Saturday, July 3, 2010

ਜਦੋ ਵੇਦਾਂਤੀ ਜੀ ਵਲੋ ਸੱਚ ਬੋਲਿਆ ਗਿਆ

ਜਦੋ ਵੇਦਾਂਤੀ ਜੀ ਵਲੋ ਸੱਚ ਬੋਲਿਆ ਗਿਆ
ਸਰਵਜੀਤ ਸਿੰਘ
ਹਫਤਾ ਵਾਰੀ ਹਮਦਰਦ ਮਿਤੀ 9 ਮਈ 2003 ਦੀ ਖਬਰ ਅਨੂਸਾਰ, " ਜਥੇਦਾਰ ਵੇਦਾਂਤੀ ਨੇ ਇਕ ਸੁਆਲ ਦੇ ਜੁਵਾਬ ਵਿਚ ਮੰਨਿਆ ਕਿ ਉੱਘੇ ਸਿੱਖ ਵਿਦਵਾਨ ਸ੍ਰ: ਗੁਰਬਖਸ਼ ਸਿੰਘ ਕਾਲਾਅਫਗਾਨਾ ਨੂੰ ਆਪਣਾ ਪੱਖ ਪੇਸ਼ ਕਰਨ ਲਈ ਵੀਡੀੳ ਕਾਨਫਰੰਸ ਕਰਨ ਦੀ ਆਗਿਆ ਦੇਣਾ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਰੰਪਰਾਵਾਂ ਦੇ ਉਲਟ ਹੈ ਪਰ ਪਹਿਲਾਂ ਇਜਾਜਤ ਦੇਣਾ ਫਿਰ ਵਾਪਸ ਲੈਣ ਵਾਰੇ ਉਨ੍ਹਾਂ ਸਪੱਸ਼ਟ ਉਤਰ ਦੇਣ ਦੀ ਬਿਜਾਏ ਕਿਹਾ ਕਿ ਇਹ ਸਾਡਾ ਅੰਦਰੂਨੀ ਮਸਲਾ ਹੈ ( ਇਹ ਹੀ ਸੱਚ ਹੈ) ਇਸ ਨੂੰ ਛੇਤੀ ਹੱਲ ਕਰ ਲਵਾਂਗੇ"। ਪਾਠਕਾ ਨੂੰ ਯਾਦ ਹੋਵੇਗਾ ਕਿ ਜਨਵਰੀ 18 ਵਾਲੀ ਵੀਡੀੳ ਕਾਨਫਰੰਸ ਤਕਨੀਕੀ ਕਾਰਨਾ ਕਰਕੇ ਮੁੱਲਤਵੀ ਕੀਤੀ ਹੋਈ ਹੈ। ਭਲਾ ਜਥੇਦਾਰ ਜੀ, ਕੀ ਇਹ ਭਾਰਤੀ ਡਾਕ ਵਾ ਤਾਰ ਵਿਭਾਗ ਹੈ ਜਿਥੇ ਕਿ ਤਕਨੀਕੀ ਸਮੱਸਿਆ ਨੂੰ ਹੱਲ ਕਰਨ ਲਈ ਮਹੀਨਿਆਂ ਬੱਧੀ ਸਮਾਂ ਲੱਗਦਾ ਹੈ?
ਆੳ ਗੁਰਮੁਖਿ ਪਿਆਰਿਉ ਇਸ ਅੰਦਰੂਨੀ ਮਸਲੇ ਦੇ ਅੰਦਰੂਨੀ ਪੱਖ ਤੇ ਝਾਤੀ ਮਾਰੀਏ।
ਭਾਈ ਗੁਰਬਖਸ਼ ਸਿੰਘ ਕਾਲਾਅਫਗਾਨਾ ਦੀ ਪੁਸਤਕ , "ਬਿਪਰਨ ਕੀ ਰੀਤ ਤੋ ਸੱਚ ਦਾ ਮਾਰਗ" ਪਹਿਲੀ ਵਾਰ 1993 ਵਿਚ ਛਪੀ ਸੀ ਅਤੇ ਉਹਨਾਂ ਦੀ ਬੁਹਚਰਚਤ ਪੁਸਤਕ, " ਮਾਸੁ ਮਾਸੁ ਕਰਿ ਮੂਰਖੁ ਝਗੜੇ" 1996 ਵਿੱਚ। "ਬਿਪਰਨ ਕੀ ਰੀਤ ਤੋ ਸੱਚ ਦਾ ਮਾਰਗ" ਲੜੀ ਵਿਚ ਹੁਣ ਤੱਕ 10 ਪੁਸਤਕਾਂ ਛੱਪ ਚੁੱਕੀਆਂ ਹਨ ਪਰ ਕਦੇ ਕੋਈ ਅੰਦਰੂਨੀ ਜਾਂ ਬਾਹਰੀ ਮਸਲਾ ਪੈਦਾ ਨਹੀ ਹੋਇਆਂ।
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਉਤਸਵ ਦੇ ਸਬੰਧ ਵਿਚ ਸਾਡੀ ਕੇਦਰੀ ਸੰਸਥਾ ਨੇ ਗਿਆਨੀ ਜੋਗਿਦੰਰ ਸਿੰਘ ਵੇਦਾਂਤੀ ਅਤੇ ਡਾ:ਅਮਰਜੀਤ ਸਿੰਘ ਦੀ ਸੰਪਾਦਤ , "ਗੁਰ ਬਿਲਾਸ ਪਾਤਸ਼ਾਹੀ6" ਨੂੰ ਪੰਥਕ ਸਰਮਾਏ ਨਾਲ ਛਾਪ ਕੇ ,ਗੁਰੂ ਪੰਥ ਲਈ ਅਨਮੋਲ ਸੁਗਾਤ ਵਜੋਂ ਜਾਰੀ ਕੀਤਾਂ ਸੀ। ਜਿਸ ਵਿਚ (ਪੰਜਵੇਂ ਸਫੇ ਤੇ ) ਪੰਥ ਦੀਆਂ ਹੇਠ ਲਿਖੀਆ ਮਹਾਨ ਹਸਤੀਆ ਨੇ ਪ੍ਰਸੰਸਾ ਪੱਤਰ ਦਰਜ ਹਨ।
(1)"ਇਤਹਾਸਕ ਸੇਵਾ"(ਜਥੇਦਾਰ ਰਣਜੀਤ ਸਿੰਘ ਜੀ)
(2) "ਸੰਦੇਸ਼"(ਜਥੇਦਾਰ ਗੁਰਚਰਨ ਸਿੰਘ ਟੌਹੜਾ )
(3) "ਅਦੁਤੀ ਸੇਵਾ" (ਜਥੇਦਾਰ ਭਾਈ ਮਨਜੀਤ ਸਿੰਘ ਜੀ )
(4) "ਗੁਰਬਿਲਾਸ ਦਾ ਸ਼ੁੱਧ ਸਰੂਪ (ਜਥੇਦਾਰ ਭਾਈ ਕੇਵਲ ਸਿੰਘ ਜੀ)
(5) "ਅਨੂਪਮ ਸੁਗਾਤ" (ਸੁਖਦੇਵ ਸਿੰਘ ਜੀ ਭੌਰ)
(6) " ਸਾਹਿਤ ਤੇ ਸਮਾਜ" (ਸ: ਮਨਜੀਤ ਸਿੰਘ ਜੀ ਕਲਕੱਤਾ )
(7) "ਦੋ ਸ਼ਬਦ" ( ਗਿ: ਸੰਤ ਸਿੰਘ ਜੀ ਮਸਕੀਨ)
(8) "ਚਮਤਕਾਰੀ ਵਿਆਖਿਆ" (ਗਿ: ਜਸਵੰਤ ਸਿੰਘ ਜੀ ਕਥਾਕਾਰ )
(9) " ਸ਼ਲਾਂਘਾਯੋਗ ਉੱਦਮ" (ਦਲੀਪ ਸਿੰਘ ਜੀ ਮਲੂਨੰਗਲ )
(10) "ਇਤਿਹਾਸਕ ਪੁਸਤਕਾਂ ਦੀ ਪ੍ਰਕਾਸ਼ਨਾ ਸੰਬੰਧੀ ਸਾਡੀ ਜਿੰਮੇਵਾਰੀ" (ਗਿ: ਜੋਗਿਦੰਰ ਸਿੰਘ ਤਲਵਾੜਾ )
(11) " ਚਾਰ ਸ਼ਬਦ" ( ਸ: ਨਰਿੰਦਰ ਸਿੰਘ ਜੀ ਸੋਚ )
(12) " ਗੁਰ ਬਿਲਾਸ ਦੇ ਸ਼ੁੱਧ ਸਰੂਪ ਦਾ ਸਵਾਗਤ"(ਗਿ: ਬਲਵੰਤ ਸਿੰਘ ਜੀ )
(1) " ਆਪਦਾ ਮੇਰੇ ਸਬੰਧੀ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ ਦੀ ਸੰਪਾਦਿਤ ਕਿਤਾਬ ਬਾਰੇ ਇਲਜ਼ਾਮਾਂ ਭਰਪੂਰ ਇਕ ਹੋਰ ਪੱਤਰ ਅੱਜ ਪ੍ਰਾਪਤ ਹੋ ਗਿਆ। ਅਹੋਭਾਗ! ਗੁਰਮਤਿ ਦੇ ਸੱਚ ਦੇ ਮਾਰਗ ਤੋਂ ਸੰਸਾਰ ਨੂੰ ਜਾਣੂੰ ਕਰਾੳਣ ਦਾ ਦਾਅਵਾ ਕਰਨ ਵਾਲੇ ਵਿਦਵਾਨ ਨੂੰ ਕਰਤਾ ਪੁਰਖ ਨੇ ਐਸੇ ਪੱਤਰ ਲਿਖਣ ਦੀ ਸਮਰੱਥਾ ਬਖਸ਼ੀ ਹੋਈ ਹੈ। ਸੱਚ ਦੇ ਮਾਰਗ ਦਾ ਗਿਆਨ ਰੱਖਣ ਵਾਲੇ ਵਿਦਵਾਨ ਜੀਓ! ਮੈਂ ਉਪਰੋਕਤ ਵਾਂਗ ਫਿਰ ਗੁਰੂ ਨੂੰ ਸਾਖਸ਼ੀ ਮੰਨ ਕੇ ਸੱਚ ਲਿਖ ਰਿਹਾਂ ਕਿ ਮੈਂ ਅੱਜ ਤੱਕ ਸਿੰਘ ਸਾਹਿਬ ਦੁਆਰਾ ਸੰਪਾਦਿਤ ਇਸ ਪੁਸਤਕ ਦਾ ਇਕ ਵੀ ਅੱਖਰ ਨਹੀਂ ਪੜ੍ਹਿਆ, ਇਹ ਵੀ ਸੱਚ ਹੈ ਕਿ ਮੈਂ ਇਕ ਵੀ ਸੱਤਰ ਉਸ ਪੁਸਤਕ ਸਬੰਧੀ ਨਹੀਂ ਲਿਖੀ। ਸਿੰਘ ਸਾਹਿਬ ਜੀ ਦੇ ਫੋਨ ਮੇਰੇ ਕੋਲ ਆਉਂਦੇ ਰਹੇ, ਪਰ ਸੁਭਾਵਕ ਹੀ ਮੈਨੂੰ ਕੁਝ ਲਿਖਣ ਦਾ ਸਮਾਂ ਹੀ ਨਹੀ ਬਣਿਆ, ਭਾਵੇਂ ਗੁਰੂ ਪਾਤਸ਼ਾਹ ਨੇ ਬਹੁਤ ਸਾਰੀਆਂ ਪੁਸਤਕਾਂ ਬਾਰੇ ਮੁਖਬੰਧ ਜਾਂ ਆਪਣੀ ਰਾਇ ਲਿਖਣ ਦਾ ਮੌਕਾ ਬਖਸ਼ਿਆ ਤੇ ਗੁਰੂ ਦੀ ਬਖਸ਼ਿਸ਼ ਕੀਤੀ ਤੁਝ ਜਿਹੀ ਬੁੱਧੀ ਰਾਹੀ ਆਪਣੇ ਵੱਲੋਂ ਲਿਖਦਾ ਵੀ ਰਿਹਾ ਹਾਂ, ਪਰ ਇਸ ਵਾਰ ਐਸਾ ਸੰਭਵ ਨਹੀ ਸੀ ਹੋ ਸਕਿਆ। ਮੈਂ ਇਸ ਪੱਖੋਂ ਸਿੰਘ ਸਾਹਿਬ ਜੀ ਕੋਲੋਂ ਖਿਮਾ ਜਾਚਨਾ ਕਰ ਲਈ ਸੀ। ਉਪਰੰਤ ਮੈਨੂੰ ਸਿੰਘ ਸਾਹਿਬ ਵੱਲੋਂ ਫੋਨ ਤੇ ਇਤਨਾ ਜ਼ਰੂਰ ਦੱਸ ਦਿਤਾ ਗਿਆ ਸੀ ਕਿ ਅਸੀਂ ਤੁਹਾਡੇ ਵੱਲੋਂ ਕੁਝ ਅੱਖਰ ਲਿਖ ਦਿਤੇ ਹਨ। ਮੈਂ ਸਤਿਕਾਰ ਤੇ ਅਪਣੱਤ ਵਿਚ ਧੰਨਵਾਦ ਕਰ ਦਿਤਾ ਸੀ। ਮੈਨੂੰ ਅਜ ਤੱਕ ਨਹੀਂ ਪਤਾ ਕਿ ਮੇਰੇ ਵੱਲੋਂ ਉਸ ਪੁਸਤਕ ਵਿਚ ਕੀ ਲਿਖਿਆ ਗਿਆ ਸੀ"। (ਮਨਜੀਤ ਸਿੰਘ ਜਥੇਦਾਰ 10-11-2000 )
(ਬਾਕੀ ਪ੍ਰਸੰਸਾ ਪੱਤਰਾ ਵਾਰੇ ਪਾਠਕ ਜੀ ਆਪ ਹੀ ਅੰਦਾਜਾ ਲਗਾ ਲੈਣਾ)
(2) " ਅਕਾਲ ਪੁਰਖ ਵਾਹਿਗੁਰੂ ਨੇ ਤੁੱਠ ਕਿ ਆਪ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰਮਲ ਬਾਣੀ ਦੇ ਗਿਆਨ ਦਾ ਸਿਧਾਂਤਕ ਅਰਥ ਬੋਧ ਦੀ ਦਾਤ ਬਖ਼ਸ਼ੀ ਹੈ। ਗੁਰਮਤਿ ਦੀ ਸਹੀ ਚੇਤਨਾ ਪ੍ਰਦਾਨ ਕੀਤੀ ਹੈ। ਇਤਿਹਾਸ ਨੂੰ ਗੁਰਬਾਣੀ ਦੀ ਕਸੌਟੀ ਤੇ ਪਰਖਣ ਦੀ ਜੁਗਤ ਪ੍ਰਦਾਨ ਕੀਤੀ ਹੈ।ਪੰਥਕ ਰਹਿਤ ਮਰਯਾਦਾ ਪ੍ਰਤੀ ਦ੍ਰਿੜਤਾ ਆਪ ਜੀ ਪਾਸ ਹੈ। ਕੱਚੀ ਅਤੇ ਸੱਚੀ ਬਾਣੀ ਪ੍ਰਤੀ ਆਪ ਜੀ ਬੁਹਤ ਹੀ ਸੁਹਿਰਦ ਹੋ। ਦਸਮ ਗ੍ਰੰਥ ਬਾਰੇ ਆਪ ਜੀ ਦੀ ਪੁਹੰਚ ਬੁਹਤ ਹੀ ਤਸੱਲੀ ਬਖ਼ਸ਼ ਹੈ। ਵਾਹਿਗੁਰੂ ਜੀ ਨੇ ਆਪ ਜੀ ਪਾਸੋ ਇਸ ਸਮੇ ਜਦੋਂ ਖਾਲਸਾ ਅਥਵਾ ਸਿੱਖ ਹੋਣ ਦਾ ਦਾਅਵਾ ਕਰਨ ਵਾਲੀ ਬੁਹ ਗਿਣਤੀ ਮਾਇਆ ਦੇ ਰਾਮ ਰੋਲੇ ਵਿਚ ਤੱਤ ਗੁਰਮਤਿ ਸਿਧਾਂਤ ਨਾਲੋ ਤੁੱਟ ਕੇ ਬਿਪ੍ਰ ਰੀਤ ਦੀ ਮੁਥਾਜ ਹੋ ਚੁੱਕੀ ਹੈ। ਆਪ ਜੀ ਬਿਪ੍ਰਰ ਰੀਤ ਦੀ ਸਹੀ ਵਿਆਖਿਆ ਕਰ ਸੱਚ ਦੇ ਮਾਰਗ ਨੂੰ ਸੰਭਾਲਣ ਦਾ ਉੱਦਮ ਕਰ ਰਹੇ ਹੋ। ਆਪ ਜੀ ਨੂੰ ਬੁਹਤ ਬੁਹਤ ਮੁਬਾਰਕ। ਜੋ ਪੁਸਤਕ ਆਪ ਜੀ ਕਈ ਭਾਗਾ ਵਿਚ ਬਿਪਰਨ ਕੀ ਰੀਤ ਤੋ ਸੱਚ ਦਾ ਮਾਰਗ ਲਿਖੀ ਹੈ ਬੁਹਤ ਹੀ ਚੰਗੀ ਹੈ ਗੁਰਮਤਿ ਦੇ ਸਹੀ ਸਿਧਾਂਤ ਦੀ ਪੇਸ਼ਕਾਰੀ ਹੈ ਬਿਪਰਨ ਕੀ ਰੀਤ ਦਾ ਸਹੀ ਉਲੇਖ ਹੈ। ਸਿੱਖ ਸਮਾਜ ਵਿਚ ਸਦੀਆ ਤੋਂ ਸਿਧਾਂਤ ਪੱਖੋ ਅਵੇਸਲੇਪਨ ਨਾਲ ਪ੍ਰਚਲਤ ਹੋਈ ਬਿਪ੍ਰ ਰੀਤ ਜਿਨੀ ਇਸ ਸਮੇਂ ਪ੍ਰਭਾਵਸ਼ਾਲੀ ਹੈ ਇਸ ਤੋ ਖਾਲਸਾ ਪੰਥ ਨੂੰ ਸੁਚੇਤ ਕਰਨਾ ਬੜਾ ਜਰੂਰੀ ਹੈ"। (ਕੇਵਲ ਸਿੰਘ ਜਥੇਦਾਰ ਨੰ: 946 ਮਿਤੀ 19-11-99 )
(3 ) ਫੇਰ ਗਿਆਨੀ ਭਾਗ ਸਿੰਘ ਵਿਰੱਧ ਹੁਕਮ-ਨਾਮਾਂ ਕਿਉਂ ਤੇ ਕਿਵੇਂ?
ਧਾਰਮਿਕ ਸਲਾਹਕਾਰ ਕਮੇਟੀ ਦੇ ਉਪਰੋਕਤ ਸਰਬ-ਸੰਮਤੀ ਫੈਸਲੇ ਉਪ੍ਰੰਤ, ਕਮੇਟੀ ਦੇ ਕਿਸੇ ਵਿਅਕਤੀ ਨੂੰ ਹੱਕ ਨਹੀਂ ਪਹੁੰਚਦਾ ਸੀ ਕਿ ਉਹ ਆਪਣੀ ਹੀ ਹਾਜ਼ਰੀ ਵਿੱਚ ਹੋਏ ਫੈਸਲੇ ਦੀ ਕਿਸੇ ਤਰ੍ਹਾਂ ਮਿੱਟੀ ਪਲੀਤ ਕਰੇ। ਜਥੇਦਾਰ "ਸ੍ਰੀ ਅਕਾਲ ਤਖ਼ਤ ਸਾਹਿਬ" ਜੇ ਧਾਰਮਿਕ ਸਲਾਹਕਾਰ ਕਮੇਟੀ ਦੀ ਇਕੱਤਰਤਾ ਦੇ ਸਰਬ-ਸੰਮਤ ਫੈਸਲੇ ਵਿੱਚ ਸ਼ਾਮਲ ਨ ਹੁੰਦੇ ਤਾਂ ਗਲ ਹੋਰ ਸੀ, ਹਾਂ ਜੇ ਉਨ੍ਹਾਂ ਦਾ ਆਪਣੇ ਹੀ ਸਾਂਝੇ ਤੇ ਸਰਬ-ਸੰਮਤੀ ਫੈਸਲੇ ਬਾਰੇ ਮਨ ਬਦਲ ਗਿਆ ਸੀ, ਤਾਂ ਉਹ ਧਾਰਮਿਕ ਸਲਾਹਕਾਰਾਂ ਦੀ ਇਕੱਤਰਤਾ ਸੱਦਦੇ, ਅਤੇ ਸਰਬ-ਸੰਮਤੀ ਨਾਲ ਹੋਇਆ ਫੈਸਲਾ ਬਦਲਵਾ ਲੈਂਦੇ, ਪਰ, ਮੈਂਬਰ ਸਾਹਿਬਾਨ ਵਿਰੁੱਧ, ਐਸਾ ਹੱਤਕ ਤਾਨਾਸ਼ਾਹੀ ਫੈਸਲਾ ਨ ਕਰਦੇ।
ਪਿਛੋਕੜ:- ਇਸ ਸਾਰੀ ਘਟਨਾ ਦਾ ਪਿਛੋਕੜ ਜੋ ਬਾਅਦ ਵਿੱਚ ਗਿਆਨੀ ਭਾਗ ਸਿੰਘ ਤੇ ਉਨ੍ਹਾਂ ਦੇ ਨਿਕਟ ਵਰਤੀਆਂ ਪਾਸੋਂ ਸੁਣਨ ਵਿੱਚ ਆਇਆ, ਉਹ ਸੰਖੇਪ ਵਿੱਚ ਇਸ ਪ੍ਰਕਾਰ ਸੀ:-
ਗਿਆਨੀ ਭਾਗ ਸਿੰਘ ਜੀ ਤੇ ਗਿਆਨੀ ਸੰਤ ਸਿੰਘ ਮਸਕੀਨ ਦੀ ਇੰਦੌਰ ਵਿਖੇ ਸਮਾਗਮ ਸਮੇਂ, ਮੁੱਠ ਭੇੜ ਹੋ ਗਈ, ਜਿਸ ਵਿੱਚ ਭਾਗ ਸਿੰਘ ਦਾ ਹੱਥ ਉੱਤੇ ਰਿਹਾ। ਮਸਕੀਨ ਜੀ ਨੇ ਇਸ ਦੀ ਸ਼ਿਕਾਇਤ, ਆਪਣੇ ਹਿਤੂ ਤੇ ਵੱਡੇ ਨਿਕਟਵਰਤੀ, ਗਿਆਨੀ ਚੇਤ ਸਿੰਘ ਹੈਡ ਗ੍ਰੰਥੀ "ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ" ਨੂੰ ਕੀਤੀ, ਜਿਨ੍ਹਾਂ ਦੀ ਗਿਆਨੀ ਸਾਧੂ ਸਿੰਘ ਭੌਰਾ, "ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ" ਨਾਲ ਡਾਢੀ ਸਮੀਪਤਾ ਸੀ। ਸੋ ਇਨ੍ਹਾਂ ਦੋਹਾਂ ਸਾਥੀਆਂ ਨੇ ਜਥੇਦਾਰ ਭੌਰਾ ਉੱਤੇ ਦਬਾਅ ਪਾਇਆ ਕਿ ਉਹ ਗਿਆਨੀ ਭਾਗ ਸਿੰਘ ਵਿਰੱਧ "ਹੁਕਮ-ਨਾਮਾਂ" ਜਾਰੀ ਕਰਨ। ਇਉ਼ ਇਹ ਭਾਣਾ ਵਰਤਿਆ।
(ਪ੍ਰਿੰਸੀਪਲ ਹਰਭਜਨ ਸਿੰਘ ਜੀ ਭਾਈ ਸਹਿਬ ,ਸਿੱਖ ਮਾਰਗ ਡਾਟ ਕਾਮ ਚੋਂ ਧੰਨਵਾਦ ਸਹਿਤ)
ਉਪਰੋਕਤ ਪੁਸਤਕ ਵਾਰੇ ਜਦੋ ਭਾਈ ਗੁਰਬਖਸ਼ ਸਿੰਘ ਕਾਲਾਅਫਗਾਨਾ ਨੂੰ ਜਾਣਕਾਰੀ ਹੋਈ ਤਾ , "ਸੁਨਿਆਰ ਦੀ ਠੱਕ ਠੱਕ ਲੁਹਾਰ ਦੀ ਇਕੋ ਸੱਟ" ਦੇ ਅਖਾਣ ਅਨੂੰਸਾਰ ਉਹਨਾਂ ਨੂੰ ਆਪਣੀ ਸਾਰੀ ਮੇਹਨਤ ਵੇਕਾਰ ਜਾਂਦੀ ਦਿਸੀ। ਉਹਨਾਂ ਨੇ ਜਥੇਦਾਰ ਕੇਵਲ ਸਿੰਘ ਜੀ ਦੇ ਲਿਖੇ ਬਚਨਾ , "ਗੁਰਬਾਣੀ ਨੂੰ ਕੱਸਵਟੀ ਵਜੋਂ ਮੰਨ ਕੇ ਸੱਚ ਅਤੇ ਕੱਚ ਦੀ ਪਛਾਣ ਕਰ ਲੈਣੀ ਚਾਹੀ ਦੀ ਹੈ ਕਿਉਕਿ ਸਾਡੇ ਕੋਲ ਸਿਰਮੌਰ ਕਸਵੱਟੀ ਗੁਰਬਾਣੀ ਦੇ ਰੂਪ ਵਿਚ ਹੀ ਪ੍ਰਾਪਤ ਹੈ" ਅਨੁਸਾਰ, " ਗੁਰ ਬਿਲਾਸ ਪਾਤਸ਼ਾਹੀ 6" ਨੂੰ ਗੁਰੂ ਗ੍ਰੰਥ ਜੀ ਦੀ ਹਜੁਰੀ ਵਿਚ ਲਿਆ ਹਾਜਰ ਕੀਤਾਂ ਅਤੇ ਉਸ ਦਾ ਉਹ ਹਸ਼ਰ ਕੀਤਾਂ ਜੋ ਕਦੇ ਭਰਾਈ, ‘ਲੋਗੜ’ ਦਾ ਕਰਿਆਂ ਕਰਦੇ ਸਨ। ਜਿਉ ਹੀ ਇਹ ਖਬਰਾਂ ਸਪੋਕਸਮੈਨ (ਚੰਡੀਗੜ੍ਹ) ਵਿਚ ਛਪੀਆ ਤਾਂ ਸ੍ਰੋਮਣੀ ਕਮੇਟੀ ਨੇ ਉਪਰੋਕਤ ਪੁਸਤਕ ਨੂੰ ਵਾਪਸ ਲੈ ਲਿਆ।
"ਜੇ ਕਾਲਾਫਗਾਨਾ ਇੱਕਲਾ ਹੀ ਸਾਡੀ ਪੁਸਤਕ ਵਾਪਸ ਕਰਵਾ ਸਕਦਾ ਹੈ ਤਾਂ ਅਸੀ ਸਾਰੇ ਜਾਣੇ ਰਲ ਕਿ , ਉਸ ਦੀਆ ਸਾਰੀਆ ਪੁਸਤਕਾ ਤੇ ਪਾਬੰਦੀ ਕਿਵੇ ਲਾਈਏ" ਇਹ ਹੈ ਸਾਡੇ ਸਤਿਕਾਰ ਯੋਗ ਗਿਆਨੀ ਜੋਗਿਦੰਰ ਸਿੰਘ ਵੇਦਾਂਤੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ "ਅੰਦਰੂਨੀ ਮਸਲਾ"
ਸੁਹਿਰਦ ਪਾਠਕਾ ਨੂੰ ਦਾਸ ਦੀ ਨਿਮਰਤਾ ਸਹਿਤ ਬੇਨਤੀ ਹੈ ਕਿ ਉਠੋ, ਜਾਗੋ ਅਤੇ ਆਪਣੀ ਜਿੰਮੇਵਾਰੀ ਨੂੰ ਪਛਾਣੋ ਤਾਂ ਜੋ ਆਪਾ ਇੱਕ ਹੋਰ ਸੱਚ ਨੂੰ ਸੂਲੀ ਤੇ ਚੜ੍ਹਨ ਤੋਂ ਬਚਾ ਸਕੀਏ।