ਸ਼੍ਰੋਮਣੀ ਕਮੇਟੀ ਦਾ ਕੈਲੰਡਰ ਵਿਗਿਆਨ
ਸਰਬਜੀਤ ਸਿੰਘ
ਸੈਕਰਾਮੈਂਟੋ
ਸਿੱਖ
ਪੰਥ ਦੇ ਕੇਦਰੀ ਅਸਥਾਨ, ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ, ਜਿਨ੍ਹਾਂ ਦੀ ਉਸਾਰੀ ਗੁਰੂ ਸਾਹਿਬ ਜੀ ਨੇ ਆਪਣੀ ਦੇਖ-ਰੇਖ ਹੇਠ ਕਰਵਾਈ ਸੀ।
ਦਰਬਾਰ ਸਾਹਿਬ ਜੀ ਦੀ ਨੀਂਹ 1 ਮਾਘ, ਮਾਘ ਵਦੀ 5, ਸੰਮਤ 1645 ਬਿਕ੍ਰਮੀ (28 ਦਸੰਬਰ 1588 ਈ:
ਜੂਲੀਅਨ) ਦਿਨ ਸ਼ਨਿਚਰਵਾਰ ਨੂੰ ਰੱਖੀ ਗਈ ਸੀ। ਅੱਜ ਵੀ ਇਹ ਦਿਹਾੜਾ ਸ਼੍ਰੋਮਣੀ ਕਮੇਟੀ ਦੇ ਕੈਲੰਡਰ
ਵਿੱਚ 1 ਮਾਘ (12 ਜਨਵਰੀ) ਦਾ ਹੀ ਦਰਜ ਹੈ। ਸਪੱਸ਼ਟ ਹੈ ਕਿ ਸ਼੍ਰੋਮਣੀ ਕਮੇਟੀ ਇਹ ਦਿਹਾੜਾ
ਪ੍ਰਵਿਸ਼ਟਿਆਂ ਮੁਤਾਬਕ ਹੀ ਦਰਜ ਕਰਦੀ ਅਤੇ ਮਨਾਉਂਦੀ ਹੈ। ਨਾਨਕਸ਼ਾਹੀ ਕੈਲੰਡਰ ਵਿੱਚ ਵੀ ਇਸੇ
ਪ੍ਰਵਿਸ਼ਟੇ ਭਾਵ 1 ਮਾਘ ਨੂੰ ਮੁੱਖ ਰੱਖਿਆ ਗਿਆ ਹੈ। ਅਕਾਲ ਤਖਤ ਸਾਹਿਬ ਜੀ ਦਾ ਸਿਰਜਣਾ ਦਿਵਸ, ਭਾਵ
ਥੜ੍ਹਾ ਸਾਹਿਬ ਦੀ ਉਸਾਰੀ ਦਾ ਆਰੰਭ 18 ਹਾੜ, ਹਾੜ ਵਦੀ 5, ਸੰਮਤ 1663
ਬਿਕ੍ਰਮੀ ਦਿਨ ਐਤਵਾਰ (15 ਜੂਨ 1606 ਈ: ਜੂਲੀਅਨ) ਨੂੰ ਹੋਇਆ ਸੀ। ਨਾਨਕਸ਼ਾਹੀ ਕੈਲੰਡਰ ਵਿੱਚ ਅੱਜ
ਵੀ ਇਹ ਦਿਹਾੜਾ 18 ਹਾੜ ਦਾ ਹੀ ਦਰਜ ਹੈ।
ਸ਼੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ਲਾਗੂ
ਕਰਨ ਵੇਲੇ ਤੋਂ (ਸੰਮਤ 535 ਨਾਨਕਸ਼ਾਹੀ/ ਮਾਰਚ 2003 ਈ:) ਅੱਜ ਤਾਂਈ, ਹਰ ਸਾਲ ਦਰਬਾਰ ਸਾਹਿਬ ਦਾ
ਨੀਂਹ ਪੱਥਰ ਰੱਖਣ ਦਾ ਦਿਹਾੜਾ 1 ਮਾਘ ਨੂੰ ਹੀ
ਮਨਾਇਆ ਜਾਂਦਾ ਹੈ। ਇਸੇ ਤਰ੍ਹਾਂ ਹੀ ਅਕਾਲ ਤਖਤ ਸਾਹਿਬ ਜੀ ਦਾ ਸਿਰਜਣਾ ਦਿਵਸ 535 ਨਾਨਕਸ਼ਾਹੀ
(2003-04 ਈ:) ਤੋਂ ਸੰਮਤ 554 ਨਾਨਕਸ਼ਾਹੀ (2022-23) ਤੀਕ 18 ਹਾੜ ਨੂੰ ਮਨਾਇਆ ਜਾਂਦਾ ਰਿਹਾ
ਹੈ। ਯਾਦ ਰਹੇ ਸ਼੍ਰੋਮਣੀ ਕਮੇਟੀ ਨੇ ਨਾਨਕਸ਼ਾਹੀ ਕੈਲੰਡਰ ਨੂੰ ਸੰਮਤ 542 ਨਨਾਕਸ਼ਾਹੀ ਵਿੱਚ (ਮਾਰਚ
2010 ਈ:) ਰੱਦ ਕਰਕੇ, ਧੁਮੱਕੜਸ਼ਾਹੀ ਕੈਲੰਡਰ ਲਾਗੂ ਕਰ ਦਿੱਤਾ ਸੀ। ਪਰ ਸਿਰਜਣਾ ਦਿਵਸ ਸ੍ਰੀ ਅਕਾਲ
ਤਖਤ ਸਾਹਿਬ ਦਾ ਪ੍ਰਵਿਸ਼ਟਾ ਨਾਨਕਸ਼ਾਹੀ ਕੈਲੰਡਰ ਮੁਤਾਬਕ 18 ਹਾੜ ਹੀ ਰੱਖਿਆ ਸੀ।
ਅਕਾਲ
ਤਖਤ ਸਾਹਿਬ ਜੀ ਨਾਲ ਸਬੰਧਿਤ ਹੀ ਇਕ ਹੋਰ ਦਿਹਾੜਾ ਹੈ ਉਹ ਹੈ, ਮੀਰੀ-ਪੀਰੀ ਦਿਵਸ। ਇਤਿਹਾਸਿਕ
ਵਸੀਲਿਆਂ ਮੁਤਾਬਕ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਦੋ ਤਲਵਾਰਾਂ, 6 ਸਾਵਣ, ਹਾੜ ਸੁਦੀ 10,
ਸੰਮਤ 1663 ਬਿਕ੍ਰਮੀ (5 ਜੁਲਾਈ 1606 ਈ:
ਜੂਲੀਅਨ) ਦਿਨ ਸ਼ਨਿਚਰਵਾਰ ਨੂੰ ਧਾਰਨ ਕੀਤੀਆ ਗਈਆ ਸਨ। ਨਾਨਕਸ਼ਾਹੀ ਕੈਲੰਡਰ ਵਿੱਚ ਇਹ ਦਿਹਾੜਾ 6 ਸਾਵਣ (21 ਜੁਲਾਈ) ਦਾ ਹੀ ਦਰਜ ਹੈ।
ਸ਼੍ਰੋਮਣੀ ਕਮੇਟੀ ਨੇ ਮਾਰਚ 2010 ਈ: ਵਿੱਚ ਧੁਮੱਕੜਸ਼ਾਹੀ ਕੈਲੰਡਰ ਲਾਗੂ ਕਰਨ ਵੇਲੇ ਇਹ ਦਿਹਾੜਾ 6
ਸਾਵਣ ਦਾ ਹੀ ਰੱਖਿਆ ਸੀ। ਪਰ ਮਾਰਚ 2015 ਈ: ਵਿੱਚ ਛਾਪੇ ਕੈਲੰਡਰ (547 ਨ: ਸ:) ਵਿੱਚ ਇਹ
ਦਿਹਾੜਾ 11 ਸਾਵਣ (26 ਜੁਲਾਈ) ਦਾ ਦਰਜ ਕਰ ਦਿੱਤਾ। ਪੜਤਾਲ ਕਰਨ ਤੇ ਪਤਾ ਲੱਗਾ ਕਿ ਇਸ ਦਿਨ ਹਾੜ
ਸੁਦੀ 10 ਸੀ। ਭਾਵ ਕਿ ਬਿਨਾ ਕਿਸੇ ਸਲਾਹ-ਮਸ਼ਵਰੇ
ਦੇ, ਮੀਰੀ ਪੀਰੀ ਦਿਵਸ ਦੀ ਤਾਰੀਖ 6 ਸਾਵਣ ਤੋਂ ਬਦਲ ਕੇ ਹਾੜ ਸੁਦੀ 10 ਲਿਖ ਦਿੱਤੀ ਗਈ। ਇਸ ਦਾ
ਕਾਰਨ ਜਾਨਣ ਲਈ, ਮੇਰੇ ਵੱਲੋਂ ਸ੍ਰੋਮਣੀ ਕਮੇਟੀ ਨੂੰ ਲਿਖੇ ਪੱਤਰ ਦਾ ਜਵਾਬ ਅੱਜ ਤਾਂਈ ਨਹੀਂ ਆਇਆ।
ਹੁਣ
ਇਕ ਨਵੀ ਸਮੱਸਿਆ ਸਾਹਮਣੇ ਆ ਖੜੀ ਹੋਈ। ਅਕਾਲ ਤਖਤ ਸਾਹਿਬ ਦਾ ਸਿਰਜਣਾ ਦਿਵਸ ਪ੍ਰਵਿਸ਼ਟਿਆਂ ਮੁਤਾਬਕ
18 ਹਾੜ ਅਤੇ ਮੀਰੀ ਪੀਰੀ ਦਿਵਸ ਵਦੀ-ਸੁਦੀ ਮੁਤਾਬਕ, ਹਾੜ ਸੁਦੀ 10 ਹੋਣ ਕਾਰਨ, ਹਰ ਸਾਲ ਇਨ੍ਹਾਂ
ਦੋਵਾਂ ਦਿਹਾੜਿਆਂ ਦੇ ਦਿਨਾਂ ਦਾ ਅੰਤਰ ਵੱਖ-ਵੱਖ ਹੋਣਾ ਸੁਭਾਵਕ ਹੀ ਸੀ। ਹੈਰਾਨੀ ਤਾਂ ਕਮੇਟੀ
ਵੱਲੋਂ ਛਾਪੇ ਗਏ ਸੰਮਤ 552 ਨਾਨਕਸ਼ਾਹੀ ( ਮਾਰਚ 2020 ਈ: ) ਦੇ ਕੈਲੰਡਰ ਨੂੰ ਵੇਖ ਕੇ ਹੋਈ, ਜਿਸ
ਵਿੱਚ ਮੀਰੀ ਪੀਰੀ ਦਿਵਸ 17 ਹਾੜ ਅਤੇ ਸਿਰਜਣਾ ਦਿਵਸ ਸ੍ਰੀ ਅਕਾਲ ਤਖਤ ਸਾਹਿਬ 18 ਹਾੜ ਦਾ ਦਰਜ
ਸੀ।
ਸ਼੍ਰੋਮਣੀ
ਕਮੇਟੀ ਵੱਲੋਂ ਸੰਮਤ 554 ਨਾਨਕਸ਼ਾਹੀ ਦਾ ਕੈਲੰਡਰ ਜਾਰੀ ਕਰਨ ਪਿੱਛੋਂ, ਮੇਰੇ ਵੱਲੋਂ ਸਿੰਘ ਸਾਹਿਬ
ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਇਕ ਪੱਤਰ (14 ਮਾਰਚ 2022) ਲਿਖਿਆ ਗਿਆ ਸੀ। ਜਿਸ ਵਿੱਚ ਕਈ ਹੋਰ
ਨੁਕਤਿਆਂ ਦੇ ਨਾਲ ਨਾਲ ਉਪ੍ਰੋਕਤ ਪ੍ਰਵਿਸ਼ਟਿਆਂ (17 ਹਾੜ ਅਤੇ 18 ਹਾੜ) ਦਾ ਜਿਕਰ ਵੀ ਕੀਤਾ ਗਿਆ
ਸੀ, ਅਤੇ ਇਹ ਵੀ ਲਿਖਿਆ ਗਿਆ ਸੀ ਕਿ, “ਜੇ ਅਜੇ ਵੀ ਨਾ ਜਾਗੇ ਤਾਂ ਧਰਮ ਪ੍ਰਚਾਰ ਕਮੇਟੀ ਨੇ ਅਗਲੇ
ਸਾਲ (ਸੰਮਤ 555 ਨਾਨਕਸ਼ਾਹੀ) ਦੇ ਕੈਲੰਡਰ ਵਿੱਚ ਮੀਰੀ-ਪੀਰੀ ਦਾ ਦਿਹਾੜਾ, ਥੜ੍ਹਾ ਸਾਹਿਬ ਦੀ ਉਸਾਰੀ (18 ਹਾੜ) ਤੋਂ 4 ਦਿਨ ਪਹਿਲਾਂ ਦਾ
(14 ਹਾੜ) ਦਰਜ ਕਰ ਦੇਣਾ ਹੈ। ਦੱਸੋ, ਨਵੀਂ ਪੀੜੀ
ਇਸ ਤੋਂ ਕੀ ਸੇਧ ਲਵੇਗੀ?”। ਮੈਨੂੰ ਆਸ ਸੀ ਕਿ
ਆਪਣੇ ਆਪ ਨੂੰ ਸ਼੍ਰੋਮਣੀ ਅਖਵਾਉਣ ਵਾਲੀ ਕਮੇਟੀ ਅਗਲੇ ਸਾਲ ਤੋਂ ਮੀਰੀ-ਪੀਰੀ ਦਿਵਸ ਨੂੰ ਅਸਲ
ਪ੍ਰਵਿਸ਼ਟੇ ਮੁਤਾਬਕ 6 ਸਾਵਣ ਦਾ ਦਰਜ ਕਰੇਗੀ। ਪਰ ਹੋਇਆ ਇਸ ਤੋਂ ਉਲਟ, ਕਮੇਟੀ ਨੇ ਅਕਾਲ ਤਖਤ
ਸਾਹਿਬ ਦਾ ਸਿਰਜਣਾ ਦਿਵਸ 18 ਹਾੜ ਤੋਂ ਬਦਲ ਕੇ ਵਦੀ-ਸੁਦੀ ਮੁਤਾਬਕ ਹਾੜ ਵਦੀ 5 ਦਾ ਦਰਜ ਕਰ
ਦਿੱਤਾ।
ਸ਼੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 14 ਮਾਰਚ 2010 ਈ: ਤੋਂ ਲਾਗੂ ਕੀਤੇ ਗਏ ਚੰਦਰ-ਸੂਰਜੀ
ਬਿਕ੍ਰਮੀ ਕੈਲੰਡਰ (ਦ੍ਰਿਕ ਗਿਣਤ ਸਿਧਾਂਤ), ਜਿਸ ਨੂੰ ਦੋ ਮੈਂਬਰੀ ਕੈਲੰਡਰ ਵਿਗਾੜੂ ਕਮੇਟੀ (ਭਾਈ
ਹਰਨਾਮ ਸਿੰਘ ਧੁੰਮਾ ਅਤੇ ਜਥੇਦਾਰ ਅਵਤਾਰ ਸਿੰਘ ਮੱਕੜ) ਦੇ ਨਾਮ ਨਾਲ (ਧੁਮੱਕੜਸ਼ਾਹੀ ਕੈਲੰਡਰ) ਯਾਦ
ਕੀਤਾ ਜਾਂਦਾ ਹੈ, ਵਿੱਚ ਕੁਝ ਦਿਹਾੜੇ ਵਦੀ-ਸੁਦੀ ਮੁਤਾਬਕ (ਸਾਲ ਦੀ ਲੰਬਾਈ 354.37 ਦਿਨ, ਚੌਥੇ
ਸਾਲ 385 ਦਿਨ) ਕੁਝ ਦਿਹਾੜੇ ਪ੍ਰਵਿਸ਼ਟਿਆਂ ਮੁਤਾਬਕ (ਸਾਲ ਦੀ ਲੰਬਈ 1964 ਈ: ਤੋਂ ਪਹਿਲਾਂ
365.2587 ਦਿਨ ਅਤੇ 1964 ਈ: ਤੋਂ ਪਿਛੋਂ 365.2563 ਦਿਨ) ਅਤੇ ਕੁਝ ਦਿਹਾੜੇ ਅੰਗਰੇਜੀ ਕੈਲੰਡਰ
(ਸਾਲ ਦੀ ਲੰਬਾਈ 1752 ਈ: ਤੋਂ ਪਹਿਲਾਂ 365.25 ਦਿਨ,
ਪਿੱਛੋਂ 365.2425 ਦਿਨ) ਦਰਜ ਕੀਤੇ ਜਾਂਦੇ ਹਨ। ਯਾਦ ਰਹੇ ਜੂਲੀਅਨ ਕੈਲੰਡਰ ਕਦੇਂ ਵੀ ਆਪਣੇ ਦੇਸ਼
ਵਿੱਚ ਲਾਗੂ ਨਹੀਂ ਰਿਹਾ। ਅੰਗਰੇਜਾਂ ਦੇ ਆਉਣ ਪਿਛੋਂ ਆਪਣੇ ਦੇਸ਼ ਵਿੱਚ ਗਰੈਗੋਰੀਅਨ ਕੈਲੰਡਰ
(365.2425 ਦਿਨ) ਹੀ ਆਇਆ ਸੀ।
ਹੁਣ ਇਸ ਸਵਾਲ ਦਾ ਜਵਾਬ ਕੌਣ ਦੇਵੇਗਾ, ਕਿ ਹਰ ਸਾਲ
ਦਰਬਾਰ ਸਾਹਿਬ ਦਾ ਨੀਂਹ ਪੱਥਰ ਰੱਖਣ ਦਾ ਦਿਹਾੜਾ ਪ੍ਰਵਿਸ਼ਟਿਆ ਮੁਤਾਬਕ 1 ਮਾਘ ਨੂੰ ਮਨਾਉਣ ਨਾਲ ਜੇ
ਕੋਈ ਮਰਯਾਦਾ ਭੰਗ ਨਹੀਂ ਹੋਈ ਤਾਂ ਸਿਰਜਣਾ ਦਿਵਸ ਅਕਾਲ ਤਖਤ ਸਾਹਿਬ 18 ਹਾੜ, ਅਤੇ ਮੀਰੀ ਪੀਰੀ
ਦਿਵਸ 6 ਸਾਵਣ ਨੂੰ ਮਨਾਉਣ ਨਾਲ ਗੁਰਮਤਿ ਅਤੇ ਇਤਿਹਾਸ ਦੇ ਕਿਹੜੇ ਸਿਧਾਂਤ ਦੀ ਅਵੱਗਿਆ ਹੋਵੇਗੀ?
ਖਾਲਸਾ ਜੀ ਜਾਗੋਂ !