ ਹੋਇਆ ਕਿ ਮੱਸਿਆ 8:24 AM ਤੇ ਖਤਮ ਹੋ ਜਾਵੇਗੀ ਪਰ ਸੰਗਰਾਂਦ 12:53 PM  ਹੋਵੇਗੀ। ਸਪਸ਼ਟ ਹੈ ਕਿ ਮੱਸਿਆ ਤੋਂ ਮੱਸਿਆ ਦੇ ਵਿਚਾਰ ਸੰਗਰਾਂਦ ਨਹੀਂ ਆਵੇਗੀ ਤਾਂ ਜੇਠ ਦਾ ਮਹੀਨਾ ਹੀ ਦੂਜੀ ਵਾਰ ਆ ਜਾਵੇਗਾ। ਇਕ ਚੰਗਾ ਇਕ ਮਾੜਾ ਭਾਵ ਮਲ-ਮਾਸ।  ਹੁਣ ਗੁਰਚਰਨ ਸਿੰਘ ਸੇਖੋਂ ਦੇ ਲਿਖਤੀ ਦਾਵੇ, “ਗੁਰੂ ਨਾਨਕ ਦੇਵ ਜੀ ਨੇ ਚੰਦ੍ਰਮਾਂ ਦੇ ਮਹੀਨਿਆਂ ਦੀ ਸ਼ੁਰੂਆਤ ਦੀ ਚੋਣ ੧ ਵਦੀ ਤੋਂ ਕਰਕੇ ਇਸ ਮਹੀਨੇ ਨਾਲ ਜੁੜਿਆ ਸਾਰਾ ਭਰਮ ਹੀ ਕੱਟ ਦਿੱਤਾ” ਦਾ ਕੀ ਬਣਿਆ? ਜਦੋ ਚੰਦ ਦੇ ਸਾਲ (354.37 ਦਿਨ) ਅਤੇ ਸੂਰਜੀ ਸਾਲ (365.2587 ਦਿਨ) ਦੀ ਲੰਬਾਈ ਵੱਖ ਵੱਖ ਹੋਣ ਕਾਰਨ 10.8887 ਦਿਨ੍ਹਾਂ ਦਾ ਫਰਕ ਹੈ ਤਾਂ ਦੱਸੋ ਤੇਰਵਾਂ ਮਹੀਨਾ ਭਾਵ ਮਲ ਮਾਸ ਤੋਂ ਬਿਨਾ ਇਨ੍ਹਾਂ ਦੋਵਾਂ ਨੂੰ ਨੇੜੇ-ਤੇੜੇ ਕਿਵੇਂ ਰੱਖਿਆ ਜਾ ਸਕਦਾ ਹੈ? 

ਸਿਆਣਿਆ ਦਾ ਕਥਨ ਹੈ ਕਿ ਸਮਝਦਾਰ ਨੂੰ ਤਾਂ ਇਸ਼ਾਰਾ ਹੀ ਕਾਫੀ ਹੁੰਦਾ ਹੈ। ਸੇਖੋ ਦੇ ਲਿਖਤੀ ਦਾਵੇ ਨੂੰ ਨੂੰ ਰੱਦ ਕਰਨ ਲਈ ਉਪ੍ਰੋਕਤ ਵਿਆਖਿਆ ਹੀ ਕਾਫੀ ਹੈ। ਪਰ ਇਹ ਬਹੁਤ ਹੀ ਢੀਠ ਕਿਸਮ ਦੇ ਲੋਕ ਹਨ। ਇਸ ਲਈ ਇਨ੍ਹਾਂ ਦੀ ਤਸੱਲੀ ਕਰਵਾਉਣ ਲਈ ਗੁਰੂ ਨਾਨਕ ਜੀ ਦੇ ਜੀਵਨ ਕਾਲ ਵਿੱਚ ਆਏ ਆਖਰੀ ਅਸ਼ੁਭ ਮਹੀਨੇ ਦਾ ਜਿਕਰ ਕਰਨਾ ਵੀ ਜਰੂਰੀ ਹੈ। ਗੁਰੂ ਨਾਨਕ ਸਾਹਿਬ ਜੀ 8 ਅੱਸੂ ਸੰਮਤ 1596 ਬਿ: (7 ਸਤੰਬਰ 1539 ਈ: ਜੂਲੀਅਨ) ਨੂੰ ਜੋਤੀ ਜੋਤ ਸਮਾਏ ਸਨ। ਸੰਮਤ 1595 ਬਿ: (1538 ਈ:) ਵਿੱਚ ਵੀ ਜੇਠ ਦਾ ਮਹੀਨਾ ਦੋ ਵਾਰ ਆਇਆ ਸੀ ਇਕ ਸ਼ੁਭ ਅਤੇ ਦੂਜਾ ਅਸ਼ੁਭ ਭਾਵ ਮਲ ਮਾਸ। ਉਸ ਸਾਲ ਜੇਠ ਦਾ ਆਰੰਭ (ਜੇਠ ਵਦੀ ਏਕਮ) 15 ਅਪ੍ਰੈਲ 1538 ਈ: (ਜੂਲੀਅਨ) ਨੂੰ ਹੋਇਆ ਸੀ ਅਤੇ ਦੂਜੇ ਜੇਠ ਦੀ ਪੁੰਨਿਆ 12 ਜੂਨ ਨੂੰ ਆਈ ਸੀ। ਪਹਿਲੇ ਜੇਠ ਦੀ ਮੱਸਿਆ 28 ਅਪ੍ਰੈਲ ਨੂੰ ਆਈ ਸੀ। ਜੇਠ ਦੀ ਸੰਗਰਾਂਦ 27 ਅਪ੍ਰੈਲ ਨੂੰ ਆਈ ਸੀ। ਹਾੜ ਦੀ ਸੰਗਰਾਂਦ 29 ਮਈ ਨੂੰ ਆਈ ਸੀ, ਪਰ ਮੱਸਿਆ 28 ਮਈ 1538 ਈ: (ਜੂਲੀਅਨ) ਨੂੰ ਹੀ ਲੰਘ ਗਈ ਸੀ। ਇਸ ਕਾਰਨ ਜੇਠ ਦਾ ਮਹੀਨਾ ਦੁਵਾਰਾ ਆ ਗਿਆ ਸੀ। ਮਲ ਮਾਸ ਗੁਰੂ ਨਾਨਕ ਜੀ ਦੇ ਜੀਵਨ ਕਾਲ ਤੋਂ ਲੈਕੇ ਅੱਜ ਤਾਂਈ ਨਿਰੰਤਰ ਆ ਰਿਹਾ ਹੈ। ਇਸ ਲਈ ਸੇਖੋਂ ਦਾ ਇਹ ਲਿਖਣਾ, “ਪਰ ਜੇ ਚੰਦ੍ਰਮਾਂ ਦਾ ਮਹੀਨਾ ਬਦਲ ਕੇ ਪੂਰਨਮਾਸ਼ੀ ਉਪਰੰਤ ਵਦੀ ੧ ਤੋਂ ਕਰ ਦਿੱਤਾ ਜਾਵੇ ਤਾਂ ਇਹ ਸੂਰਜੀ ਭਾਦੋਂ ਮਹੀਨੇ ਦੇ ਅੱਧ ਵਿਚ, ਭਾਵ ਕਿ ੧੫ ਭਾਦੋਂ ਦੇ ਆਸ-ਪਾਸ ਦਾ ਸਮਾਂ ਬਣ ਜਾਵੇਗਾ। ਹੁਣ ਪਿਛਲੇ ੩੦ ਦਿਨਾਂ ਵਿੱਚ ਵੀ ਸੰਗਰਾਂਦ ਆਵੇਗੀ ਅਤੇ ਅਗਲੇ ੩੦ ਦਿਨਾਂ ਵਿਚ ਸੰਗਰਾਂਦ ਆਵੇਗੀ। ਇਸ ਲਈ ਗੁਰੂ ਨਾਨਕ ਦੇਵ ਜੀ ਨੇ ਇਹ ਅਸ਼ੁਭ ਵਾਲੀ ਸਾਰੀ ਵਿਚਾਰ ਹੀ ਖ਼ਤਮ ਕਰਕੇ ਇਕ ਨਿਰੋਲ-ਵਿਲੱਖਣ ਸਿੱਖ ਕੈਲੰਡਰ ਸਥਾਪਤ ਕੀਤਾ”, (ਪੰਨਾ 86) ਮੁੱਢੋਂ ਹੀ ਗਲਤ ਹੈ। ਮੈਂ ਪੂਰੀ ਜਿੰਮੇਵਾਰੀ ਨਾਲ ਗੁਰਚਰਨ ਸਿੰਘ ਸੇਖੋਂ ਦੇ ਇਸ ਲਿਖਤੀ ਦਾਵੇ ਨੂੰ ਰੱਦ ਕਰਦਾ ਹਾਂ।

ਅਮੰਤਾ, ਪੂਰਨਮੰਤਾ ਅਤੇ ਮਲ-ਮਾਸ ਆਦਿ ਕੁਝ ਗੁੰਝਲਦਾਰ ਨੁਕਤੇ ਹਨ। ਸ਼ਾਇਦ ਸਾਰਿਆਂ ਦੇ ਗੇੜ ਵਿੱਚ ਨਾ ਆਏ ਹੋਣ, ਸੇਖੋਂ ਵੱਲੋਂ ਲਿਖਿਆ ਇਕ ਹੋਰ ਝੂਠ, ਜੋ ਸੌਖਿਆਂ ਹੀ ਸਾਰਿਆਂ ਦੇ ਸਮਝ ਆ ਜਾਵੇਗਾ, ਉਹ ਇਹ ਹੈ ਕਿ ਸੇਖੋਂ ਆਪਣੀ ਕਿਤਾਬ ਵਿੱਚ ਲਿਖਦਾ ਹੈ, “ਹਫਤਿਆਂ ਦੇ ਦਿਨਾਂ ਉਪਰ ਜਿਹੜੀ ਗੁਰਬਾਣੀ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਉਹ ਵੀ ਸੋਮਵਾਰ ਤੋਂ ਹੀ ਸ਼ੁਰੂ ਹੁੰਦੀ ਹੈ, ਐਤਵਾਰ ਤੋਂ ਨਹੀਂ” (ਪੰਨਾ 98)

ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਤਵਾਰ ਦੇ ਸਿਰਲੇਖ ਹੇਠ ਦੋ ਬਾਣੀਆਂ ਦਰਜ ਹਨ।  ਭਗਤ ਕਬੀਰ ਜੀ ਵੱਲੋਂ ਉਚਾਰਨ ਕੀਤੀ ਬਾਣੀ, ਗਉੜੀ ਰਾਗ ਵਿੱਚ (ਪੰਨਾ 344) ਉੱਪਰ ਦਰਜ ਹੈ। ਗੁਰੂ ਅਮਰਦਾਸ ਜੀ ਵੱਲੋਂ ਉਚਾਰੇ ਗਏ ਸਤਵਾਰੇ ‘ਬਿਲਾਵਲੁ ਰਾਗ ਵਿੱਚ (ਪੰਨਾ 841) ਉੱਪਰ ਦਰਜ  ਹਨ। ਦੋਵੇਂ ਬਾਣੀਆਂ ਦਾ ਆਰੰਭ ਐਤਵਾਰ ਤੋਂ ਹੁੰਦਾ ਹੈ

ੴ ਸਤਿਗੁਰ ਪ੍ਰਸਾਦਿ ॥ ਰਾਗੁ ਗਉੜੀ ਵਾਰ ਕਬੀਰ ਜੀਉ ਕੇ ੭ ॥

ਆਦਿਤ ਕਰੈ ਭਗਤਿ ਆਰੰਭ ॥ ਕਾਇਆ ਮੰਦਰ ਮਨਸਾ ਥੰਭ ॥ (ਪੰਨਾ 344)

ਬਿਲਾਵਲੁ ਮਹਲਾ  ਵਾਰ ਸਤ ਘਰੁ ੧੦

 ਸਤਿਗੁਰ ਪ੍ਰਸਾਦਿ 

ਆਦਿਤ ਵਾਰਿ ਆਦਿ ਪੁਰਖੁ ਹੈ ਸੋਈ ਆਪੇ ਵਰਤੈ ਅਵਰੁ  ਕੋਈ  (ਪੰਨਾ 841)

ਇਹ ਹੈ ਨਵੇਂ ਉੱਠੇ ਲੇਖਕ ਦਾ ਸ਼ੁਧ ਝੂਠ। ਉਪ੍ਰੋਕਤ ਵਿਚਾਰ ਚਰਚਾ ਤੋਂ ਸਾਰੇ ਸੱਜਣ ਹੀ ਸਮਝ ਗਏ ਹੋਣਗੇ ਕਿ, ਸ. ਪਾਲ ਸਿੰਘ ਪੁਰੇਵਾਲ ਵੱਲੋਂ ਤਿਆਰ ਕੀਤੇ ਗਏ ਨਾਨਕਸ਼ਾਹੀ ਕੈਲੰਡਰ ਦੇ ਵਿਰੋਧੀ, ਕਿੰਨਾ ਝੂਠ ਬੋਲ ਅਤੇ ਲਿਖ ਰਹੇ ਹਨ। ਕੀ ਅਜੇਹੇ ਝੂਠੇ ਅਤੇ ਮਕਾਰਾਂ ਨਾਲ ਵਿਚਾਰ ਚਰਚਾ ਕੀਤੀ ਜਾਣੀ ਚਾਹੀਦੀ ਹੈ?

ਗੁਰੂ ਸਾਹਿਬ ਜੀ ਨੇ ਉਸ ਵੇਲੇ ਪ੍ਰਚੱਲਤ ਕੈਲੰਡਰ, ਚੰਦਰ-ਸੂਰਜੀ ਬਿਕ੍ਰਮੀ (ਸੂਰਜੀ ਸਿਧਾਂਤ, ਚਿਤ੍ਰਾਦੀ, ਪੂਰਨਮੰਤਾ) ਕੈਲੰਡਰ ਦੀ ਹੀ ਵਰਤੋਂ ਕੀਤੀ ਸੀ। ਸਾਰੀਆਂ ਤਾਰੀਖਾਂ ਇਸੇ ਕੈਲੰਡਰ ਵਿੱਚ ਹੀ (ਵਦੀ-ਸੁਦੀ ਅਤੇ ਪ੍ਰਵਿਸ਼ਟੇ) ਲਿਖੀਆਂ ਮਿਲਦੀਆਂ ਹਨ। ਪ੍ਰਚੱਲਤ ਕੈਲੰਡਰ ਵਿੱਚ ਸੋਧ, ਗੁਰੂ ਸਾਹਿਬ ਜੀ ਨੇ ਨਹੀਂ  ਸਗੋ 1964 ਈ: ਵਿੱਚ ਹਿੰਦੂ ਵਿਦਵਾਨਾਂ ਨੇ ਕੀਤੀ ਸੀ। ਅੱਜ ਇਸ ਨੂੰ ‘ਚੰਦਰ-ਸੂਰਜੀ ਬਿਕ੍ਰਮੀ, ਦ੍ਰਿਕ ਗਿਣਤ ਸਿਧਾਂਤ’ ਕਹਿੰਦੇ ਹਨ। ਇਸ ਦੇ ਸਾਲ ਦੀ ਲੰਬਾਈ 365.32563 ਦਿਨ ਮੰਨੀ ਗਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਕ ਕਮੇਟੀ ਇਸ ਸੋਧ ਨੂੰ ਪ੍ਰਵਾਨ ਕਰ ਚੁੱਕੀ ਹੈ। ਨਾਨਕਸ਼ਾਹੀ ਕੈਲੰਡਰ ਦੇ ਵਿਰੋਧੀਆਂ ਨੇ ਕਦੇ ਵੀ ਇਸ ਸੋਧ ਨੂੰ ਪ੍ਰਵਾਨ ਕਰਨ ਤੇ ਕਿੰਤੂ-ਪ੍ਰੰਤੂ ਨਹੀਂ ਕੀਤਾ। ਦੂਜੇ ਪਾਸੇ ਗੁਰੂ ਸਾਹਿਬ ਜੀ ਦੇ ਨਾਮ ਨਾਲ ਵੀ ਝੂਠ ਨੂੰ ਜੋੜਨ ਤੋਂ ਸੰਕੋਚ ਨਹੀਂ ਕਰਦੇ।