ਅਕਾਲ ਤਖਤ ਸਾਹਿਬ ਦਾ ਸਿਰਜਣਾ ਦਿਵਸ
ਅਤੇ ਮੀਰੀ ਪੀਰੀ ਦਿਵਸ
ਇਤਿਹਾਸ ਨੂੰ ਕੌਣ ਵਿਗਾੜ ਰਿਹਾ ਹੈ?
ਸਰਵਜੀਤ ਸਿੰਘ ਸੈਕਰਾਮੈਂਟੋ
ਗੁਰੂ ਅਰਜਨ ਦੇਵ ਦੀ ਸ਼ਹੀਦੀ ਤੋਂ ਪਿਛੋਂ,
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੁਗਲੀਆਂ ਹਕੂਮਤ ਨੂੰ ਸਪੱਸ਼ਟ ਸੁਨੇਹਾ ਦੇਣ ਲਈ ਸ਼ਾਹੀ ਦਰਬਾਰ ਲਾਉਣ
ਦਾ ਫੈਸਲਾ ਕੀਤਾ। ਜਿਸ ਲਈ ਇਕ ਥੜੇ ਦੀ ਉਸਾਰੀ ਕਰਵਾਈ ਗਈ। ਇਸ ਥੜੇ ਦੀ ਨੀਂਹ, 18 ਹਾੜ, ਹਾੜ ਵਦੀ
5, ਸੰਮਤ 1663 ਬਿਕ੍ਰਮੀ (15 ਜੂਨ 1606 ਈ: ਜੂਲੀਅਨ) ਦਿਨ ਐਤਵਾਰ ਨੂੰ ਗੁਰੂ ਜੀ ਨੇ ਆਪ ਰੱਖੀ ਸੀ ਅਤੇ ਇਸ ਦੀ ਉਸਾਰੀ ਬਾਬਾ ਬੁੱਢਾ ਜੀ
ਅਤੇ ਭਾਈ ਗੁਰਦਾਸ ਜੀ ਨੇ ਕੀਤੀ ਸੀ। “ਕਿਸੀ ਰਾਜ ਨਹਿ ਹਾਥ ਲਗਾਯੋ, ਬੁਢਾ ਔਰ ਗੁਰਦਾਸ
ਬਨਾਯੋ”। ਗੁਰ
ਬਿਲਾਸ ਪਾਤਸ਼ਾਹੀ ਛੇਵੀਂ ਵਿੱਚ ਦਰਜ ਇਹ ਪੰਗਤੀ ਆਮ ਹੀ ਪੜ੍ਹਨ-ਸੁਨਣ ਨੂੰ ਮਿਲਦੀ ਹੈ। ਥੜੇ ਦੀ
ਉਚਾਈ ਦਿੱਲੀ ਦਰਬਾਰ ਦੇ ਰਾਜ ਸਿੰਘਾਸਣ ਤੋਂ ਵੱਧ ਰੱਖੀ ਗਈ ਸੀ। ਇਥੇ ਗੁਰੂ ਸਾਹਿਬ ਜੀ ਨੇ
ਬਿਰਾਜਮਾਨ ਹੋ ਕੇ ਦਰਬਾਰ ਲਾਇਆ ਅਤੇ ਸੰਗਤਾਂ ਨੂੰ ਹੁਕਮਨਾਮੇ ਭੇਜੇ ਕਿ ਚੰਗੇ ਹਥਿਆਰ, ਚੰਗੀ ਨਸਲ ਦੇ
ਘੋੜੇ ਅਤੇ ਨੌਜਵਾਨੀ ਦੀਆਂ ਭੇਟਾਵਾਂ ਪ੍ਰਵਾਨ
ਹੋਣਗੀਆਂ। ਇਹ ਹੁਕਮਨਾਮਾ ਮੌਕੇ ਦੀ ਹਕੂਮਤ ਲਈ ਸਿੱਧੀ ਵੰਗਾਰ ਸੀ। ਇਤਿਹਾਸ ਵਿੱਚ ਇਹ ਵੀ ਦਰਜ ਹੈ ਕਿ ਇਸੇ
ਥੜੇ ਉਪਰ ਸ਼ਾਹੀ ਦਰਬਾਰ ਸਜਾ ਕੇ, 6 ਸਾਵਣ, ਹਾੜ ਸੁਦੀ 10, ਸੰਮਤ 1663 ਬਿਕ੍ਰਮੀ (5 ਜੁਲਾਈ 1606 ਈ:
ਜੂਲੀਅਨ)
ਦਿਨ ਸ਼ਨਿਚਰਵਾਰ ਨੂੰ ਮੀਰੀ-ਪੀਰੀ ਦੀਆਂ ਪ੍ਰਤੀਕ, ਦੋ ਤਲਵਾਰਾਂ ਪਹਿਨੀਆਂ ਸਨ। ਅੱਜ ਇਨ੍ਹਾਂ ਦੋਵਾਂ
ਇਤਿਹਾਸਿਕ ਦਿਹਾੜੀਆਂ ਨੂੰ, ਅਕਾਲ ਤਖਤ
ਸਾਹਿਬ ਦਾ ਸਿਰਜਣਾ ਦਿਵਸ ਅਤੇ ਮੀਰੀ ਪੀਰੀ ਦਿਵਸ ਵੱਜੋਂ ਮਨਾਇਆ ਜਾਂਦਾ ਹੈ।
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ, ਸੰਮਤ 535 ਨਾਨਕਸ਼ਾਹੀ (2003-04 ਈ:) ਵਿੱਚ, ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ ਗਿਆ ਸੀ। ਇਸ ਕੈਲੰਡਰ ਦੀਆਂ ਹੋਰ ਕਈ ਤਕਨੀਕੀ ਵਿਸ਼ੇਸ਼ਤਾਈਆਂ ਦੇ ਨਾਲ-ਨਾਲ ਇਕ ਖਾਸ ਵਿਸ਼ੇਸ਼ਤਾਈ ਇਹ ਸੀ ਕਿ ਸਾਰੇ ਗੁਰਪੁਰਬ ਅਤੇ ਇਤਿਹਾਸਿਕ ਦਿਹਾੜੇ ਪ੍ਰਵਿਸ਼ਟਿਆਂ ਮੁਤਾਬਕ ਨਿਰਧਾਰਤ ਕਰ ਦਿੱਤੇ ਗਏ ਸਨ। ਜਿਸ ਮੁਤਾਬਕ ਅਕਾਲ ਤਖਤ ਸਾਹਿਬ ਦਾ ਸਿਰਜਣਾ ਦਿਵਸ 18 ਹਾੜ ਅਤੇ ਮੀਰੀ ਪੀਰੀ ਦਿਵਸ 6 ਸਾਵਣ ਦਾ ਦਰਜ ਸੀ। ਇਹ ਕੈਲੰਡਰ 6 ਸਾਲ ਲਾਗੂ ਰਿਹਾ। ਪਰ ਅਚਾਨਕ ਹੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ, ਇਕ ਸਿਆਸੀ ਧਿਰ ਦੀਆਂ ਸਿਆਸੀ ਲੋੜਾਂ ਨੂੰ ਮੁੱਖ ਰੱਖ ਕੇ, ਮੁੜ ਬਿਕ੍ਰਮੀ ਕੈਲੰਡਰ ਲਾਗੂ ਕਰ ਦਿੱਤਾ। ਜਿਸ ਦੇ ਮਹੀਨਿਆਂ ਦਾ ਆਰੰਭ ਭਾਵ ਸੰਗਰਾਂਦ, ਸੂਰਜ ਦੇ ਰਾਸ਼ੀ ਬਦਲੀ ਕਰਨ ਮੁਤਾਬਕ, ਸਾਲ ਦੀ ਲੰਬਾਈ, ਹਿੰਦੂ ਵਿਦਵਾਨਾਂ ਵੱਲੋਂ 1964 ਈ: ਵਿੱਚ ਕੀਤੀ ਗਈ ਸੋਧ ਮੁਤਾਬਕ (365.2563 ਦਿਨ), ਕੁਝ ਦਿਹਾੜੇ ਪ੍ਰਵਿਸ਼ਟਿਆਂ ਮੁਤਾਬਕ, ਜਿਵੇ ਵੈਸਾਖੀ 1 ਵੈਸਾਖ, ਸਿਰਜਣਾ ਦਿਵਸ ਅਕਾਲ ਤਖਤ ਸਾਹਿਬ 18 ਹਾੜ ਆਦਿ, ਕੁਝ ਦਿਹਾੜੇ ਵਦੀ-ਸੁਦੀ ਮੁਤਾਬਕ ਜਿਵੇ ਮੀਰੀ ਪੀਰੀ ਦਿਵਸ, ਹਾੜ ਸੁਦੀ 10, ਕਰ ਦਿੱਤੇ ਗਏ, ਪਰ ਸੰਗਤਾਂ ਨੂੰ ਭੁਲੇਖਾ ਪਾਉਣ ਲਈ, ਇਨ੍ਹਾਂ ਦਿਹਾੜਿਆਂ ਨੂੰ ਵੀ ਪ੍ਰਵਿਸ਼ਟਿਆਂ ਵਿੱਚ ਹੀ ਦਰਜ ਕੀਤਾ ਜਾਂਦਾ ਹੈ।
ਪਿਛਲੇ ਦੋ ਦਹਾਕਿਆਂ ਤੋਂ, ਕਈ ਸੱਜਣਾਂ ਵੱਲੋਂ ਇਹ ਗੁਮਰਾਹ ਕੁਨ ਪ੍ਰਚਾਰ
ਕੀਤਾ ਜਾ ਰਿਹਾ ਹੈ ਕਿ ਨਾਨਕਸ਼ਾਹੀ ਕੈਲੰਡਰ ਨੇ ਇਤਿਹਾਸ ਵਿਗਾੜ ਦਿੱਤਾ ਹੈ। ਜਦੋਂ ਕਿ ਦਲੀਲ ਨਾਲ
ਵਿਚਾਰ ਕਰਨ ਲਈ ਇਨ੍ਹਾਂ ਸੱਜਣਾਂ ਨੇ ਕਦੇ ਵੀ ਹੁੰਗਾਰਾ ਨਹੀਂ ਭਰਿਆ। ਸ਼੍ਰੋਮਣੀ ਕਮੇਟੀ ਵੱਲੋਂ
ਪਿਛਲੇ 8 ਸਾਲਾਂ ਦੇ ਛਾਪੇ ਗਏ ਕੈਲੰਡਰਾਂ ਅਤੇ ਆਉਣ ਵਾਲੇ ਦੋ ਸਾਲਾ ਵਿੱਚ ਛਾਪੇ ਜਾਣ ਵਾਲੇ
ਕੈਲੰਡਰਾਂ ਮੁਤਾਬਕ, ਅਕਾਲ ਤਖਤ ਸਾਹਿਬ ਦਾ ਸਿਰਜਣਾ ਦਿਹਾੜੇ ਦਾ ਪ੍ਰਵਿਸ਼ਟਾ 18 ਹਾੜ ਪ੍ਰਵਾਨ ਹੈ ਤਾਂ ਮੀਰੀ ਪੀਰੀ
ਦਿਹਾੜਾ 6 ਸਾਵਣ ਨੂੰ ਮਨਾਉਣ ਨਾਲ ਇਤਹਾਸ ਕਿਵੇਂ ਵਿਗੜ ਜਾਵੇਗਾ? ਜੇ ਇਹ ਦਿਹਾੜਾ ਹਾੜ ਸੁਦੀ 10
ਨੂੰ ਹੀ ਮਨਾਉਣਾ ਹੈ ਤਾਂ ਅਕਾਲ ਤਖਤ ਸਾਹਿਬ ਦਾ ਸਿਰਜਣਾ ਦਿਵਸ ਹਾੜ ਵਦੀ 5 ਨੂੰ ਕਿਉ ਨਹੀ? ਇਹ
ਦਿਹਾੜਾ ਹਰ ਸਾਲ 18 ਹਾੜ ਨੂੰ ਮਨਾਉਣ ਨਾਲ ਇਤਹਾਸ ਕਿਵੇਂ ਨਹੀਂ ਵਿਗੜਦਾ? ਹੁਣ ਇਥੇ ਇਤਿਹਾਸ ਨੂੰ
ਵਿਗਾੜਨ ਦਾ ਜਿੰਮੇਵਾਰ ਕੌਣ ਹੈ?
ਨਾਨਕਸ਼ਾਹੀ ਕੈਲੰਡਰ ਦੇ ਵਿਰੋਧੀ ਵੀ ਇਕ ਮੱਤ ਨਹੀਂ ਹਨ। ਇਕ ਦਾ ਮੱਤ ਹੈ ਕਿ
ਸਾਰੇ ਦਿਹਾੜੇ ਵਦੀ-ਸੁਦੀ ਮੁਤਾਬਕ ਮਨਾਏ ਜਾਣੇ ਚਾਹੀਦੇ ਹਨ। ਦੁਨਿਆਵੀ ਡਿਗਰੀਆਂ ਨਾਲ ਸ਼ਿੰਗਾਰੇ
ਹੋਏ ਇਕ ਇਤਿਹਾਸਕਾਰ ਦਾ ਮੱਤ ਸਾਰੇ ਦਿਹਾੜੇ ਜੂਲੀਅਨ ਕੈਲੰਡਰ ਦੀਆ ਤਾਰੀਖਾਂ ਮੁਤਾਬਕ ਮਨਾਉਣੇ
ਚਾਹੀਦੇ ਹਨ। ਇਕ ਹੋਰ ਸੱਜਣ ਸਾਰੀਆਂ ਤਾਰੀਖਾਂ ਨੂੰ ਗਰੈਗੋਰੀਅਨ ਕੈਲੰਡਰ ਦੀਆਂ ਤਾਰੀਖਾਂ ਵਿੱਚ
ਬਦਲੀ ਕਰਨ ਨੂੰ ਹੀ ਵਿਦਵਾਨੀ ਮੰਨੀ ਬੈਠਾ ਹੈ। ਪਰ ਉਸ ਨੇ ਕਦੇ ਇਸ ਸਵਾਲ ਦਾ ਜਵਾਬ ਨਹੀਂ
ਦਿੱਤਾ ਕਿ, 29 ਮਾਰਚ 1699 ਈ: (ਜੂਲੀਅਨ) ਮੁਤਾਬਕ ਹੁਣ ਵੈਸਾਖੀ ਕਿੰਨੀ ਤਾਰੀਖ ਨੂੰ
ਮਨਾਉਣੀ ਚਾਹੀਦੀ ਹੈ? ਜਿਹੜੇ ਇਹ ਰੋਲਾਂ ਪਾਉਂਦੇ ਹਨ ਕਿ ਜੇ ਇਹ ਦੋਵੇਂ ਦਿਹਾੜੇ 18 ਹਾੜ ਅਤੇ 6 ਸਾਵਣ ਨੂੰ ਮਨਾਉਂਦੇ
ਹਾਂ ਤਾਂ ਇਤਿਹਾਸ ਵਿਗੜ ਰਿਹਾ ਹੈ। ਹੁਣ ਉਹ, ਇਹ ਦਿਹਾੜੇ ਇਕ ਸਾਲ, 18 ਹਾੜ ਅਤੇ 23 ਸਾਵਣ, ਦੂਜੇ ਸਾਲ 18 ਹਾੜ ਅਤੇ 17 ਹਾੜ ਨੂੰ ਮਨਾਉਣ ਵੇਲੇ ਕਿਉ ਨਹੀਂ ਬੋਲੇ? ਕੀ ਹੁਣ
ਇਤਿਹਾਸ ਨਹੀਂ ਵਿਗੜਿਆ?
ਭਾਵੇ ਕਈ ਇਤਿਹਾਸਕ ਤਾਰੀਖਾਂ ਬਾਰੇ
ਮੱਤ-ਭੇਦ ਹੋ ਸਕਦੇ ਹਨ, ਪਰ ਵਿਚਾਰ ਅਧੀਨ ਉਪ੍ਰੋਕਤ ਦੋਵਾਂ ਤਾਰੀਖਾਂ ਬਾਰੇ ਕੋਈ ਮੱਤ ਭੇਦ ਨਹੀਂ
ਹੈ। ਵਦੀ-ਸੁਦੀ ਮੁਤਾਬਕ ਅਤੇ ਉਸੇ ਦਿਨ ਦੇ ਪ੍ਰਵਿਸ਼ਟਿਆਂ ਮੁਤਾਬਕ, ਅਕਾਲ ਤਖਤ ਸਾਹਿਬ ਦੀ ਸਿਰਜਣਾ
ਤੋਂ 19
ਦਿਨ ਪਿਛੋਂ ਮੀਰੀ ਪੀਰੀ ਦਿਹਾੜਾ ਆਉਂਦਾ ਹੈ। ਹੁਣ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਦੀਆਂ ਤਾਰੀਖਾਂ
ਵੇਖੋ। ਸੰਮਤ 546 ਨਾਨਕਸ਼ਾਹੀ ਵਿੱਚ ਇਹ ਫਰਕ 19
ਦਿਨ ਦਾ ਹੀ ਹੈ ਪਰ 547 ਸੰਮਤ ਵਿੱਚ ਇਹ ਫ਼ਰਕ 24 ਦਿਨਾਂ ਦਾ ਹੋ ਜਾਂਦਾ ਹੈ। ਸੰਮਤ 548 ਵਿੱਚ 13 ਦਿਨ ਅਤੇ 549 ਵਿਚ ਇਹ ਫਰਕ
ਸਿਰਫ ਇਕ ਦਿਨ ਦਾ ਰਹਿ ਜਾਂਦਾ ਹੈ। ਹੈਰਾਨੀ ਤਾਂ ਪਿਛਲੇ ਸਾਲ ਦਾ ਕੈਲੰਡਰ ( ਸੰਮਤ 552) ਵੇਖ
ਕੇ ਹੋਈ, ਜਦੋਂ ਮੀਰੀ ਪੀਰੀ ਦਾ ਦਿਹਾੜਾ 17 ਹਾੜ, ਭਾਵ ਅਕਾਲ ਤਖਤ ਸਾਹਿਬ ਦੀ ਸਿਰਜਣਾ 18 ਹਾੜ
ਤੋਂ ਇਕ ਦਿਨ ਪਹਿਲਾ ਹੀ ਆ ਗਿਆ। ਨਾਨਕਸ਼ਾਹੀ ਕੈਲੰਡਰ ਦੇ ਕਿਸੇ ਵਿਰੋਧੀ ਨੇ ਇਹ ਨਹੀਂ ਕਿਹਾ
ਕਿ ਸ਼੍ਰੋਮਣੀ ਕਮੇਟੀ ਨੇ ਇਤਿਹਾਸ ਵਿਗਾੜ ਦਿੱਤਾ ਹੈ। ਇਹ ਕਿਵੇਂ ਮੰਨ ਲਿਆ ਜਾਵੇ ਕਿ ਉਨ੍ਹਾਂ ਨੂੰ
ਇਸ ਦੀ ਜਾਣਕਾਰੀ ਨਹੀਂ ਹੋਵੇਗੀ? ਜੇ ਉਨ੍ਹਾਂ ਨੇ ਅੱਖੀਂ ਵੇਖ ਕੇ ਮੱਖੀ ਨਿਗਲ ਲਈ ਹੈ ਤਾਂ ਉਨ੍ਹਾਂ
ਨੂੰ ਇਮਾਨਦਾਰ ਕਿਵੇਂ ਮੰਨਿਆ ਜਾ ਸਕਦਾ ਹੈ? ਹੁਣ ਸਵਾਲ ਪੈਦਾ ਹੁੰਦਾ ਹੈ ਕਿ, ਸੰਮਤ 555
ਵਿੱਚ (2023-24 ਈ:) ਜਦੋਂ ਮੀਰੀ ਪੀਰੀ ਦਿਹਾੜਾ 14 ਹਾੜ ਨੂੰ, ਅਕਾਲ ਤਖਤ ਸਾਹਿਬ ਦੀ ਸਿਰਜਣਾ
ਦਿਵਸ (18 ਹਾੜ ) ਤੋਂ 4 ਦਿਨ ਪਹਿਲਾ ਆਵੇਗਾ ਤਾਂ ਉਸ ਸਾਲ ਇਤਿਹਾਸ ਨੂੰ ਵਿਗਾੜਨ ਦੀ ਜਿੰਮੇਵਾਰੀ,
ਇਨ੍ਹਾਂ ਵਿਦਵਾਨਾਂ, ਸੰਤ ਸਮਾਜ ਜਾਂ ਸ਼੍ਰੋਮਣੀ ਕਮੇਟੀ ਵਿੱਚੋਂ ਕੌਣ ਚੁੱਕੇਗਾ?